ਪੰਜਾਬ ਪੁਲਸ ਸੰਦੀਪ ਪਾਠਕ ਦੇ ਪਿੱਛੇ ਲੱਗੀ

0
1

ਚੰਡੀਗੜ੍ਹ : ਹਾਲ ਹੀ ਵਿੱਚ ‘ਆਪ’ ਛੱਡ ਕੇ ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲਸ ਨੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦੋ ਐੱਫ ਆਈ ਆਰ ਦਰਜ ਕੀਤੀਆਂ ਹਨ। ਸਰਕਾਰੀ ਸੂਤਰਾਂ ਅਨੁਸਾਰ ਪਾਠਕ ਦੀ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ, ਜਦੋਂ ਪੰਜਾਬ ਦੀ ਸਿਆਸਤ ਵਿੱਚ ਦਲ-ਬਦਲੀ ਨੂੰ ਲੈ ਕੇ ਭਾਰੀ ਹੰਗਾਮਾ ਚੱਲ ਰਿਹਾ ਹੈ।
ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸੰਦੀਪ ਪਾਠਕ ਵਿਰੁੱਧ ਇਹ ਮਾਮਲੇ ਦੋ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਦਰਜ ਕੀਤੇ ਗਏ ਹਨ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਪਾਠਕ ਵਿਰੁੱਧ ਦਰਜ ਕੀਤੇ ਗਏ ਅਪਰਾਧ ਗੈਰ-ਜ਼ਮਾਨਤੀ ਹਨ। ਔਰਤਾਂ ਨਾਲ ਬਦਸਲੂਕੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਸੰਬੰਧ ਵਿੱਚ ਇਹ ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। ਪੰਜਾਬ ਪੁਲਸ ਦੀ ਇੱਕ ਟੀਮ ਨਵੀਂ ਦਿੱਲੀ ਸਥਿਤ ਸੰਦੀਪ ਪਾਠਕ ਦੇ ਘਰ ਵੀ ਪਹੁੰਚੀ ਹੈ, ਪਰ ਉਹ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਘਰੋਂ ਨਿਕਲ ਗਿਆ। ਸੰਦੀਪ ਪਾਠਕ ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ਦੇ ਬਾਠਾ ਪਿੰਡ ਦਾ ਰਹਿਣ ਵਾਲਾ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ‘ਆਪ’ ਵਰਕਰਾਂ ਨੇ ਹਾਲ ਹੀ ਵਿੱਚ ਉਸ ਦੇ ਜੱਦੀ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਵਿਰੋਧ ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਕੰਧਾਂ ‘ਤੇ ਅਪਮਾਨਜਨਕ ਟਿੱਪਣੀਆਂ ਲਿਖ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਉਸ ਨੂੰ ਗਦਾਰ ਤੱਕ ਕਿਹਾ। ਪ੍ਰਦਰਸ਼ਨਕਾਰੀਆਂ ਨੇ ਸੰਦੀਪ ਪਾਠਕ ‘ਤੇ ਮੌਕਾਪ੍ਰਸਤੀ ਅਤੇ ਵਿਸ਼ਵਾਸਘਾਤ ਦਾ ਇਲਜ਼ਾਮ ਲਗਾਇਆ।
ਜ਼ਿਕਰਯੋਗ ਹੈ ਕਿ ਸੰਦੀਪ ਪਾਠਕ ਸਣੇ ਆਮ ਆਦਮੀ ਪਾਰਟੀ ਦੇ ਛੇ ਰਾਜ ਸਭਾ ਮੈਂਬਰਾਂ ਨੇ ਹਾਲ ਹੀ ਵਿੱਚ ਬਗ਼ਾਵਤ ਕਰਦਿਆਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ। ਇਸ ਪੂਰੇ ਗਰੁੱਪ ਨੇ ਆਪਣਾ ਰਲੇਵਾਂ ਭਾਜਪਾ ਵਿੱਚ ਕਰ ਲਿਆ ਸੀ, ਜਿਸ ਨਾਲ ‘ਆਪ’ ਨੂੰ ਵੱਡਾ ਸਿਆਸੀ ਝਟਕਾ ਲੱਗਾ ਸਮਝਿਆ ਜਾਂਦਾ ਹੈ।