ਇਮਾਰਤ ਨੂੰ ਅੱਗ ਲੱਗਣ ਨਾਲ 9 ਜੀਅ ਸੜ ਕੇ ਮਰੇ

0
17

ਨਵੀਂ ਦਿੱਲੀ : ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਵਿੱਚ ਐਤਵਾਰ ਤੜਕਸਾਰ ਇੱਕ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨੇ ਕਹਿਰ ਮਚਾ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਇਮਾਰਤ ਵਿੱਚ ਰਹਿ ਰਹੇ ਲੋਕਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਵਿਵੇਕ ਵਿਹਾਰ ਫੇਜ਼-1 ਦੀ ਇਮਾਰਤ ਨੰਬਰ 2-13 ਦੀ ਦੂਜੀ, ਤੀਜੀ ਅਤੇ ਚੌਥੀ ਮੰਜ਼ਲ ਨੂੰ ਪੂਰੀ ਤਰ੍ਹਾਂ ਅੱਗ ਨੇ ਲਪੇਟ ਵਿੱਚ ਲੈ ਲਿਆ। ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਬਚਾਅ ਕਾਰਜਾਂ ਦੌਰਾਨ ਪੁਲਸ ਅਤੇ ਫਾਇਰ ਸਰਵਿਸ ਨੇ 12 ਤੋਂ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। 9 ਲੋਕਾਂ ਦੀਆਂ ਝੁਲਸੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਮਮਦਾਨੀ ਨੇ ਸਿੱਖ ਅਫਸਰਾਂ ਨਾਲ ਮਨਾਈ ਵਿਸਾਖੀ
ਨਿਊਯਾਰਕ : ਅਮਰੀਕਾ ਵਿੱਚ ਸਿੱਖ ਭਾਈਚਾਰੇ ਪ੍ਰਤੀ ਇੱਕ ਵਾਰ ਫਿਰ ਸਤਿਕਾਰ ਪ੍ਰਗਟ ਕਰਦਿਆਂ ਨਿਊ ਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਆਫੀਸਰਜ਼ ਐਸੋਸੀਏਸ਼ਨ ਦੇ ਨਾਲ ਖੜ੍ਹੇ ਹੋਏ। ਉਨ੍ਹਾ ਕਿਹਾ, ‘ਮੈਂ ਉਨ੍ਹਾਂ ਸਿੱਖ ਅਫਸਰਾਂ ਅੱਗੇ ਨਿਮਰ ਹਾਂ, ਜੋ ਇਨ੍ਹਾਂ ਕਦਰਾਂ-ਕੀਮਤਾਂ ਨੂੰ ਰੋਜ਼ਾਨਾ ਸਾਡੀਆਂ ਸੜਕਾਂ ‘ਤੇ ਲੈ ਕੇ ਜਾਂਦੇ ਹਨ। ਨਿਰਭਉ ਨਿਰਵੈਰ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਨਫ਼ਰਤ ਦੇ। ਸਾਰਿਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ।’ ਕਿੰਗ ਚਾਰਲਸ ਦੀ ਹਾਲ ਹੀ ਦੀ ਅਮਰੀਕਾ ਫੇਰੀ ਦੌਰਾਨ ਮਮਦਾਨੀ ਨੇ ਯੂ ਕੇ ਤੋਂ ਅਨਮੋਲ ਕੋਹਿਨੂਰ ਹੀਰਾ ਵਾਪਸ ਕਰਨ ਦੀ ਮੰਗ ਕੀਤੀ ਸੀ। ਮੁਗਲਾਂ, ਫਾਰਸੀਆਂ ਅਤੇ ਅਫਗਾਨਾਂ ਦੇ ਹੱਥਾਂ ਵਿੱਚੋਂ ਲੰਘਦਾ ਹੋਇਆ ਇਹ ਪੱਥਰ 1849 ਵਿੱਚ ਦਲੀਪ ਸਿੰਘ ਵੱਲੋਂ ਹਸਤਾਖਰ ਕੀਤੇ ਗਏ ਇੱਕ ਸਮਝੌਤੇ ਤੋਂ ਬਾਅਦ ਬ੍ਰਿਟਿਸ਼ ਨੂੰ ਸੌਂਪ ਦਿੱਤਾ ਗਿਆ ਸੀ। 2023 ਦੀ ਇੱਕ ਪੋਸਟ ਵਿੱਚ ਮਮਦਾਨੀ ਨੇ ਲਿਖਿਆ ਸੀ, ‘ਸਾਡੇ ਸਿੱਖ ਭਰਾ ਅਤੇ ਭੈਣਾਂ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ।’ 25 ਅਪਰੈਲ ਨੂੰ ਉਨ੍ਹਾ ਆਪਣੇ ਸਮਰਥਕਾਂ ਨਾਲ ਮੈਨਹਟਨ ਵਿੱਚ ਸਿੱਖ ਵਿਰਾਸਤ ਅਤੇ ਸੱਭਿਆਚਾਰ ਦਾ ਜਸ਼ਨ ਮਨਾਉਂਦੇ ਹੋਏ ਮਾਰਚ ਕੱਢਿਆ ਸੀ।