ਪਟਿਆਲਾ : ਮੰਗਲਵਾਰ ਇੱਥੇ ਪੰਜਾਬ ਏਟਕ ਅਤੇ ਪ ਸ ਸ ਫ 1680, 22-ਬੀ ਦੇ ਸੱਦੇ ‘ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਰੋਸ ਭਰਪੂਰ ਰੈਲੀ ਅਤੇ ਮਾਰਚ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਪ ਸ ਸ ਫ ਦੇ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਪਹਿਲੀ ਮਈ ਨੂੰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਇੱਕ ਰੋਜ਼ਾ ਅਜਲਾਸ ਸੱਦ ਕੇ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਪਹਿਲੀ ਮਈ ਨੂੰ ਪੰਜਾਬ ਦੇ ਮੁਲਾਜ਼ਮÎਾਂ, ਮਜ਼ਦੂਰਾਂ ਦੀਆਂ ਉਹ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਵਿਧਾਨ ਸਭਾ ਵਿੱਚ ਕੀਤਾ ਜਾਵੇਗਾ ਅਤੇ ਪੰਜਾਬ ਦੇ ਸਨਅਤੀ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ 14 ਸਾਲ ਬਾਅਦ ਕੀਤਾ ਜਾਣ ਵਾਲਾ ਵਾਧਾ ਵੀ ਲੋੜ ਅਨੁਸਾਰ ਪੂਰਾ ਕੀਤਾ ਜਾਵੇਗਾ। ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਅਜਲਾਸ ਦੇ ਵਿੱਚ ਮੁਲਾਜ਼ਮ-ਮਜ਼ਦੂਰ ਯੂਨੀਅਨਾਂ ਦੇ ਆਗੂਆਂ ਨੂੰ ਵੀ ਸੱਦਿਆ ਗਿਆ ਹੈ। ਅਜਿਹਾ ਸੁਨੇਹਾ ਮਿਲਿਆ ਵੀ, ਪਰ 30 ਅਪ੍ਰੈਲ ਦੀ ਰਾਤ ਨੂੰ ਹੀ ਸਰਕਾਰ ਨੇ ਮਨ ਬਦਲ ਲਿਆ ਕਿ ਅਜਲਾਸ ਵਿੱਚ ਆਗੂ ਨਾ ਆਉਣ ਅਤੇ ਪਹਿਲੀ ਮਈ ਨੂੰ 9 ਵਜੇ ਮੀਟਿੰਗ ਲੇਬਰ ਭਵਨ ਮੁਹਾਲੀ ਵਿਖੇ ਸਿਰਫ ਮਿਨੀਮਮ ਵੇਜ ਐਡਵਾਇਜ਼ਰੀ ਬੋਰਡ ਦੇ ਮੈਂਬਰਜ਼ ਆਗੂ ਹੀ ਸੱਦੇ ਗਏ, ਜਿਨ੍ਹਾਂ ਦੀ ਮੀਟਿੰਗ ਲੇਬਰ ਮਨਿਸਟਰੀ ਨਾਲ ਕਰਵਾਈ ਗਈ। ਇਸ ਮੀਟਿੰਗ ਵਿੱਚ ਪੰਜਾਬ ਏਟਕ ਵਲੋਂ ਨਿਰਮਲ ਸਿੰਘ ਧਾਲੀਵਾਲ ਸ਼ਾਮਲ ਹੋਏ। ਜਿੱਥੇ ਘੱਟੋ-ਘੱਟ ਉਜਰਤਾਂ ਵਿੱਚ ਵਾਧੇ ਬਾਰੇ ਚਰਚਾ ਕੀਤੀ ਗਈ। ਏਟਕ ਵੱਲੋਂ 26000 ਰੁਪਏ ਘੱਟੋ-ਘੱਟ ਉਜਰਤ ਐਲਾਨ ਕਰਨ ‘ਤੇ ਜ਼ੋਰ ਦਿੱਤਾ ਗਿਆ, ਪਰ ਸਰਕਾਰ ਨੇ ਜੋ ਐਲਾਨ ਕੀਤਾ, ਉਹ ਸਿਰਫ 13500 ਰੁਪਏ ਪ੍ਰਤੀ ਮਹੀਨਾ ਦਾ ਕੀਤਾ ਜਦ ਕਿ ਹਰਿਆਣਾ ਵੱਲੋਂ 15220 ਰੁਪਏ ਘੱਟੋ-ਘੱਟ ਉਜਰਤ ਕੀਤੀ ਗਈ ਹੈ। ਏਟਕ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਨਿਗੁਣਾ ਵਾਧਾ ਰੱਦ ਕੀਤਾ ਗਿਆ ਸੀ ਅਤੇ ਸੱਦਾ ਦਿੱਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਮੁਤਾਬਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ। ਕੱਚੇ ਕਾਮੇ ਪੱਕੇ ਕਰਨ ਦਾ ਐਲਾਨ ਨਹੀਂ ਕੀਤਾ, ਪੇ ਕਮਿਸ਼ਨ ਦੇ ਬਕਾਏ ਅਤੇ ਡੀ ਏ ਦੀਆਂ ਕਿਸ਼ਤਾਂ ਦੇਣ ਬਾਰੇ ਚੁੱਪ ਵੱਟ ਲਈ, ਚਾਰੇ ਲੇਬਰ ਕੋਡ ਪੰਜਾਬ ਵਿੱਚ ਲਾਗੂ ਨਾ ਕਰਨ ਬਾਰੇ ਵੀ ਚੁੱਪ ਵੱਟ ਲਈ। ਸਰਕਾਰ ਦੇ ਮੁਲਾਜ਼ਮ—ਮਜ਼ਦੂਰ ਵਿਰੋਧੀ ਰਵੱਈਏ ਕਾਰਨ ਪੰਜਾਬ ਦੇ ਮੁਲਾਜ਼ਮਾਂ-ਮਜ਼ਦੂਰਾਂ ਵਿੱਚ ਜ਼ਬਰਦਸਤ ਰੋਸ ਪੈਦਾ ਹੋਇਆ, ਜਿਸ ਕਰਕੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਤਹਿਸੀਲ ਹੈੱਡਕੁਆਟਰਾਂ ਤੇ ਅਨੇਕਾਂ ਥਾਵਾਂ ‘ਤੇ ਅਰਥੀ ਫੂਕ ਰੋਸ ਮੁਜ਼ਾਹਰੇ ਕੀਤੇ ਗਏ।
ਪਟਿਆਲਾ ਵਿਖੇ ਰੋਸ ਮੁਜ਼ਾਹਰੇ ਨੂੰ ਨਿਰਮਲ ਸਿੰਘ ਧਾਲੀਵਾਲ ਅਤੇ ਦਰਸ਼ਨ ਸਿੰਘ ਲੁਬਾਣਾ ਤੋਂ ਇਲਾਵਾ ਉਤਮ ਸਿੰਘ ਬਾਗੜੀ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ ਨੇ ਸੰਬੋਧਨ ਕੀਤਾ ਅਤੇ ਸੁਖਦੇਵ ਰਾਮ ਸੁੱਖੀ ਨੇ ਸਟੇਜ ਦੀ ਕਾਰਵਾਈ ਚਲਾਈ।
ਅੰਮ੍ਰਿਤਸਰ (ਮਨੋਜ ਕੁਮਾਰ) : ਪੰਜਾਬ ਸਰਕਾਰ ਵੱਲੋਂ ਸਨਅਤੀ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਵਿੱਚ ਕੇਵਲ 15 ਫੀਸਦੀ ਵਾਧਾ ਕਰਨ ਦੇ ਵਿਰੋਧ ਵਿੱਚ ਏਟਕ ਪੰਜਾਬ ਸਟੇਟ ਕਮੇਟੀ ਦੇ ਸੱਦੇ ‘ਤੇ ਅੰਮ੍ਰਿਤਸਰ ਦੇ ਢਪਈ ਰੋਡ ਏਰੀਆ ‘ਚ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ।
