ਇਕਲੌਤੀ ਧੀ ਦੀ ਕੈਨੇਡਾ ‘ਚ ਭੇਦਭਰੇ ਹਾਲਾਤ ‘ਚ ਮੌਤ

0
8

ਮੰਡੀ ਅਹਿਮਦਗੜ੍ਹ : ਇੱਥੋਂ ਦੇ ਸੰਜੀਵ ਕੁਮਾਰ ਜਿੰਦਲ ਦੇ ਪਰਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਨੂੰ ਆਪਣੀ ਇਕਲੌਤੀ ਧੀ ਪ੍ਰਤਿਭਾ ਗੁਪਤਾ ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਅਚਾਨਕ ਅਤੇ ਭੇਦਭਰੇ ਹਾਲਾਤ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਲਾਸ਼ ਉਸ ਦੇ ਕਿਰਾਏ ਦੇ ਘਰ ਦੀਆਂ ਪੌੜੀਆਂ ਕੋਲ ਪਈ ਮਿਲੀ ਸੀ ਅਤੇ ਉਸ ਦੇ ਸਰੀਰ ‘ਤੇ ਬਾਹਰੋਂ ਕਿਸੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਘਟਨਾ ਦੇ ਮੌਕੇ ਮਕਾਨ ਮਾਲਕ ਖ਼ੁਦ ਅਮਰੀਕਾ ਗਿਆ ਹੋਇਆ ਸੀ। ਜਦੋਂ ਮਾਪਿਆਂ ਵੱਲੋਂ ਪ੍ਰਤਿਭਾ ਨੂੰ ਕੀਤੇ ਗਏ ਕਈ ਫ਼ੋਨਾਂ ਦਾ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੇ ਉਸ ਦੀ ਕੰਪਨੀ ਦੇ ਮਾਲਕ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਕੰਪਨੀ ਮਾਲਕ ਨੇ ਇਸ ਮਾਮਲੇ ਵਿੱਚ ਕੈਨੇਡਾ ਪੁਲਸ ਤੋਂ ਮਦਦ ਮੰਗੀ। ਹਾਲਾਂਕਿ ਕੈਨੇਡਾ ਪੁਲਸ ਅਜੇ ਤੱਕ ਕਿਸੇ ਪੱਕੇ ਨਤੀਜੇ ‘ਤੇ ਨਹੀਂ ਪਹੁੰਚ ਸਕੀ ਹੈ, ਪਰ ਪੀੜਤ ਪਰਵਾਰ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਤੋਂ ਪ੍ਰਤਿਭਾ ਦੇ ਰੋਜ਼ਾਨਾ ਦੇ ਰੁਟੀਨ ਅਤੇ ਹੋਰ ਜ਼ਰੂਰੀ ਗੱਲਾਂ ਬਾਰੇ ਜਾਣਕਾਰੀ ਲਈ ਹੈ। ਸ਼ਨਿੱਚਰਵਾਰ ਸਵੇਰ ਜਦੋਂ ਪ੍ਰਤਿਭਾ ਦੀ ਆਪਣੇ ਮਾਤਾ-ਪਿਤਾ ਨਾਲ ਗੱਲ ਹੋਈ ਸੀ, ਉਦੋਂ ਉਹ ਬਹੁਤ ਖੁਸ਼ ਸੀ, ਪਰ ਸ਼ਾਮ ਵੇਲੇ ਉਸ ਦਾ ਕੋਈ ਜਵਾਬ ਨਹੀਂ ਆਇਆ। 29 ਸਾਲਾ ਪ੍ਰਤਿਭਾ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਈ ਸੀ ਅਤੇ ਇਸ ਸਮੇਂ ਉਹ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਹੀ ਸੀ। ਪ੍ਰਤਿਭਾ ਦੀ ਮਾਤਾ ਇੰਦੂ ਜਿੰਦਲ ਬੀਤੇ ਸਾਲ ਇਨ੍ਹਾਂ ਦਿਨਾਂ ਵਿੱਚ ਚਾਰ ਮਹੀਨੇ ਲਈ ਆਪਣੀ ਲਾਡਲੀ ਧੀ ਕੋਲ ਰਹਿ ਕੇ ਆਈ ਸੀ। ਇਸ ਵਾਰ ਵੀ ਦੋਵੇਂ ਮਾਪੇ ਜੁਲਾਈ ਵਿੱਚ ਉਸ ਦਾ ਜਨਮ ਦਿਨ ਮਨਾਉਣ ਲਈ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਲੂਅ ਦਾ ਅਲਰਟ
ਚੰਡੀਗੜ੍ਹ : ਪੰਜਾਬ ਦਾ ਤਾਪਮਾਨ ਆਮ ਨਾਲੋਂ 4.9 ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਗਿਆਨ ਕੇਂਦਰ ਨੇ 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਹੀਟਵੇਵ, ਵਾਰਮ ਨਾਈਟ, ਬਿਜਲੀ ਗੱਜਣ ਅਤੇ ਤੇਜ਼ ਹਵਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 12 ਜ਼ਿਲ੍ਹਿਆਂ ਵਿੱਚ ਹੀਟਵੇਵ ਦੇ ਅਲਰਟ ਜਾਰੀ ਕੀਤੇ ਗਏ ਹਨ ਅਤੇ 7 ਜ਼ਿਲ੍ਹਿਆਂ ਵਿੱਚ ਗਰਮ ਰਾਤ ਦੇ ਅਲਰਟ ਜਾਰੀ ਕੀਤੇ ਗਏ ਹਨ।