ਤਹਿਰਾਨ : ਸੰਸਾਰ ਦੇ ਸਭ ਤੋਂ ਅਹਿਮ ਸਮੁੰਦਰੀ ਮਾਰਗ ਹਾਰਮੁਜ਼ ਜਲਡਮਰੂ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਦੇ ਖ਼ਤਰੇ ਵਿੱਚ ਪੈਣ ਕਾਰਨ ਤਣਾਅ ਬੇਹੱਦ ਵਧ ਗਿਆ ਹੈ। ਅਮਰੀਕੀ ਫ਼ੌਜ ਨੇ ਸੋਮਵਾਰ ਨੂੰ ਇਸ ਰਸਤੇ ਰਾਹੀਂ ਫਸੇ ਹੋਏ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਈਰਾਨੀ ਡਰੋਨ ਵੱਲੋਂ ਸੰਯੁਕਤ ਅਰਬ ਅਮੀਰਾਤ ਦੀ ਇਕ ਤੇਲ ਸਹੂਲਤ ‘ਤੇ ਕੀਤੇ ਗਏ ਹਮਲੇ ਵਿੱਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ ਹਨ। ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਐਡਮਿਰਲ ਬ੍ਰੈਡ ਕੂਪਰ ਨੇ ਦੱਸਿਆ ਕਿ ਈਰਾਨ ਨੇ ਸੋਮਵਾਰ ਨੂੰ ਹਾਰਮੁਜ਼ ਦੇ ਇਲਾਕੇ ਵਿੱਚ ਹਮਲਾਵਰ ਰੁਖ਼ ਅਪਣਾਇਆ, ਜਿਸ ਤੋਂ ਬਾਅਦ ਅਮਰੀਕੀ ਹੈਲੀਕਾਪਟਰਾਂ ਨੇ ਈਰਾਨ ਦੀਆਂ ਛੇ ਛੋਟੀਆਂ ਕਿਸ਼ਤੀਆਂ ਨੂੰ ਡੋਬ ਦਿੱਤਾ, ਜੋ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਕੂਪਰ ਅਨੁਸਾਰ ਈਰਾਨ ਨੇ ਕਈ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਦੀ ਕੋਸ਼ਿਸ਼ ਕੀਤੀ ਸੀ, ਪਰ ਅਮਰੀਕੀ ਸੁਰੱਖਿਆ ਛੱਤਰੀ ਨੇ ਇਨ੍ਹਾਂ ਸਾਰੇ ਖ਼ਤਰਿਆਂ ਨੂੰ ਨਾਕਾਮ ਕਰ ਦਿੱਤਾ।




