ਮੁਹਾਲੀ ਰੈਲੀ ਦੀ ਸਫਲਤਾ ਲਈ ਕੋਈ ਕਸਰ ਨਾ ਛੱਡੀ ਜਾਵੇ : ਬਰਾੜ, ਧਾਲੀਵਾਲ

0
5

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ 19 ਮਈ ਨੂੰ ਪੰਜਾਬ ਏਟਕ ਵੱਲੋਂ ਮੁਹਾਲੀ ‘ਚ ਲੇਬਰ ਭਵਨ ਦੇ ਸਾਹਮਣੇ ਕੀਤੀ ਜਾ ਰਹੀ ਰੈਲੀ ਵਿੱਚ ਪੰਜਾਬ ਦੇ ਵੱਖ-ਵੱਖ ਅਦਾਰਿਆਂ, ਸਨਅਤਾਂ, ਟਰਾਂਸਪੋਰਟ, ਬਿਜਲੀ, ਰੋਡਵੇਜ਼, ਬੀ.ਬੀ.ਐੱਮ.ਬੀ. ਉਸਾਰੀ ਕਿਰਤੀ, ਮਨਰੇਗਾ ਵਰਕਰ, ਆਂਗਣਵਾੜੀ, ਭੱਠਾ ਵਰਕਰ, ਆਸ਼ਾ ਵਰਕਰਜ਼, ਮਿਡ-ਡੇ-ਮੀਲ, ਮਿਊਂਸਪਲ ਕਾਮੇ, ਕੰਟਰੈਕਟ ਵਰਕਰ ਆਦਿ ਖੇਤਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਝੰਡੇ, ਮਾਟੋ ਲੈ ਕੇ ਪੁੱਜਣਗੇ। ਹਰ ਇੱਕ ਖੇਤਰ ਦੇ ਵਰਕਰਾਂ ਵਿੱਚ ਰੈਲੀ ਵਿੱਚ ਪੁੱਜਣ ਲਈ ਭਾਰੀ ਉਤਸ਼ਾਹ ਹੈ। ਪੰਜਾਬ ਏਟਕ ਤੋਂ ਇਲਾਵਾ ਪ.ਸ.ਸ.ਫ. 1680, 22-ਬੀ ਨਾਲ ਸੰਬੰਧਤ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਤਿਆਰੀਆਂ ਕਰ ਚੁੱਕੇ ਹਨ। ਦੋਵਾਂ ਆਗੂਆਂ ਨੇ ਜਿਨ੍ਹਾਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਘੱਟੋ-ਘੱਟ ਉਜਰਤ ਵਿੱਚ ਨਿਗੂਣਾ ਵਾਧਾ ਕਰਕੇ ਉਜਰਤ ਸਿਰਫ 13486 ਰੁਪਏ ਕੀਤੀ ਹੈ। ਇਸ ਦੇ ਵਿਰੁੱਧ ਮਜ਼ਦੂਰ ਜਮਾਤ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ 14 ਸਾਲਾਂ ਬਾਅਦ ਇੰਨੀ ਕੁ ਉਜਰਤ ਵਧਾਉਣਾ ਮਜ਼ਦੂਰਾਂ ਨਾਲ ਕੀਤਾ ਗਿਆ ਇੱਕ ਭੱਦਾ ਮਜ਼ਾਕ ਹੈ। ਜਦ ਕਿ ਘੱਟੋ-ਘੱਟ 26000 ਰੁਪਏ ਪ੍ਰਤੀ ਮਹੀਨਾ ਦਾ ਐਲਾਨ ਤਾਂ ਕਰਨਾ ਹੀ ਬਣਦਾ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕੇਂਦਰ ਵੱਲੋਂ ਠੋਸੇ ਗਏ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡਜ਼ ਪੰਜਾਬ ਵਿੱਚ ਲਾਗੂ ਨਹੀਂ ਕਰਨੇ ਚਾਹੀਦੇ, ਸਰਕਾਰ ਵੱਲੋਂ ਵੱਡੇ-ਵੱਡੇ ਐਲਾਨਾਂ, ਬਿਆਨਾਂ ਰਾਹੀਂ ਕੰਟਰੈਕਟ/ਆਊਟ ਸੋਰਸ ਵਰਕਰਾਂ ਨੂੰ ਪੱਕੇ ਕਰਨ ਦੇ ਵਾਅਦਿਆਂ ਤੋਂ ਪਿੱਛੇ ਹਟਣਾ ਇਸ ਸਰਕਾਰ ਵੱਲੋਂ ਨੌਜੁਆਨਾਂ ਨਾਲ ਕੀਤਾ ਗਿਆ ਇੱਕ ਵੱਡਾ ਧੋਖਾ ਹੈ। ਮੁਲਾਜ਼ਮਾਂ ਨੂੰ ਪੇ ਕਮਿਸ਼ਨ ਅਤੇ ਡੀ.ਏ. ਦੇ ਬਕਾਏ ਦੇਣੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਸਕੀਮ ਵਰਕਰਾਂ ਆਂਗਣਵਾੜੀ, ਆਸ਼ਾ ਕਰਮੀ, ਮਿਡ-ਡੇ-ਮੀਲ ਵਰਕਰਾਂ ਆਦਿ ਨੂੰ ਪੱਕਾ ਕਰਨਾ, ਉਸਾਰੀ ਕਿਰਤੀ ਲਾਭਪਾਤਰੀਆਂ ਦੀ ਖੱਜਲ-ਖੁਆਰੀ ਬੰਦ ਕਰਕੇ ਪੇਮੈਂਟਾਂ ਸਮੇਂ ਸਿਰ ਦੇਣਾ, ਨਰੇਗਾ ਵਰਕਰਾਂ ਨੂੰ 200 ਦਿਨਾਂ ਦੇ ਕੰਮ ਦੀ ਗਰੰਟੀ, ਨਰੇਗਾ ਸ਼ਹਿਰਾਂ ਵਿੱਚ ਲਾਗੂ ਕਰਨਾ, ਦਿਹਾੜੀ 1000 ਰੁਪਏ ਕਰਨੀ ਅਤੇ ਬਜਟ ਵਿੱਚ ਲੋੜੀਂਦਾ ਪੂਰਾ ਪੈਸਾ ਰੱਖਣਾ, ਭੱਠਾ ਵਰਕਰਾਂ ਦੇ ਲੇਬਰ ਰੇਟਾਂ ਵਿੱਚ ਵਾਧਾ ਕਰਨਾ ਆਦਿ ਸ਼ਾਮਲ ਹਨ। ਏਟਕ ਆਗੂਆਂ ਵੱਲੋਂ ਪਹਿਲਾਂ ਹੀ ਬਹੁਤ ਜ਼ੋਰਦਾਰ ਤਿਆਰੀਆਂ ਦੇ ਬਾਵਜੂਦ ਮੁਲਾਜ਼ਮਾਂ-ਮਜ਼ਦੂਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੰਗਾਂ ਦੀ ਗੰਭੀਰਤਾ, ਸਰਕਾਰ ਵੱਲੋਂ ਕੀਤੇ ਜਾ ਰਹੇ ਮਜ਼ਦੂਰਾਂ ਨਾਲ ਧੋਖੇ ਅਤੇ ਅਣਦੇਖੀ ਦੇ ਵਿਰੁੱਧ ਪ੍ਰਚੰਡ ਰੋਹ ਪ੍ਰਗਟ ਕਰਨ ਲਈ ਮੋਹਾਲੀ ਰੈਲੀ ਦੀ ਸਫਲਤਾ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।