ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਰਾਜਾਂ ਵਿੱਚ ਬਦਲਾਅ ਲਈ ਵੱਡਾ ਫਤਵਾ ਦੇਖਣ ਨੂੰ ਮਿਲਿਆ, ਜਦੋਂ ਕਿ ਇੱਕ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਦਾ ਫੈਸਲਾ ਆਇਆ। ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿੱਚ ਵੱਡੇ ਸਿਆਸੀ ਉਲਟਫੇਰ ਦੇਖਣ ਨੂੰ ਮਿਲੇ ਹਨ, ਜਿੱਥੇ ਪਹਿਲੇ ਵਿੱਚ ਭਾਜਪਾ ਪਹਿਲੀ ਵਾਰ ਸੱਤਾ ਵਿੱਚ ਆਉਣ ‘ਚ ਕਾਮਯਾਬ ਹੋਈ ਹੈ, ਦੂਜੇ ਵਿੱਚ ਅਦਾਕਾਰ ਵਿਜੇ ਦੀ ਅਗਵਾਈ ਵਾਲੀ ਤਮਿਲਾਗਾ ਵੇਤਰੀ ਕੜਗਮ (ਟੀ ਵੀ ਕੇ), ਦ੍ਰਾਵਿੜ ਮੁਨੇਤਰ ਕੜਗਮ (ਡੀ ਐੱਮ ਕੇ) ਨੂੰ ਸੱਤਾ ਤੋਂ ਲਾਂਭੇ ਕਰਨ ਲਈ ਤਿਆਰ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲਾ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ ਡੀ ਐੱਫ) ਲੈਫਟ ਡੈਮੋਕ੍ਰੇਟਿਕ ਫਰੰਟ (ਐੱਲ ਡੀ ਐੱਫ) ਨੂੰ ਭਾਰੀ ਵੋਟਾਂ ਨਾਲ ਹਰਾ ਕੇ ਸੱਤਾ ਵਿੱਚ ਵਾਪਸੀ ਕਰੇਗਾ। ਅਸਾਮ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਅਤੇ ਪੁੱਡੂਚੇਰੀ ਵਿੱਚ ਐੱਨ ਡੀ ਏ ਗੱਠਜੋੜ ਦੀ ਜਿੱਤ ਦੀ ਉਮੀਦ ਪਹਿਲਾਂ ਹੀ ਸੀ ਅਤੇ ਸੱਤਾਧਾਰੀਆਂ ਨੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।
