ਮੁੱਖ ਮੰਤਰੀ ਵੱਲੋਂ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਦੀ ਸ਼ੁਰੂਆਤ

0
1

ਚੰਡੀਗੜ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਨੂੰ ਆਈ ਪੀ ਐੱਲ ਦੀ ਤਰਜ਼ ‘ਤੇ ਟਵੰਟੀ-20 ਲੀਗ ਮਿਲਣ ਜਾ ਰਹੀ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ‘ਸ਼ੇਰ-ਏ-ਪੰਜਾਬ ਟਵੰਟੀ-20 ਲੀਗ’ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਵਿੱਚ ਛੇ ਫ਼੍ਰੈਂਚਾਇਜ਼ੀ ਟੀਮਾਂ ਸ਼ਾਮਲ ਹਨ। ਇਨ੍ਹਾਂ ਟੀਮਾਂ ਵਿੱਚ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਰਮਨਦੀਪ ਸਿੰਘ ਅਤੇ ਗੁਰਨੂਰ ਬਰਾੜ ਸਮੇਤ ਪੰਜਾਬ ਦੇ ਸਟਾਰ ਕ੍ਰਿਕਟਰ ਖੇਡਣਗੇ। ਇਹ ਲੀਗ 30 ਅਗਸਤ ਤੋਂ 13 ਸਤੰਬਰ ਤੱਕ ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ ਸੀ ਏ) ਸਟੇਡੀਅਮ ਵਿੱਚ ਖੇਡੀ ਜਾਵੇਗੀ। 9 ਅਗਸਤ ਨੂੰ ਹੋਣ ਵਾਲੀ ਨਿਲਾਮੀ ਵਿੱਚ ਪੰਜਾਬ ਦੇ 450 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ, ਜਿਸ ਨਾਲ ਉਭਰਦੀ ਪ੍ਰਤਿਭਾ ਨੂੰ ਸਥਾਪਤ ਖਿਡਾਰੀਆਂ ਨਾਲ ਖੇਡਣ ਦਾ ਇੱਕ ਵੱਡਾ ਮੌਕਾ ਤੇ ਮੰਚ ਮਿਲੇਗਾ। ਇਸ ਮੌਕੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਪ੍ਰਤਿਭਾਸ਼ਾਲੀ ਖਿਡਾਰੀ ਦਿੱਤੇ ਹਨ ਅਤੇ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਖੇਤਰ ਵਿੱਚ ਸੂਬੇ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾ ਖੇਡਾਂ ਨੂੰ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਦੱਸਿਆ। ਇਸ ਲੀਗ ਨੂੰ “ਪੰਜਾਬ ਦਾ ਆਪਣਾ ਆਈ ਪੀ ਐੱਲ” ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ—ਅੱਜ ਇੱਥੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਤੈਅ ਹੋਇਆ ਕਿ ਇਸ ਲੀਗ ਵਿੱਚ ਛੇ ਫ਼੍ਰੈਂਚਾਇਜ਼ੀ ਟੀਮਾਂ ਹੋਣਗੀਆਂ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਫ਼ਾਜ਼ਿਲਕਾ ਫ਼ਾਲਕਨਜ਼ ਦੀ ਨੁਮਾਇੰਦਗੀ ਕਰਨਗੇ, ਅਰਸ਼ਦੀਪ ਸਿੰਘ ਲੁਧਿਆਣਾ ਲਾਇਨਜ਼ ਲਈ, ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਸੂਰਮਾਜ਼ ਲਈ, ਪ੍ਰਭਸਿਮਰਨ ਸਿੰਘ ਜਲੰਧਰ ਵਾਰੀਅਰਜ਼ ਲਈ, ਰਮਨਦੀਪ ਸਿੰਘ ਮੁਹਾਲੀ ਕਿੰਗਜ਼ ਲਈ ਅਤੇ ਗੁਰਨੂਰ ਬਰਾੜ ਬਠਿੰਡਾ ਰਾਇਲਜ਼ ਲਈ ਖੇਡਣਗੇ। ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਇਹ ਖਿਡਾਰੀ ਟੂਰਨਾਮੈਂਟ ਦੀ ਸ਼ਾਨ ਵਧਾਉਣਗੇ। ਮੁੱਖ ਮੰਤਰੀ ਨੇ ਕਿਹਾ—ਪੰਜਾਬ ਇਸ ਵੇਲੇ ਭਾਰਤੀ ਕ੍ਰਿਕਟ ਟੀਮ ਦੀ ਰੀੜ੍ਹ ਦੀ ਹੱਡੀ ਹੈ, ਜਿਸ ਦੇ 21 ਖਿਡਾਰੀ ਆਈ ਪੀ ਐੱਲ ਵਿੱਚ ਖੇਡ ਰਹੇ ਹਨ। ਇਹ ਸਾਰੇ ਖਿਡਾਰੀ ਹੁਣ ਪੰਜਾਬ ਦੀ ਆਪਣੀ ਲੀਗ ਦੀ ਖਿੱਚ ਦਾ ਕੇਂਦਰ ਹੋਣਗੇ। ਪੰਜਾਬ ਕ੍ਰਿਕਟ ਲੀਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਪੰਜਾਬ ਦੇ ਹੀ ਹੋਣਗੇ ।9 ਅਗਸਤ ਨੂੰ ਹੋਣ ਵਾਲੀ ਨਿਲਾਮੀ ਵਿੱਚ ਹਿੱਸਾ ਲੈਣ ਖਿਡਾਰੀਆਂ ਵਿੱਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸ਼ਵਨੀ ਕੁਮਾਰ ਅਤੇ ਕ੍ਰਿਸ਼ ਭਗਤ ਵਰਗੇ ਪ੍ਰਮੁੱਖ ਖਿਡਾਰੀ ਸ਼ਾਮਲ ਹਨ। ਇਹ ਲੀਗ ਰਾਊਂਡ-ਰੋਬਿਨ ਆਧਾਰ ‘ਤੇ ਖੇਡੀ ਜਾਵੇਗੀ, ਜਿਸ ਵਿੱਚ ਹਰੇਕ ਟੀਮ ਅੱਠ ਲੀਗ ਮੈਚ ਖੇਡੇਗੀ।” ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ ਸੂਬੇ ਭਰ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਖੇਡ ਮੁਕਾਬਲੇ ਹਰ ਸਾਲ ਸਫ਼ਲਤਾਪੂਰਵਕ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ 3,100 ਤੋਂ ਵੱਧ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ। ਪੰਜਾਬ ਅਕਤੂਬਰ-ਨਵੰਬਰ ਵਿੱਚ ਪਹਿਲੀ ਵਾਰ ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ’ ਦੀ ਮੇਜ਼ਬਾਨੀ ਕਰੇਗਾ। ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਸਕੱਤਰ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੀਤ ਪ੍ਰਧਾਨ ਦੀਪਕ ਬਾਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਨਮਾਨ ਵਜੋਂ ਲੀਗ ਦੇ ਲੋਗੋ ਵਾਲੀ ਟੀ-ਸ਼ਰਟ ਭੇਟ ਕੀਤੀ । ਭਾਰਤੀ ਟੀਮ ਦੇ ਖਿਡਾਰੀ ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਨੇ ਵੀ ਮੁੱਖ ਮੰਤਰੀ ਨੂੰ ਸਤਿਕਾਰ ਵਜੋਂ ਬੱਲਾ ਅਤੇ ਗੇਂਦ ਭੇਟ ਕੀਤੀ।