ਟੀ ਵੀ ਕੇ ਮੁਖੀ ਵਿਜੇ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

0
9

ਚੇਨਈ : ਟੀ ਵੀ ਕੇ ਮੁਖੀ ਵਿਜੇ ਨੇ ਬੁੱਧਵਾਰ ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਹ ਮੁਲਾਕਾਤ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾ ਦੀ ਪਾਰਟੀ ਦੇ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਉਣ ਦੇ ਦੋ ਦਿਨ ਬਾਅਦ ਹੋਈ ਹੈ। ਚੋਣਾਂ ਵਿੱਚ 234 ਮੈਂਬਰੀ ਵਿਧਾਨ ਸਭਾ ਵਿੱਚੋਂ ਟੀ ਵੀ ਕੇ ਨੇ 108 ਸੀਟਾਂ ਜਿੱਤੀਆਂ ਹਨ। ਸਰਕਾਰ ਬਣਾਉਣ ਲਈ 118 ਸੀਟਾਂ ਦੀ ਲੋੜ ਹੈ, ਜਿਸ ਦਾ ਮਤਲਬ ਹੈ ਕਿ ਉਨ੍ਹਾ ਨੂੰ ਅਜੇ ਵੀ 10 ਹੋਰ ਸੀਟਾਂ ਦੀ ਲੋੜ ਪਵੇਗੀ। ਚੋਣਾਂ ਵਿੱਚ ਡੀ ਐੱਮ ਕੇ ਨੇ 59 ਸੀਟਾਂ, ਏ ਆਈ ਏ ਡੀ ਐੱਮ ਕੇ ਨੇ 47, ਕਾਂਗਰਸ ਨੇ 5, ਪੀ ਐੱਮ ਕੇ ਨੇ 4, ਆਈ ਯੂ ਐੱਮ ਐੱਲ ਨੇ 2, ਸੀ ਪੀ ਆਈ ਨੇ 2, ਵੀ ਸੀ ਕੇ ਨੇ 2 ਅਤੇ ਸੀ ਪੀ ਆਈ (ਐੱਮ) ਨੇ ਵੀ 2 ਸੀਟਾਂ ਜਿੱਤੀਆਂ ਹਨ।
ਕਾਂਗਰਸ ਨੇ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਨਵੀਂ ਸਰਕਾਰ ਬਣਾਉਣ ਲਈ ਥਲਾਪਤੀ ਵਿਜੇ ਦੀ ਪਾਰਟੀ ਤਾਮਿਲਨਾਡੂ ਵੇਤਰੀ ਕਜ਼ਾਗਮ (ਟੀ ਵੀ ਕੇ) ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਟੀ ਵੀ ਕੇ ਨੇਤਾ ਵਿਜ ਨੇ ਕਾਂਗਰਸ ਲੀਡਰਸ਼ਿਪ ਨੂੰ ਸਮਰਥਨ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਤਾਮਿਲਨਾਡੂ ਕਾਂਗਰਸ ਕਮੇਟੀ ਨੂੰ ਰਾਜ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ। ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਵਿਜੇ ਨੂੰ ਸਮਰਥਨ ਦੇਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ। ਕਾਂਗਰਸ ਨੇ ਇਸ ਸਮਰਥਨ ਦੇ ਬਦਲੇ ਇੱਕ ਸ਼ਰਤ ਵੀ ਲਗਾਈ ਹੈ। ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਗਠਜੋੜ ਨੂੰ ਫਿਰਕੂ ਤਾਕਤਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਜੋ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਰੱਖਦੀਆਂ। ਟੀ ਵੀ ਕੇ ਨੇ 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ ਵਿੱਚ 108 ਸੀਟਾਂ ਹਾਸਲ ਕੀਤੀਆਂ ਹਨ। ਸਰਕਾਰ ਬਣਾਉਣ ਲਈ 10 ਹੋਰ ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਕਾਂਗਰਸ ਕੋਲ 5 ਚੁਣੇ ਹੋਏ ਵਿਧਾਇਕ ਹਨ।