ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਸਨਅਤੀ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ ਬਹੁਤ ਹੀ ਘੱਟ ਕੀਤੇ ਵਾਧੇ ਦੇ ਵਿਰੋਧ ਵਿੱਚ ਪੰਜਾਬ ਦੇ ਮਜ਼ਦੂਰਾਂ ਦੀ ਪ੍ਰਮੁੱਖ ਜਥੇਬੰਦੀ ਏਟਕ ਵੱਲੋਂ 19 ਮਈ ਨੂੰ ਲੇਬਰ ਭਵਨ ਮੁਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਦੀ ਤਿਆਰੀ ਵਿੱਚ ਅੰਮ੍ਰਿਤਸਰ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਛੇਹਰਟਾ, ਪੁਤਲੀਘਰ, ਬਟਾਲਾ ਰੋਡ, ਘੀ ਮੰਡੀ, ਤਰਨ ਤਾਰਨ ਰੋਡ, ਢਪਈ ਰੋਡ, ਬੱਕਰ ਮੰਡੀ, ਖੂਹ ਭੱਲਾ ਅਤੇ 22 ਨੰਬਰ ਫਾਟਕ ਆਦਿ ਸਨਅਤੀ ਇਲਾਕਿਆਂ ਵਿੱਚ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ। ਇਹਨਾਂ ਨੂੰ ਅਮਰਜੀਤ ਸਿੰਘ ਆਸਲ, ਬ੍ਰਹਮਦੇਵ ਸ਼ਰਮਾ, ਦਸਵਿੰਦਰ ਕੌਰ, ਸੁਖਵੰਤ ਸਿੰਘ, ਮੋਹਨ ਲਾਲ, ਸ਼ਮਸ਼ੇਰ ਨਾਥ, ਜਸਬੀਰ ਸਿੰਘ ਅਤੇ ਸਤਨਾਮ ਸਿੰਘ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 14 ਸਾਲਾਂ ਦੇ ਅਰਸੇ ਬਾਅਦ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਕੇਵਲ 15 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਨਾਲ ਮਜ਼ਦੂਰਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਸਨਅਤੀ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ ਵਾਧਾ ਕਰਨ ਨਾਲ ਸਰਕਾਰੀ ਖਜ਼ਾਨੇ ਉÎੱਪਰ ਕੋਈ ਬੋਝ ਨਹੀਂ ਪੈਂਦਾ ਹੈ। ਸਰਕਾਰ ਨੇ ਕੇਵਲ ਤਨਖਾਹਾਂ ਨਿਸ਼ਚਿਤ ਹੀ ਕਰਨੀਆਂ ਹੁੰਦੀਆਂ ਹਨ, ਜਦੋਂ ਕਿ ਅਦਾਇਗੀ ਪ੍ਰਾਈਵੇਟ ਕਾਰਖਾਨੇਦਾਰਾਂ ਅਤੇ ਦੂਜੇ ਅਦਾਰਿਆਂ ਦੇ ਮਾਲਕਾਂ ਵੱਲੋਂ ਕੀਤੀ ਜਾਂਦੀ ਹੈ। ਲੇਕਿਨ ਪੰਜਾਬ ਦੇ ਕਾਰਖਾਨੇਦਾਰਾਂ ਅਤੇ ਵੱਡੇ ਕਾਰੋਬਾਰੀਆਂ ਦੀ ਲਾਬੀ ਇੰਨੀ ਮਜ਼ਬੂਤ ਹੈ ਕਿ ਹਰ ਸਰਕਾਰ ਉਹਨਾਂ ਦੇ ਦਬਾਅ ਹੇਠ ਹੀ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ ਵਾਧਾ ਕਰਦੀ ਹੈ। ਪਿਛਲੇ 14 ਸਾਲਾਂ ਦੇ ਅਰਸੇ ਦੌਰਾਨ ਕਾਂਗਰਸ, ਅਕਾਲੀ-ਬੀ.ਜੇ.ਪੀ. ਦੀਆਂ ਸਰਕਾਰਾਂ ਵੀ ਰਹੀਆਂ ਹਨ, ਲੇਕਿਨ ਉਹਨਾਂ ਨੇ ਵੀ ਮਜ਼ਦੂਰਾਂ ਦੀ ਅਣਦੇਖੀ ਹੀ ਕੀਤੀ ਹੈ। ਆਪ ਸਰਕਾਰ ਨੇ 4 ਸਾਲਾਂ ਦੇ ਬਾਅਦ ਕੇਵਲ ਨਿਗੂਣਾ ਵਾਧਾ ਹੀ ਕੀਤਾ ਹੈ, ਜਿਸ ਨੂੰ ਮਜ਼ਦੂਰਾਂ ਲਈ ਬਰਦਾਸ਼ਤ ਕਰਨਾ ਬਹੁਤ ਹੀ ਔਖਾ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ 1 ਮਈ ਨੂੰ ਸਪੈਸ਼ਲ ਅੰਸੈਬਲੀ ਦਾ ਸੈਸ਼Îਨ ਸੱਦ ਕੇ ਪਹਿਲਾਂ ਮਜ਼ਦੂਰ ਆਗੂਆਂ ਨੂੰ ਇਸ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਸੀ, ਲੇਕਿਨ ਬਾਅਦ ਵਿੱਚ ਕੇਵਲ ਲੇਬਰ ਮੰਤਰੀ ਵੱਲੋਂ ਲੇਬਰ ਭਵਨ ਮੁਹਾਲੀ ਵਿਖੇ ਹੀ ਮੀਟਿੰਗ ਕੀਤੀ ਗਈ, ਜਿਸ ਵਿੱਚ ਲੇਬਰ ਮੰਤਰੀ ਮਜ਼ਦੂਰ ਆਗੂਆਂ ਦੇ ਨਾਲ ਸਹਿਮਤ ਹੋਏ ਸਨ ਕਿ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ 25 ਫੀਸਦੀ ਦਾ ਵਾਧਾ ਕੀਤਾ ਜਾਵੇਗਾ, ਲੇਕਿਨ ਕਾਰਖਾਨੇਦਾਰਾਂ ਅਤੇ ਵੱਡੇ ਕਾਰੋਬਾਰੀਆਂ ਦੇ ਦਬਾਅ ਹੇਠ ਮੁੱਖ ਮੰਤਰੀ ਵੱਲੋਂ ਕੇਵਲ 15 ਫੀਸਦੀ ਦੇ ਵਾਧੇ ਦਾ ਐਲਾਨ ਹੀ ਕੀਤਾ ਗਿਆ। ਆਗੂਆਂ ਨੇ ਕਿਹਾ ਕਿ 19 ਮਈ ਨੂੰ ਲੇਬਰ ਭਵਨ ਮੁਹਾਲੀ ਵਿਖੇ ਮਜ਼ਦੂਰਾਂ ਦੀ ਰੋਸ ਰੈਲੀ ਵਿੱਚ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਸ਼ਾਮਲ ਹੋਣਗੇ।





