ਬਰਕਲੇ ‘ਚ ਸੜਕ ਦਾ ਨਾਂਅ ਗ਼ਦਰੀ ਬਾਬਿਆਂ ਦੇ ਨਾਂਅ ‘ਤੇ ਰੱਖਿਆ ਜਾਵੇ

0
5

ਜਲੰਧਰ :”ਅਮਰੀਕਾ ਦੇ ਬਰਕਲੇ ਸ਼ਹਿਰ ਵਿੱਚ ਇੱਕ ਸੜਕ ਦਾ ਨਾਂਅ ‘ਕਲਾ ਬਗਾਈ ਵੇਅ’ ਰੱਖੇ ਜਾਣ ‘ਤੇ ਪੰਜਾਬੀ ਪ੍ਰਵਾਸੀਆਂ ਅੰਦਰ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਅਮਰੀਕਾ ਵਿੱਚ ਸਕਾਲਰ ਪ੍ਰਭਜੋਤ ਸਿੰਘ ਥਿਆੜਾ ਕਾਫ਼ੀ ਸਮੇਂ ਤੋਂ ਗ਼ਦਰ ਪਾਰਟੀ ਦੀ ਖੋਜ ਵਿੱਚ ਸਰਗਰਮ ਹੈ। ਇਹ ਪਤਾ ਲੱਗਾ ਹੈ ਕਿ ਬਰਕਲੇ ਦੀ ਇੱਕ ਸੜਕ ਦਾ ਨਾਂਅ ਕਲਾ ਬਗਾਈ ਵੇਅ ਰੱਖਿਆ ਗਿਆ ਹੈ । ਕਲਾ ਬਗਾਈ ਵੇਅ ਅੰਗਰੇਜ਼ੀ ਸਾਮਰਾਜ ਵੱਲੋਂ ਭੇਜੇ ਗਏ ਸੀ ਆਈ ਡੀ ਮੁਲਾਜ਼ਮ ਬਿਸ਼ਨ ਬਗਾਈ ਦੀ ਪਤਨੀ ਸੀ। ਗ਼ਦਰ ਪਾਰਟੀ ਸੰਬੰਧੀ ਬਹੁਤ ਸਾਰੇ ਭੇਦ ਅੰਗਰੇਜ਼ੀ ਵਿਭਾਗ ਦੇ ਮੁਖੀ ਨੂੰ ਇਸ ਰਾਹੀਂ ਮੁਹੱਈਆ ਕਰਾਏ ਗਏ ਸਨ, ਜਿਨ੍ਹਾਂ ਦੇ ਅਧਾਰ ‘ਤੇ ਸਾਨਫ੍ਰਾਂਸਿਸਕੋ ਸਾਜ਼ਿਸ਼ ਕੇਸ ਵਿੱਚ 15 ਭਾਰਤੀ ਅਤੇ 14 ਗੈਰ-ਭਾਰਤੀ ਗ਼ਦਰੀਆਂ ਨੂੰ ਮੁਕੱਦਮੇ ਵਿੱਚ ਸ਼ਾਮਿਲ ਕਰਕੇ ਸਜ਼ਾਵਾਂ ਦਿੱਤੀਆਂ ਗਈਆਂ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਹਿਸਟਰੀ ਸਬ-ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ ਨੇ ਬਿਸ਼ਨ ਬਗਾਈ ਵੱਲੋਂ ਗ਼ਦਰੀ ਦੇਸ਼ ਭਗਤਾਂ ਵਿਰੁੱਧ ਕੀਤੀਆਂ ਕਾਰਵਾਈਆਂ ਬਾਰੇ ਹਵਾਲੇ ਲੱਭੇ ਹਨ, ਵਿਸ਼ੇਸ਼ ਤੌਰ ‘ਤੇ ਬਾਬਾ ਬਿਸ਼ਨ ਸਿੰਘ ਹਿੰਦੀ ਵੱਲੋਂ ਉਰਦੂ ਵਿਚ ਲਿਖਿਆ ‘ਪਾਰਟੀ ਵਿਚ ਬਿਖ਼ਰਾਵ’ ਹੈਡਿੰਗ ਹੇਠ ਲਿਖਿਆ ਦਸਤਾਵੇਜ਼ ਕਮੇਟੀ ਦੀ ਲਾਇਬ੍ਰੇਰੀ ਵਿੱਚ ਸੰਭਾਲਿਆ ਗਿਆ ਹੈ। ਉਸ ਵਿੱਚ ਲਿਖਿਆ ਹੈ, ‘ਪੰਡਤ ਰਾਮ ਚੰਦਰ ਦੇ ਪਾਸ ਜੋ ਖ਼ੁਫ਼ੀਆ ਫੰਡ ਸੀ, ਉਸ ਨੇ ਇਸ ਦਾ ਨਜਾਇਜ਼ ਇਸਤੇਮਾਲ ਕੀਤਾ। ਖੁਫ਼ੀਆ ਫੰਡ ਅਤੇ ਦੂਜੇ ਖੁਫ਼ੀਆ ਕਾਗਜ਼ਾਤ ਇੱਕ ਅਜਿਹੇ ਆਦਮੀ ਹੱਥ ਦੇ ਦਿੱਤੇ, ਜੋ ਅੰਗਰੇਜ਼ ਰਾਜਦੂਤ, ਸਾਨਫ੍ਰਾਂਸਿਸਕੋ ਦਾ ਸੀ ਆਈ ਡੀ ਕਰਿੰਦਾ ਸੀ। ਇਹ ਵੀ ਲਿਖਣਾ ਜ਼ਰੂਰੀ ਹੈ ਕਿ ਅੰਗਰੇਜ਼ ਸਰਕਾਰ ਨੇ ਇੱਕ ਆਦਮੀ ਹਿੰਦੁਸਤਾਨ ਤੋਂ ਅਮਰੀਕਾ ਵਿੱਚ ਗ਼ਦਰ ਪਾਰਟੀ ਦੇ ਕੰਮਾਂ ਦੀ ਬਕਾਇਦਾ ਰਿਪੋਰਟ ਭੇਜਣ ਲਈ ਅਮਰੀਕਾ ਭੇਜਿਆ ਸੀ। ਇਸ ਦਾ ਨਾਂਅ ਮਿਸਟਰ ਬਗਾਈ ਸੀ, ਜਿਹੜਾ ਰਾਮ ਚੰਦਰ ਦੇ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਹਿੰਦੁਸਤਾਨ ਵਿੱਚ ਪੰਡਤ ਰਾਮ ਚੰਦਰ ਦਾ ਵਾਕਫ ਸੀ।
ਬਾਬਾ ਬਿਸ਼ਨ ਸਿੰਘ ਹਿੰਦੀ ਨੇ ਸਾਨਫ੍ਰਾਂਸਿਸਕੋ ਦੇ ਸਾਜਿਸ਼ ਮੁਕੱਦਮੇ ਵਿੱਚ ਦਿੱਤੀ ਇਕ ਸਾਲ ਦੀ ਕੈਦ ਨੂੰ ਆਕਲੈਂਡ ਦੀ ਕਾਉਂਟੀ ਜੇਲ੍ਹ ਵਿੱਚ ਸਾਥੀਆਂ ਸਮੇਤ ਭੁਗਤਿਆ ਸੀ। ਅਮਰੀਕਾ ਵਿੱਚ ਸਕਾਲਰਾਂ ਵੱਲੋਂ ਇਸ ਵਿਰੁੱਧ ਆਵਾਜ਼ ਉਠਾਈ ਗਈ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਸਾਨਫ੍ਰਾਂਸਿਸਕੋ ਦੇ ਮੁੱਖ ਅਧਿਕਾਰੀਆਂ ਤੋਂ ਮੰਗ ਕਰਦੀ ਹੈ ਕਿ ਬਰਕਲੇ ਦੀ ਕਲਾ ਬਗਾਈ ਵੇਅ ਵਾਲੀ ਸੜਕ ਤੋਂ ਇਹ ਨਾਂਅ ਤੁਰੰਤ ਹਟਾ ਕੇ ਗ਼ਦਰ ਪਾਰਟੀ ਦੇ ਮੋਢੀ ਆਗੂ ਦੇ ਨਾਂਅ ‘ਤੇ ਰੱਖਿਆ ਜਾਵੇ।