ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਵਾਸੀਆਂ ਅਤੇ ਦੇਸ਼-ਵਿਦੇਸ਼ ਵਸਦੇ ਸਮੂਹ ਪੰਜਾਬੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅੰਦਰ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਹਰ ਵੰਨਗੀ ਦੀਆਂ ਫੁੱਟ-ਪਾਊ, ਫ਼ਿਰਕੂ ਕੋਸ਼ਿਸ਼ਾਂ ਨਾਕਾਮ ਕਰਨ ਲਈ ਲੋਕਾਂ ਨੂੰ ਇੱਕਜੁੱਟ ਕਰਦੇ ਹੋਏ ਆਪਣੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ ਲੋਕ ਸੰਘਰਸ਼ ’ਚ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ’ਚ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਮੀਟਿੰਗ ’ਚ ਲਏ ਫੈਸਲਿਆਂ ਬਾਰੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 30, 31 ਅਕਤੂਬਰ ਅਤੇ 1 ਨਵੰਬਰ ਨੂੰ ਹੋ ਰਿਹਾ 31ਵਾਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਕਿਉਂਕਿ ਸਾਮਰਾਜਵਾਦ ਅਤੇ ਫ਼ਿਰਕੂ ਫਾਸ਼ੀ ਹੱਲੇ ਵਿਰੁੱਧ ਜੂਝਦੀਆਂ ਲੋਕ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਤ ਕੀਤਾ ਗਿਆ ਹੈ, ਹੁਣ ਜਦੋਂ ਪੰਜਾਬ ਦੇ ਲੋਕਾਂ ਵਿੱਚ ਵੰਡੀਆਂ ਪਾਉਣ ਅਤੇ ਫ਼ਿਰਕੂ ਅੱਗ ਦੀਆਂ ਤੀਲ੍ਹੀਆਂ ਸੁੱਟਣ ਲਈ ਕੋਝੇ ਯਤਨ ਕੀਤੇ ਜਾ ਰਹੇ ਹਨ, ਇਸ ਕਰਕੇ ਅਕਤੂਬਰ ਮਹੀਨਾ ਮੇਲਾ ਤਿਆਰੀ ਮੁਹਿੰਮ ਇਸ ਮੁੱਦੇ ਉਪਰ ਕੇਂਦਰਤ ਕੀਤੀ ਜਾਏਗੀ। ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਨੂੰ ਇਸ ਮੁਹਿੰਮ ’ਚ ਭਰਵਾਂ ਸਾਥ ਦੇਣ ਦੀ ਅਪੀਲ ਕੀਤੀ। ਕਮੇਟੀ ਨੇ ਸੱਦਾ ਦਿੱਤਾ ਹੈ ਕਿ ਗ਼ਦਰ ਪਾਰਟੀ, ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਅਤੇ ਨੌਜਵਾਨ ਭਾਰਤ ਸਭਾ ਲਹਿਰਾਂ ਦੀ ਸਾਂਝੀ ਅਮੀਰ ਇਤਿਹਾਸਕ ਸੱਭਿਆਚਾਰਕ ਵਿਰਾਸਤ ਨੂੰ ਬੁਲੰਦ ਕਰਦਿਆਂ ਲੋਕਾਂ ਨੂੰ ਧਰਮ, ਫ਼ਿਰਕੇ, ਬੋਲੀ, ਰੰਗ, ਨਸਲ, ਇਲਾਕੇ ਆਦਿ ਦੇ ਨਾਂਅ ’ਤੇ ਆਪੋ ਵਿੱਚ ਲੜਾਉਣ ਦੇ ਮਨਸ਼ੇ ਨਾਕਾਮ ਕਰਨ ਅਤੇ ਸਾਂਝੀਵਾਲਤਾ, ਜਮਹੂਰੀਅਤ, ਧਰਮ-ਨਿਰਪੱਖਤਾ ਦੀ ਰੌਸ਼ਨ ਮਸ਼ਾਲ ਜਗਦੀ ਰੱਖਣ ਲਈ ਅੱਗੇ ਆਉਣ।
ਕਮੇਟੀ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਮਜ਼ਦੂਰਾਂ, ਕਿਸਾਨਾਂ, ਬੇਰੁਜ਼ਗਾਰਾਂ, ਮੁਲਾਜ਼ਮਾਂ, ਛੋਟੇ ਦੁਕਾਨਦਾਰਾਂ, ਰੋਜ਼ਮਰ੍ਹਾ ਦੀ ਰੋਟੀ-ਰੋਜ਼ੀ ਜੋਗੇ ਧੰਦਿਆਂ ਨਾਲ ਜੁੜੇ ਸਮੂਹ ਕਮਾਊ ਲੋਕ ਮਹਿੰਗਾਈ, ਕਰਜ਼ੇ, ਗਰੀਬੀ, ਖੁਦਕੁਸ਼ੀਆਂ, ਸਿੱਖਿਆ, ਸਿਹਤ, ਬਿਜਲੀ, ਪਾਣੀ ਆਦਿ ਦੇ ਢੇਰਾਂ ਮੁੱਦਿਆਂ ਦੇ ਪਹਾੜਾਂ ਹੇਠ ਦੱਬੇ ਹੋਏ ਹਨ, ਇਸ ਬੋਝ ਤੋਂ ਮੁਕਤੀ ਪਾਉਣਾ ਸਭ ਦੀ ਲੋੜ ਹੈ, ਇਹ ਮੁਕਤੀ ਪਾਟਕ-ਪਾਊ ਹੱਥ ਕੰਡਿਆਂ ਦੇ ਇਰਾਦਿਆਂ ਨੂੰ ਸਮਝ ਕੇ ਅਤੇ ਆਪਣੀ ਜੋਟੀ ਮਜ਼ਬੂਤ ਕਰਕੇ ਹੀ ਪਾਈ ਜਾ ਸਕਦੀ ਹੈ।