ਸਿਆਸੀ ਲਾਹੇ ਲਈ ਪੰਜਾਬ ਨੂੰ ਨਿਸ਼ਾਨਾ ਬਣਾਉਣਾ ਕੌਮੀ ਹਿੱਤਾਂ ਲਈ ਘਾਤਕ : ਅਮਨ ਅਰੋੜਾ

0
2

ਚੰਡੀਗੜ੍ਹ : ਉਦਯੋਗ ਮੰਤਰੀ ਦਾ ਅਹੁਦਾ ਸਾਂਭਣ ਮੌਕੇ ‘ਆਪ’ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੱੈਸ ਕਾਨਫਰੰਸ ਵਿਚ ਮੁੱਖ ਮੰਤਰੀ ਭਗਵੰਤ ਮਾਨ, ਬਿਜ਼ਨੈੱਸ ਕਮਿਊਨਿਟੀ, ਪੰਜਾਬ ਦੀ ਸਮੁੱਚੀ ਇੰਡਸਟਰੀ ਨੂੰ ਇਹ ਯਕੀਨ ਦਿਵਾਇਆ ਤੇ ਵਚਨਬੱਧਤਾ ਕੀਤੀ ਕਿ ਉਹ ਆਪਣੇ ਸਾਰੇ ਫਰਜ਼ ਬਾਖੂਬੀ ਨਿਭਾਉਣਗੇ ਤੇ ਇਹ ਵੀ ਕਿਹਾ ਕਿ ਹੁਣ ਤੱਕ ਰਿਕਾਰਡ ਤੋੜ ਇਨਵੈਸਟਮੈਂਟ ਪੰਜਾਬ ਵਿਚ ਆਈ ਹੈ। ਅਮਨ ਅਰੋੜਾ ਨੇ ਮੀਡੀਆ ਨੂੰ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਉਹ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੰਬੰਧਾਂ ਨੂੰ ‘ਵੱਡੇ ਅਤੇ ਛੋਟੇ ਭਰਾ’ ਵਰਗਾ ਦੱਸਦੇ ਸਨ ਤੇ ਇੱਕ ਮਜ਼ਬੂਤ ਸੰਘੀ ਢਾਂਚੇ ਦੀ ਵਕਾਲਤ ਕਰਦੇ ਸਨ, ਪਰ ਪਿਛਲੇ ਕੁਝ ਸਾਲਾਂ ਵਿੱਚ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ। ਉਨ੍ਹਾ ਦੋਸ਼ ਲਾਇਆ ਕਿ ਜਿੱਥੇ ਭਾਜਪਾ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆਉਂਦੀ ਹੈ, ਉੱਥੇ ਉਹ ਈ ਡੀ, ਸੀ ਬੀ ਆਈ ਅਤੇ ਇਨਕਮ ਟੈਕਸ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੰਗਾਲ ਅਤੇ ਹੁਣ ਪੰਜਾਬ ਵਿਚ ਅਜਿਹੀ ਹੀ ਰਣਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਆਸੀ ਲਾਹੇ ਲਈ ਪੰਜਾਬ ਵਰਗੇ ਦੇਸ਼-ਭਗਤ ਅਤੇ ਸਰਹੱਦੀ ਸੂਬੇ ਨੂੰ ਨਿਸ਼ਾਨਾ ਬਣਾਉਣਾ ਕੌਮੀ ਹਿੱਤਾਂ ਲਈ ਘਾਤਕ ਹੈ।