ਭਾਜਪਾ ਲਈ, ਪ੍ਰਮੁੱਖ ਰਾਜਾਂ ਵਿੱਚ ਪੱਛਮੀ ਬੰਗਾਲ ਇੱਕ ਅੰਤਮ ਮੋਰਚਾ ਰਿਹਾ ਹੈ, ਜਿੱਥੇ ਇਸ ਨੇ ਦੋ-ਤਿਹਾਈ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਪਾਰਟੀ 2011 ਵਿੱਚ ਸੂਬੇ ਦੇ ਚੋਣ ਦ੍ਰਿਸ਼ ਵਿੱਚ ਕਿਤੇ ਵੀ ਨਹੀਂ ਸੀ, ਪਰ ਉਦੋਂ ਤੋਂ ਇਸ ਨੇ ਆਪਣੀ ਸਥਿਤੀ ਵਿੱਚ ਲਗਾਤਾਰ ਸੁਧਾਰ ਕੀਤਾ। ਇਸ ਨੇ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਵੱਲ ਖਿੱਚਿਆ, ਕੇਂਦਰ ਵਿੱਚ ਆਪਣੀ ਤਾਕਤ ਦੀ ਖੁੱਲ੍ਹੀ ਵਰਤੋਂ ਕੀਤੀ ਅਤੇ ਸਮਾਜੀ ਇੰਜੀਨੀਅਰਿੰਗ ਨੂੰ ਇੱਕ ਸਿਆਸੀ ਰਣਨੀਤੀ ਵਜੋਂ ਸਫਲਤਾਪੂਰਵਕ ਵਰਤਿਆ। ਧਰੁਵੀਕਰਨ ਵਾਲੇ ਬਿਰਤਾਂਤ ਵੀ ਇਸ ਰਣਨੀਤੀ ਦਾ ਹਿੱਸਾ ਰਹੇ ਹਨ, ਜਿਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਰਵਾਇਤੀ ਮੁਸਲਿਮ ਵੋਟ ਬੈਂਕ ਦੇ ਮੁਕਾਬਲੇ ਵਜੋਂ ਪੇਸ਼ ਕੀਤਾ ਗਿਆ। ਭਾਜਪਾ ਨੂੰ ਟੀ ਐੱਮ ਸੀ ਨੂੰ ਹਿੰਦੂ-ਵਿਰੋਧੀ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਹਮਾਇਤੀ ਵਜੋਂ ਪੇਸ਼ ਕਰਨ ਦਾ ਫਾਇਦਾ ਮਿਲਿਆ। ਇਸ ਦੀ ਮੁਹਿੰਮ ਮੁੱਖ ਤੌਰ ‘ਤੇ ਗੈਰ-ਕਾਨੂੰਨੀ ਪ੍ਰਵਾਸ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਔਰਤਾਂ ਦੀ ਸੁਰੱਖਿਆ ਦੀ ਘਾਟ ਵਰਗੇ ਮੁੱਦਿਆਂ ‘ਤੇ ਕੇਂਦਰਤ ਸੀ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ ਆਈ ਆਰ) ਨੇ ਵੀ ਟੀ ਐੱਮ ਸੀ ਦੇ ਅੰਕੜਿਆਂ ਨੂੰ ਪ੍ਰਭਾਵਤ ਕੀਤਾ, ਕਿਉਂਕਿ ਲੱਖਾਂ ਦੀ ਗਿਣਤੀ ‘ਚ ਵੋਟਰ ਛਾਂਗ ਦਿੱਤੇ ਗਏ ਸਨ। ਹਾਲਾਂਕਿ, ਇਨ੍ਹਾਂ ਵਿੱਚੋਂ ਕੋਈ ਵੀ ਕਾਰਕ ਟੀ ਐੱਮ ਸੀ ਨੂੰ ਪ੍ਰਭਾਵਤ ਨਹੀਂ ਕਰ ਸਕਦਾ ਸੀ, ਜੇ ਤਿੰਨ ਵਾਰ ਰਾਜ ਕਰਨ ਵਾਲੀ ਇਸ ਪਾਰਟੀ ਵਿਰੁੱਧ ਲੋਕਾਂ ਵਿੱਚ ਸਖਤ ਨਾਰਾਜ਼ਗੀ ਨਾ ਹੁੰਦੀ। ਨੌਜਵਾਨਾਂ ਵਿੱਚ ਮੌਕਿਆਂ ਦੀ ਘਾਟ ਬਾਰੇ ਚਿੰਤਾਵਾਂ ਸਪੱਸ਼ਟ ਦਿਖਾਈ ਦੇ ਰਹੀਆਂ ਸਨ। ਔਰਤਾਂ ਵਿੱਚ ਮਮਤਾ ਬੈਨਰਜੀ ਦਾ ਸਮਰਥਨ ਘਟਦਾ ਨਜ਼ਰ ਆ ਰਿਹਾ ਸੀ। ਭਵਾਨੀਪੁਰ ਵਿੱਚ ਉਸ ਦੀ ਆਪਣੀ ਹਾਰ ਵੋਟਰਾਂ ਦੇ ਮੂਡ ਵਿੱਚ ਆਏ ਸਮੂਹਕ ਬਦਲਾਅ ਨੂੰ ਦਰਸਾਉਂਦੀ ਹੈ।
ਤਾਮਿਲਨਾਡੂ ਨੇ ਚੋਣ ਇਤਿਹਾਸ ਸਿਰਜਿਆ ਹੈ, ਜਿੱਥੇ ਐੱਮ ਕੇ ਸਟਾਲਿਨ ਦੀ ਅਗਵਾਈ ਵਾਲੀ ਡੀ ਐੱਮ ਕੇ ਦੋ ਸਾਲ ਪਹਿਲਾਂ ਬਣੀ ਇੱਕ ਪਾਰਟੀ ਤੋਂ ਬੁਰੀ ਤਰ੍ਹਾਂ ਹਾਰ ਗਈ, ਜਿਸ ਬਾਰੇ ਮੰਨਿਆ ਜਾਂਦਾ ਸੀ ਕਿ ਉਹ ਸਿਰਫ ਮਾਮੂਲੀ ਪ੍ਰਭਾਵ ਹੀ ਪਾ ਸਕੇਗੀ। ਇਹ ਹੈਰਾਨੀਜਨਕ ਹਾਰ ਦਰਸਾਉਂਦੀ ਹੈ ਕਿ ਭ੍ਰਿਸ਼ਟਾਚਾਰ, ਭਤੀਜਾਵਾਦ ਅਤੇ ਮਾੜੇ ਸ਼ਾਸਨ ਵਰਗੇ ਮੁੱਦਿਆਂ ‘ਤੇ ਸਰਕਾਰ ਵਿਰੁੱਧ ਭਾਵਨਾਵਾਂ ਬਹੁਤ ਮਜ਼ਬੂਤ ਸਨ। ਕੋਲਾਥੁਰ ਵਿੱਚ ਆਪਣੇ ਗੜ੍ਹ ਵਿੱਚੋਂ ਸਟਾਲਿਨ ਦੀ ਹਾਰ ਇਸ ਰੁਝਾਨ ਦੀ ਸਭ ਤੋਂ ਵਧੀਆ ਉਦਾਹਰਣ ਹੈ। ਇੱਕ ਅਹਿਮ ਉਲਟਫੇਰ ਵਿੱਚ, ਆਪਣੇ ਨੇਤਾ ਦੇ ਕ੍ਰਿਸ਼ਮੇ ਅਤੇ ਜਨਤਕ ਅਪੀਲ ‘ਤੇ ਸਵਾਰ ਇੱਕ ਨਵੀਂ ਪਾਰਟੀ ਨੇ ਦ੍ਰਾਵਿੜ ਪਛਾਣ ‘ਤੇ ਬਣੇ ਇੱਕ ਸਿਆਸੀ ਮਾਡਲ ਅਤੇ ਸਰਕਾਰ ਨੂੰ ਡੇਗ ਦਿੱਤਾ ਹੈ। ਤਾਮਿਲਨਾਡੂ ਦੀ ਰਾਜਨੀਤੀ ਅਤੇ ਸਿਨੇਮਾ ਵਿਚਕਾਰ ਹਮੇਸ਼ਾ ਮਜ਼ਬੂਤ ਸੰਬੰਧ ਰਹੇ ਹਨ। ਵਿਜੇ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਸਹੀ ਥਾਂ ‘ਤੇ ਸੀ। ਛੇ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਪਾਰਟੀ ਅਤੇ ਨੇਤਾ, ਜਿਸ ਦਾ ਦ੍ਰਾਵਿੜ ਵਿਚਾਰਧਾਰਾ ਨਾਲ ਕੋਈ ਪ੍ਰਤੱਖ ਸੰਬੰਧ ਨਹੀਂ ਹੈ, ਰਾਜ ਵਿੱਚ ਸੱਤਾ ਵਿੱਚ ਆ ਰਿਹਾ ਹੈ। ਆਲ ਇੰਡੀਆ ਅੰਨਾ ਡੀ ਐੱਮ ਕੇ, ਜੋ ਕਿ 2016 ਵਿੱਚ ਜੈਲਲਿਤਾ ਦੀ ਮੌਤ ਤੋਂ ਬਾਅਦ ਲੀਡਰਸ਼ਿਪ ਸੰਕਟ ਅਤੇ ਸਿਆਸੀ ਝਟਕਿਆਂ ਨਾਲ ਜੂਝ ਰਹੀ ਹੈ, ਨੇ ਆਪਣਾ ਆਧਾਰ ਹੋਰ ਵੀ ਗੁਆ ਲਿਆ ਹੈ।
ਕਾਂਗਰਸ ਲਈ, ਕੇਰਲਾ ਵਿੱਚ ਵੱਡੀ ਜਿੱਤ ਨਾਲ ਰਾਹਤ ਮਿਲੀ ਹੈ, ਜਿੱਥੇ ਪਾਰਟੀ ਦੀ ਅਗਵਾਈ ਵਾਲੇ ਯੂ ਡੀ ਐੱਫ ਨੇ ਦੋ-ਤਿਹਾਈ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਇੱਕ ਅਜਿਹੇ ਰਾਜ, ਜਿੱਥੇ ਇਤਿਹਾਸਕ ਤੌਰ ‘ਤੇ ਹਰ ਪੰਜ ਸਾਲ ਬਾਅਦ ਵਿਰੋਧੀ ਗੱਠਜੋੜ ਸੱਤਾ ਵਿੱਚ ਆਉਂਦੇ ਰਹੇ ਹਨ, ਵਿੱਚ 10 ਸਾਲਾਂ ਤੋਂ ਸੱਤਾ ਵਿੱਚ ਰਹੀ ਐੱਲ ਡੀ ਐੱਫ ਸਰਕਾਰ ਨੂੰ ਸਰਕਾਰ-ਵਿਰੋਧੀ ਭਾਵਨਾਵਾਂ ਦੀ ਇੱਕ ਮਜ਼ਬੂਤ ਲਹਿਰ ਦਾ ਸਾਹਮਣਾ ਕਰਨਾ ਪਿਆ ਹੈ। ਐੱਲ ਡੀ ਐੱਫ ਦੇ ਕਈ ਮੰਤਰੀ ਅਤੇ ਸੀਨੀਅਰ ਨੇਤਾ ਆਪਣੀਆਂ ਸੀਟਾਂ ਹਾਰ ਗਏ। ਮੁਸਲਮ ਅਤੇ ਈਸਾਈ ਭਾਈਚਾਰਿਆਂ ਦੀਆਂ ਵੋਟਾਂ ਦੇ ਇਕਜੁੱਟ ਹੋਣ ਨਾਲ ਮਾਹੌਲ ਯੂ ਡੀ ਐੱਫ ਦੇ ਪੱਖ ਵਿੱਚ ਹੋਰ ਮਜ਼ਬੂਤ ਹੁੰਦਾ ਦਿਖਾਈ ਦਿੱਤਾ, ਜਿਸ ਕਾਰਨ ਵਿਰੋਧੀ ਧੜੇ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ। ਪਹਿਲੀ ਵਾਰ, ਭਾਜਪਾ ਨੇ ਰਾਜ ਵਿੱਚ ਤਿੰਨ ਸੀਟਾਂ ਜਿੱਤ ਕੇ ਹੈਰਾਨ ਕੀਤਾ ਹੈ। ਅਸਾਮ ਵਿੱਚ ਵੋਟਰਾਂ ਨੇ ਮੌਜੂਦਾ ਭਾਜਪਾ ਦਾ ਸਮਰਥਨ ਜਾਰੀ ਰੱਖਿਆ ਹੈ, ਜੋ ਕਿ ਰਾਜ ਵਿੱਚ 10 ਸਾਲਾਂ ਤੋਂ ਸੱਤਾ ਵਿੱਚ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸ਼ਾਸਨ ਅਤੇ ਘੋਸ਼ਤ ਸਿਆਸੀ ਸਟੈਂਡ ਦੋਵਾਂ ਵਿੱਚ ਧਰੁਵੀਕਰਨ ਦੀ ਨੀਤੀ ਅਪਣਾਈ ਹੈ। ਇਸ ਬੇਰੋਕ ਪਹੁੰਚ ਨੇ ਭਾਜਪਾ ਨੂੰ ਉਸ ਰਾਜ ਵਿੱਚ ਆਪਣੀ ਸਥਿਤੀ ਸੁਧਾਰਨ ਵਿੱਚ ਮਦਦ ਕੀਤੀ ਹੈ, ਜੋ ਪਹਿਲਾਂ ਹੀ ਫਿਰਕੂ ਲੀਹਾਂ ‘ਤੇ ਵੰਡਿਆ ਹੋਇਆ ਹੈ।
ਰਾਸ਼ਟਰੀ ਪੱਧਰ ‘ਤੇ, ਚੋਣ ਨਤੀਜੇ ਇੱਕ ਕਮਜ਼ੋਰ ਹੁੰਦੀ ਵਿਰੋਧੀ ਧਿਰ ਵੱਲ ਇਸ਼ਾਰਾ ਕਰਦੇ ਹਨ। ਟੀ ਐੱਮ ਸੀ ਅਤੇ ਡੀ ਐੱਮ ਕੇ ਦੋਵੇਂ ਹੀ ਵਿਰੋਧੀ ਗੱਠਜੋੜ ਦੇ ਥੰਮ੍ਹ ਰਹੇ ਹਨ ਅਤੇ ਮਮਤਾ ਅਤੇ ਸਟਾਲਿਨ ਭਾਜਪਾ ਤੇ ਇਸ ਦੇ ਸਹਿਯੋਗੀਆਂ ਦੇ ਸਭ ਤੋਂ ਕੱਟੜ ਆਲੋਚਕਾਂ ਵਿੱਚੋਂ ਸਨ। ਹੁਣ ਉਹ ਕਮਜ਼ੋਰ ਪੈ ਗਏ ਹਨ। ਉਨ੍ਹਾਂ ਦੀ ਹਾਰ ਉਨ੍ਹਾਂ ਖੇਤਰੀ ਸਿਆਸੀ ਤਾਕਤਾਂ ਦੇ ਕਮਜ਼ੋਰ ਹੋਣ ਦਾ ਵੀ ਸੰਕੇਤ ਦਿੰਦੀ ਹੈ, ਜਿਨ੍ਹਾਂ ਨੂੰ ਭਾਜਪਾ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਮੰਨਿਆ ਜਾਂਦਾ ਸੀ। ਮਹਾਰਾਸ਼ਟਰ ਅਤੇ ਬਿਹਾਰ ਵਰਗੇ ਰਾਜ ਪਹਿਲਾਂ ਹੀ ਖੇਤਰੀ ਪਾਰਟੀਆਂ ਦੇ ਪਤਨ ਅਤੇ ਟੁੱਟ-ਭੱਜ ਦੇ ਗਵਾਹ ਰਹੇ ਹਨ। 2026 ਦੇ ਨਤੀਜੇ ਇਸ ਰੁਝਾਨ ਨੂੰ ਹੋਰ ਅੱਗੇ ਵਧਾਉਣ ਦਾ ਜੋਖਮ ਪੈਦਾ ਕਰਦੇ ਹਨ। ਕੇਰਲਾ ਵਿੱਚ ਖੱਬੇ-ਪੱਖੀਆਂ ਦੀ ਹਾਰ ਨਾਲ ਕੌਮੀ ਆਪੋਜ਼ੀਸ਼ਨ ਨੂੰ ਇੱਕ ਹੋਰ ਝਟਕਾ ਲੱਗਾ ਹੈ। ਹੁਣ ਮੁੱਖ ਜ਼ਿੰਮੇਵਾਰੀ ਕਾਂਗਰਸ ‘ਤੇ ਹੈ ਕਿ ਉਹ ਭਾਜਪਾ ਦਾ ਟਾਕਰਾ ਕਰਨ ਲਈ ਹਮਖਿਆਲ ਪਾਰਟੀਆਂ ਨਾਲ ਕਿਵੇਂ ਤਾਲਮੇਲ ਬਿਠਾ ਕੇ ‘ਇੰਡੀਆ ਬਲਾਕ’ ਨੂੰ ਮਜ਼ਬੂਤ ਕਰਦੀ ਹੈ।