ਮੀਟਿੰਗ ਨੂੰ ਅਮਰਜੀਤ ਸਿੰਘ ਆਸਲ, ਦਸਵਿੰਦਰ ਕੌਰ, ਬ੍ਰਹਮਦੇਵ ਸ਼ਰਮਾ, ਮੋਹਨ ਲਾਲ ਅਤੇ ਜਸਬੀਰ ਸਿੰਘ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਸਨਅਤੀ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ 14 ਸਾਲਾਂ ਦੇ ਅਰਸੇ ਬਾਅਦ ਕੇਵਲ 15 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਅਨੁਸਾਰ ਪ੍ਰਤੀ ਮਹੀਨਾ ਗੈਰ-ਹੁਨਰਮੰਦ ਮਜ਼ਦੂਰ ਦੀ ਤਨਖਾਹ 13486 ਰੁਪਏ, ਅਰਧ-ਹੁਨਰਮੰਦ ਮਜ਼ਦੂਰ ਦੀ ਤਨਖਾਹ 14,383 ਰੁਪਏ, ਹੁਨਰਮੰਦ ਮਜ਼ਦੂਰ ਦੀ ਤਨਖਾਹ 15414 ਰੁਪਏ ਅਤੇ ਉÎੱਚ ਹੁਨਰਮੰਦ ਮਜ਼ਦੂਰ ਦੀ ਤਨਖਾਹ 16601 ਰੁਪਏ ਕੀਤੀ ਗਈ ਹੈ, ਜਦੋਂ ਕਿ ਇਹਨਾਂ 14 ਸਾਲਾਂ ਦੇ ਸਮੇਂ ਦੌਰਾਨ ਵਧੀ ਮਹਿੰਗਾਈ ਦੇ ਮੁਕਾਬਲੇ ਤਨਖਾਹਾਂ ਦਾ ਇਹ ਵਾਧਾ ਬਹੁਤ ਘੱਟ ਹੈ। ਪੰਜਾਬ ਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਗੈਰ-ਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26000 ਰੁਪਏ ਮਹੀਨਾ ਕੀਤੀ ਜਾਵੇ ਅਤੇ ਇਸੇ ਅਨੁਪਾਤ ਨਾਲ ਉਪਰਲੀਆਂ ਕੈਟਾਗਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਮਿੱਲ ਮਾਲਕਾਂ ਦੀ ਲਾਬੀ ਦੀ ਮਿਲੀਭੁਗਤ ਨਾਲ ਇਸ ਬਹੁਤ ਹੀ ਘੱਟ ਕੀਤੇ ਵਾਧੇ ਨਾਲ ਮਜ਼ਦੂਰਾਂ ਵਿੱਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਟੇਟ ਕਮੇਟੀ ਏਟਕ ਵੱਲੋਂ 19 ਮਈ ਨੂੰ ਲੇਬਰ ਭਵਨ ਮੁਹਾਲੀ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਅੰਮ੍ਰਿਤਸਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਮਜ਼ਦੂਰ ਸ਼ਾਮਿਲ ਹੋਣਗੇ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਤਨਖਾਹਾਂ ਦੇ ਵਾਧੇ ਦੇ ਅੰਦੋਲਨ ਨੂੰ ਪੰਜਾਬ ਭਰ ਵਿੱਚ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਕਿ ਗੈਰ-ਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26000 ਰੁਪਏ ਮਹੀਨਾ ਕੀਤੀ ਜਾਵੇ ਅਤੇ ਉਪਰਲੀਆਂ ਕੈਟਾਗਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇ।




