ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਗਰਿੱਡਾਂ ‘ਤੇ ਪੁਲਸ ਲਾਉਣ ਦੀ ਮੰਗ

0
12

ਤਰਨ ਤਾਰਨ : ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਅਧਾਰਤ ਬਣੇ ਸਾਂਝੇ ਥੜੇ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ. 24), ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ (ਸੰਬੰਧਤ ਏਟਕ) ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਨਾਲ ਸੰਬੰਧਤ ਸੂਬਾ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰ, ਦਵਿੰਦਰ ਸਿੰਘ ਪਿਸੋਰ, ਰਾਧੇਸ਼ਿਆਮ, ਕੌਰ ਸਿੰਘ ਸੋਹੀ, ਬਲਜੀਤ ਸਿੰਘ ਮੋਦਲਾ, ਜਸਵੀਰ ਸਿੰਘ ਆਂਡਲੂ, ਰਣਜੀਤ ਸਿੰਘ ਢਿੱਲੋਂ, ਬਾਬਾ ਅਮਰਜੀਤ ਸਿੰਘ, ਦਲੀਪ ਕੁਮਾਰ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ ਆਦਿ ਨੇ ਮੁੱਖ ਮੰਤਰੀ ਪੰਜਾਬ, ਬਿਜਲੀ ਮੰਤਰੀ ਅਤੇ ਅਦਾਰੇ ਦੇ ਸੀ ਐੱਮ ਡੀ ਕੋਲੋਂ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਤਾਪਮਾਨ ਦੇ ਵਧ ਜਾਣ ਕਰਕੇ ਬਿਜਲੀ ਦੀ ਖਪਤ ਵਿੱਚ ਹੋਏ ਬੇਤਹਾਸ਼ਾ ਵਾਧੇ ਕਾਰਨ ਦਿਨ ਅਤੇ ਰਾਤ ਦੇ ਸਮੇਂ ਲੱਗ ਰਹੇ ਵੱਡੇ ਬਿਜਲੀ ਕੱਟਾਂ ਦਾ ਵਿਰੋਧ ਕਰਨ ਲਈ ਗਰਿੱਡਾਂ ਦੇ ਨੇੜਲੇ ਇਲਾਕਿਆਂ ਨਾਲ ਸੰਬੰਧਤ ਖਪਤਕਾਰਾਂ ਵੱਲੋਂ ਭੀੜ ਦੇ ਰੂਪ ਵਿੱਚ ਇਕੱਤਰ ਹੋ ਕੇ ਗਰਿੱਡਾਂ ਵਿੱਚ ਤਾਇਨਾਤ ਰਾਤ ਦੇ ਸਮੇਂ ਇਕੋ-ਇਕੋ ਕਰਮਚਾਰੀ ਨਾਲ ਦੁਰਵਿਹਾਰ ਕਰਦੇ ਹੋਏ ਮਹਿਕਮੇ ਦੇ ਆਦੇਸ਼ਾਂ ‘ਤੇ ਬੰਦ ਕੀਤੀ ਬਿਜਲੀ ਸਪਲਾਈ ਨੂੰ ਜ਼ਬਰਦਸਤੀ ਚਾਲੂ ਕਰਨ ਅਤੇ ਗੁੱਸੇ ਵਿੱਚ ਭੜਕੀ ਭੀੜ ਦੀ ਅਗਵਾਈ ਕਰਨ ਵਾਲੇ ਕੁੱਝ ਲੋਕਾਂ ਵੱਲੋਂ ਕੀਮਤੀ ਸਾਜ਼ੋ-ਸਾਮਾਨ ਦੀ ਕੀਤੀ ਜਾ ਰਹੀ ਭੰਨ-ਤੋੜ ਦੀਆਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ‘ਤੇ ਕਾਬੂ ਪਾਉਣ ਅਤੇ ਗਰਿੱਡਾਂ ‘ਤੇ ਤਾਇਨਾਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਦੇ ਹੋਏ ਬਿਜਲੀ ਘਰਾਂ ਵਿੱਚ ਰਾਤ ਦੇ ਵਕਤ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਤੇ ਕਰਮਚਾਰੀ ਬੇਖੌਫ਼ ਹੋ ਕੇ ਆਪਣੀ ਡਿਊਟੀ ਨਿਭਾਅ ਸਕਣ।
ਆਗੂਆਂ ਨੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਬਿਜਲੀ ਘਰਾਂ ਵਿੱਚ ਡਿਊਟੀ ਕਰਨ ਵਾਲੇ ਕਰਮਚਾਰੀਆਂ ਨਾਲ ਹੈਲਪਰ ਲਗਾਉਣ ਲਈ ਸਟਾਫ ਪੂਰਾ ਕੀਤਾ ਜਾਵੇ ਕਿਉਂਕਿ ਬਿਜਲੀ ਘਰਾਂ ਦੀਆਂ ਮਨਜ਼ੂਰ 7778 ਅਸਾਮੀਆਂ ਵਿਚੋਂ 4630 ਅਸਾਮੀਆਂ ਖਾਲੀ ਹੋਣ ਕਰਕੇ ਸਿਰਫ 3148 ਕਰਮਚਾਰੀ ਡਿਊਟੀ ਨਿਭਾਅ ਰਹੇ ਹੋਣ ਕਰਕੇ ਕਰਮਚਾਰੀਆਂ ਨੂੰ ਰਾਤ ਸਮੇਂ ਹੈਲਪਰ ਤੋਂ ਬਗੈਰ ਬਹੁਤ ਰਿਸਕ ਭਰੀ ਡਿਊਟੀ ਮੁਸ਼ਕਲ ਹਾਲਤਾਂ ਵਿੱਚ ਜਿੱਥੇ ਇਕੱਲਿਆਂ ਨਿਭਾਉਣੀ ਪੈਂਦੀ ਹੈ ਉਥੇ ਬੰਦ ਬਿਜਲੀ ਸਪਲਾਈ ਤੋਂ ਭੜਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਪਰ ਸਰਕਾਰ ਅਤੇ ਅਦਾਰੇ ਦੀ ਮੈਨੇਜਮੈਂਟ ਸਾਰੇ ਮਾਹੌਲ ਤੋਂ ਬੇਖਬਰ ਕੋਈ ਵੀ ਲੋੜੀਂਦੇ ਕਦਮ ਨਹੀਂ ਉਠਾ ਰਹੀ।ਆਗੂਆਂ ਵੱਲੋਂ ਮੈਨੇਜਮੈਂਟ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਗਰਿੱਡਾਂ ‘ਤੇ ਤਾਇਨਾਤ ਕਿਸੇ ਕਰਮਚਾਰੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।