ਪਟਿਆਲਾ : ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਪ ਸ ਸ ਫ ਦੇ ਪ੍ਰਮੁੱਖ ਆਗੂਆਂ ਰਣਜੀਤ ਸਿੰਘ ਰਾਣਵਾਂ, ਦਰਸ਼ਨ ਸਿੰਘ ਲੁਬਾਣਾ ਅਤੇ ਸੁਰਿੰਦਰ ਕੁਮਾਰ ਪੁਆਰੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ 19 ਮਈ ਨੂੰ ਪੰਜਾਬ ਏਟਕ ਅਤੇ ਪ.ਸ.ਸ.ਫ. 1680, 22—ਬੀ ਵਲੋਂ ਲੇਬਰ ਭਵਨ ਮੁਹਾਲੀ ਦੇ ਸਾਹਮਣੇ ਹਜਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ—ਮਜ਼ਦੂਰਾਂ ਵੱਲੋਂ ਇਕੱਤਰ ਹੋ ਕੇ ਘੱਟੋ—ਘੱਟ ਉਜਰਤਾਂ 35000/— ਰੁਪਏ ਪ੍ਰਤੀ ਮਹੀਨਾ ਕਰਨ ਦੀ ਬਜਾਏ ਕੀਤੇ ਗਏ ਨਿਗੂਣੇ ਵਾਧੇ ਦੇ ਖਿਲਾਫ ਤੇ ਹੋਰ ਮੰਗਾਂ ਨੂੰ ਲੈ ਕੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਏਟਕ ਨਾਲ ਸੰਬੰਧਤ ਅਨੇਕਾਂ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸੇ ਤਰ੍ਹਾਂ ਪ ਸ ਸ ਫ 1680, 22-ਬੀ ਚੰਡੀਗੜ੍ਹ ਨਾਲ ਸੰਬੰਧਤ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੱਡੇ ਕਾਫਲੇ ਲੈ ਕੇ ਇਸ ਰੈਲੀ ਵਿੱਚ ਸ਼ਾਮਲ ਹੋਇਆ ਜਾਵੇਗਾ।ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ-ਮਜ਼ਦੂਰਾਂ ਦੀਆਂ ਕਾਨੂੰਨੀ ਤੌਰ ‘ਤੇ ਵਾਜਬ ਮੰਗਾਂ ਨੂੰ ਜਿਵੇਂ ਅਣਗੌਲਿਆ ਕਰਕੇ ਅੱਤ ਦਾ ਨਿੰਦਣਯੋਗ ਰਵੱਈਆ ਅਖਤਿਆਰ ਕੀਤਾ ਹੋਇਆ ਹੈ, ਉਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਆਗੂਆਂ ਕਿਹਾ ਕਿ ਪੰਜਾਬ ਵਿੱਚ 14 ਸਾਲ ਬਾਅਦ ਪਹਿਲੀ ਮਈ ਨੂੰ ਜੋ ਸਰਕਾਰ ਵੱਲੋਂ ਘੱਟੋ—ਘੱਟ ਉਜਰਤਾਂ ਵਿੱਚ ਸਿਰਫ 1760 ਰੁਪਏ ਦਾ ਵਾਧਾ ਕੀਤਾ ਗਿਆ ਹੈ, ਉਸ ਨਾਲ ਉਜਰਤ ਸਿਰਫ 13486 ਰੁਪਏ ਪ੍ਰਤੀ ਮਹੀਨਾ ਹੀ ਹੋਈ ਹੈ, ਜਦ ਕਿ ਮਹਿੰਗਾਈ ਅਤੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਉਜਰਤ 35000 ਰੁਪਏ ਪ੍ਰਤੀ ਮਹੀਨਾ ਕਰਨੀ ਬਣਦੀ ਹੈ। ਸਰਕਾਰ ਨੇ ਪਹਿਲੀ ਮਈ ਨੂੰ ਮੁਲਾਜ਼ਮਾਂ-ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਹੀ ਇੱਕ ਰੋਜ਼ਾ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦਿਆ ਸੀ,ਪਰ ਕੀਤਾ ਮਜ਼ਦੂਰਾਂ ਨਾਲ ਧੋਖਾ। ਇਸੇ ਸਰਕਾਰ ਦੀ ‘ਆਪ’ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਨਾਂਅ ਲੈ ਕੇ ਵਾਅਦੇ ਕੀਤੇ ਗਏ ਸਨ ਕਿ ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਪੁਰਾਣੀ ਪੈਨਸ਼ਨ ਬਹਾਲ ਕਰਾਂਗੇ, ਡੀ ਏ ਅਤੇ ਬਕਾਏ ਦੇਵਾਂਗੇ, ਪੈਨਸ਼ਨਰਾਂ ਦੇ ਮਸਲੇ ਹੱਲ ਕਰਾਂਗੇ, ਪਰ ਅਜਲਾਸ ਵਿੱਚ ਇਨ੍ਹ੍ਹਾਂ ਮੰਗਾਂ ਸਬੰਧੀ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ, ਸਰਕਾਰ ਦੀਆਂ ਵਾਅਦਾਖਿਲਾਫੀਆਂ ਕਾਰਨ ਮੁਲਾਜ਼ਮਾਂ—ਮਜ਼ਦੂਰਾਂ ਵਿੱਚ ਬੇਹੱਦ ਗੁੱਸਾ ਹੈ। ਇਸ ਗੁੱਸੇ ਦਾ ਪ੍ਰਗਟਾਵਾ ਮੁਹਾਲੀ ਰੈਲੀ ਵਿੱਚ 19 ਮਈ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜ ਕੇ ਕਰਨਗੇ। ਰੈਲੀ ਵਿੱਚ ਸਰਕਾਰੀ ਮੁਲਾਜ਼ਮ, ਬਿਜਲੀ ਕਾਮੇ, ਟਰਾਂਸਪੋਰਟ ਕਾਮੇ, ਸਨਅਤੀ ਕਾਮੇ, ਸਕੀਮ ਵਰਕਰ ਅਤੇ ਨਰੇਗਾ ਕਾਮੇ ਬੜੇ ਉਤਸ਼ਾਹ ਨਾਲ ਸ਼ਾਮਲ ਹੋਣ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਪੰਜਾਬ ਏਟਕ ਅਤੇ ਪ ਸ ਸ ਫ ਦੇ ਪ੍ਰਮੁੱਖ ਆਗੂਆਂ ਨਿਰਮਲ ਸਿੰਘ ਧਾਲੀਵਾਲ, ਬੰਤ ਸਿੰਘ ਬਰਾੜ, ਰਣਜੀਤ ਸਿੰਘ ਰਾਣਵਾਂ, ਦਰਸ਼ਨ ਸਿੰਘ ਲੁਬਾਣਾ, ਸੁਰਿੰਦਰ ਕੁਮਾਰ ਪੁਆਰੀ, ਜਗਦੀਸ਼ ਸਿੰਘ ਚਾਹਲ, ਅਮਰਜੀਤ ਸਿੰਘ ਆਸਲ ਅਤੇ ਸੁਖਦੇਵ ਸ਼ਰਮਾ ਵਲੋਂ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ-ਮਜ਼ਦੂਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਹੈ ਕਿ 19 ਮਈ ਦੀ ਵਿਸ਼ਾਲ ਰੋਸ ਰੈਲੀ ਵਿੱਚ ਲੇਬਰ ਭਵਨ, ਮੁਹਾਲੀ ਵਿਖੇ ਕਾਫਲੇ ਬੰਨ੍ਹ ਕੇ ਪਹੁੰਚਿਆ ਜਾਵੇ।





