ਲਖਨਊ : ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਦੇ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਚੋਣ ਪ੍ਰਕਿਰਿਆ ਦੀ ਨਿਰਪੱਖਤਾ ‘ਤੇ ਸ਼ੱਕ ਜਤਾਇਆ ਅਤੇ ਮੰਗ ਕੀਤੀ ਕਿ ਸੁਪਰੀਮ ਕੋਰਟ ਵੋਟਾਂ ਦੀ ਗਿਣਤੀ ਦੀ ਵੀਡੀਓ ਰਿਕਾਰਡਿੰਗ ਨੂੰ ਜਨਤਕ ਕਰਨ ਦਾ ਹੁਕਮ ਦੇਵੇ। ਯਾਦਵ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਅਦਾਲਤੀ ਕਾਰਵਾਈ ਲਾਈਵ (ਸਿੱਧਾ ਪ੍ਰਸਾਰਣ) ਹੋ ਸਕਦੀ ਹੈ, ਤਾਂ ਵੋਟਾਂ ਦੀ ਗਿਣਤੀ ਲਾਈਵ ਕਿਉਂ ਨਹੀਂ ਹੋ ਸਕਦੀ? ਉਹ ਇਸ ਤੋਂ ਇੰਨੇ ਡਰੇ ਹੋਏ ਕਿਉਂ ਹਨ? ਅਸੀਂ ਮੰਗ ਕਰਦੇ ਹਾਂ ਕਿ ਸੁਪਰੀਮ ਕੋਰਟ ਤੁਰੰਤ ਪੱਛਮੀ ਬੰਗਾਲ ਦੀਆਂ ਚੋਣਾਂ ਦਾ ਨੋਟਿਸ ਲਵੇ ਅਤੇ ਗਿਣਤੀ ਦੀ ਵੀਡੀਓ ਦੇਸ਼ ਦੇ ਲੋਕਾਂ ਦੇ ਸਾਹਮਣੇ ਰੱਖੇ। ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪੱਛਮੀ ਬੰਗਾਲ ਵਿੱਚ ਚੋਣਾਂ ਦੌਰਾਨ ਜੋ ਕੁਝ ਦੇਖਿਆ ਗਿਆ, ਉਹ ਉੱਤਰ ਪ੍ਰਦੇਸ਼ ਵਿੱਚ ਵੱਡੇ ਪੱਧਰ ‘ਤੇ ਦੁਹਰਾਇਆ ਜਾ ਸਕਦਾ ਹੈ, ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਯਾਦਵ ਨੇ ਕਿਹਾ ਕਿ ਮੈਂ ਮਮਤਾ ਜੀ ਨੂੰ ਮਿਲਣ ਲਈ ਪੱਛਮੀ ਬੰਗਾਲ ਜਾਵਾਂਗਾ।





