ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਐਤਵਾਰ ਸਵੇਰੇ ਅਚਾਨਕ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ। ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਨੇਰੀ ਅਤੇ ਝੱਖੜ ਚੱਲਿਆ ਅਤੇ ਮੀਂਹ ਨੇ ਦਸਤਕ ਦਿੱਤੀ। ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿੱਤੀ ਤੇ ਪੰਜਾਬ ਵਿੱਚ ਰਾਤ ਸਮੇਂ ਦੇ ਤਾਪਮਾਨ ਵਿੱਚ ਪੰਜ ਤੋਂ ਛੇ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਐਤਵਾਰ ਤੜਕੇ ਮੀਂਹ ਤੇ ਹਨੇਰੀ ਆਈ ਤੇ ਇਸ ਦੌਰਾਨ ਸਵੇਰੇ 7.30 ਵਜੇ ਤੱਕ ਵੀ ਹਨੇਰਾ ਛਾਇਆ ਰਿਹਾ। ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉਥੇ ਨਰਮੇ ਦੀ ਬਜਾਈ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਕਿਉਂਕਿ ਜਿਨ੍ਹਾਂ ਕਿਸਾਨਾਂ ਵੱਲੋਂ ਨਰਮੇ ਦੀ ਬਜਾਈ ਕਰ ਦਿੱਤੀ ਗਈ ਹੈ, ਉਨ੍ਹਾਂ ਨੂੰ ਨਰਮਾ ਕਰੰਡ ਹੋਣ ਦਾ ਖਦਸ਼ਾ ਜਤਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਸਵੇਰੇ 8:30 ਵਜੇ ਤੱਕ ਚੰਡੀਗੜ੍ਹ ‘ਚ 19.7 ਐੱਮ ਐੱਮ, ਅੰਮ੍ਰਿਤਸਰ ‘ਚ 2.2 ਐੱਮ ਐਮ, ਲੁਧਿਆਣਾ ‘ਚ 24.6 ਐੱਮ ਐੱਮ, ਨਵਾਂ ਸ਼ਹਿਰ ‘ਚ 2.1 ਐੱਮ ਐੱਮ, ਫਿਰੋਜ਼ਪੁਰ ‘ਚ 2.5 ਐੱਮ ਐੱਮ, ਮੁਹਾਲੀ ਵਿੱਚ 19 ਐੱਮ ਐੱਮ, ਰੂਪਨਗਰ ‘ਚ ਡੇਢ ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਜਲੰਧਰ, ਪਟਿਆਲਾ, ਪਠਾਨਕੋਟ, ਫਰੀਦਕੋਟ, ਸੰਗਰੂਰ, ਬਰਨਾਲਾ ਅਤੇ ਬਠਿੰਡਾ ਇਲਾਕੇ ਵਿੱਚ ਵੀ ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ ਪੰਜਾਬ ‘ਚ 4 ਅਤੇ 5 ਮਈ ਨੂੰ ਵੀ ਭਾਰੀ ਮੀਂਹ, ਹਨੇਰੀ ਅਤੇ ਗੜੇਮਾਰੀ ਦੀ ਚਿਤਾਵਨੀ ਦਿੱਤੀ ਹੈ। ਮੌਸਮ ਮਹਿਕਮੇ ਨੇ 5 ਮਈ ਤੱਕ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਕਣੀਆਂ ਡਿੱਗਣ ਦੀ ਪੇਸ਼ੀਨਗੋਈ ਕੀਤੀ ਹੈ।



