ਭਾਜਪਾ ਦਾ ਵਿਜੇ ਰੱਥ ਪੰਜਾਬ ਦੇ ਲੋਕ ਰੋਕਣਗੇ : ਕੇਜਰੀਵਾਲ

0
9

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਦਿੱਲੀ ਆਏ ਪਾਰਟੀ ਵਿਧਾਇਕਾਂ ਨਾਲ ਕਪੂਰਥਲਾ ਹਾਊਸ ਵਿਖੇ ਸੰਵਾਦ ਕੀਤਾ। ਉਨ੍ਹਾ ਕਿਹਾ ਕਿ ਚਾਰ ਸਾਲ ਬਾਅਦ ਵੀ ਪੰਜਾਬ ਵਿੱਚ ਸਰਕਾਰ ਪੱਖੀ ਲਹਿਰ ਹੈ। ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਲੋਕ ਬੇਹੱਦ ਖੁਸ਼ ਹਨ ਅਤੇ ਮੁੜ ਸਰਕਾਰ ਬਣਾਉਣ ਲਈ ਕਾਹਲੇ ਹਨ। ਉਨ੍ਹਾ ਕਿਹਾ ਕਿ ਪਹਿਲਾਂ ਵੀ ਅਸ਼ਵਮੇਧ ਯੱਗ ਦਾ ਘੋੜਾ ਪੰਜਾਬ ਵਿੱਚ ਰੋਕਿਆ ਗਿਆ ਸੀ ਅਤੇ ਹੁਣ ਵੀ ਭਾਜਪਾ ਦਾ ਵਿਜੇ ਰੱਥ ਪੰਜਾਬ ਦੇ ਲੋਕ ਹੀ ਰੋਕਣਗੇ। ਭਾਜਪਾ ਨੇ ਪੰਜਾਬ ਦੇ ਛੇ ਰਾਜ ਸਭਾ ਮੈਂਬਰ ਚੋਰੀ ਕੀਤੇ ਹਨ, ਜਿਸ ਦਾ ਬਦਲਾ ਪੰਜਾਬ ਦੇ ਲੋਕ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੈਣਗੇ।ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਕਪੂਰਥਲਾ ਹਾਊਸ ਪਹੁੰਚੇ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੇ ਨੂੰ 4 ਸਾਲ ਹੋ ਗਏ ਹਨ। ਹੁਣ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 10 ਮਹੀਨੇ ਬਾਕੀ ਰਹਿ ਗਏ ਹਨ। ਚੋਣਾਂ ਦੇ ਆਖ਼ਰੀ ਸਾਲ ਵਿੱਚ ਅਜਿਹੀਆਂ ਬਹੁਤ ਘੱਟ ਸਰਕਾਰਾਂ ਹੁੰਦੀਆਂ ਹਨ ਕਿ ਉਸ ਸੂਬੇ ਦੇ ਲੋਕ ਆਪਣੀ ਸਰਕਾਰ ਦੀਆਂ ਤਾਰੀਫ਼ਾਂ ਕਰ ਰਹੇ ਹੋਣ। ਕਿਹਾ ਜਾਂਦਾ ਹੈ ਕਿ ਚਾਰ ਸਾਲ ਬਾਅਦ ਸੱਤਾ ਵਿਰੋਧੀ ਲਹਿਰ ਬਹੁਤ ਜ਼ਿਆਦਾ ਹੋ ਜਾਂਦੀ ਹੈ, ਪਰ 4 ਸਾਲ ਬਾਅਦ ਅੱਜ ਪੰਜਾਬ ਦੇ ਹਰ ਪਿੰਡ ਅਤੇ ਮੁਹੱਲੇ ਵਿੱਚ ਐਂਟੀ-ਇੰਕਮਬੈਂਸੀ ਨਹੀਂ, ਸਗੋਂ ਸਰਕਾਰ ਪੱਖੀ ਲਹਿਰ ਹੈ। ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਦਿਲੋਂ ਪੰਜਾਬ ਸਰਕਾਰ ਦੀ ਤਾਰੀਫ਼ ਕਰ ਰਹੇ ਹਨ।