ਸੁਰਜੀਤ ਸਿੰਘ ਰੱਖੜਾ ‘ਆਪ’ ‘ਚ ਸ਼ਾਮਲ

0
21

ਚੰਡੀਗੜ੍ਹ : ਸੁਰਜੀਤ ਸਿੰਘ ਰੱਖੜਾ ਸ਼ਨੀਵਾਰ ਨੂੰ ‘ਆਪ’ ਵਿਚ ਸ਼ਾਮਲ ਹੋ ਗਏ। ਉਨ੍ਹਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ। ਰੱਖੜਾ ਕਾਫੀ ਸਮੇਂ ਤੋਂ ਰਾਜਨੀਤਕ ਖੇਤਰ ‘ਚ ਸਰਗਰਮ ਹਨ। ਉਹ ਸ਼ੁਰੂ ‘ਚ ਗੁਰਚਰਨ ਸਿੰਘ ਟੌਹੜਾ ਨਾਲ ਜੁੜੇ ਹੋਏ ਸਨ, ਪਰ 1999 ‘ਚ ਅਕਾਲੀ ਦਲ ਦੀ ਧੜੇਬੰਦੀ ਦੌਰਾਨ ਬਾਦਲ ਧੜੇ ਨੇ ਸੁਰਜੀਤ ਸਿੰਘ ਰੱਖੜਾ ਨੂੰ ਆਪਣੇ ਨਾਲ ਜੋੜਦਿਆਂ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਾਈ ਸੀ। ਇਸ ਤੋਂ ਬਾਅਦ 2002 ‘ਚ ਸੁਰਜੀਤ ਸਿੰਘ ਰੱਖੜਾ ਸਮਾਣਾ ਹਲਕੇ ਤੋਂ ਬਾਦਲ ਦਲ ਦੇਵਿਧਾਇਕ ਬਣੇ, ਪਰ 2007 ‘ਚ ਹਾਰ ਗਏ ਤੇ 2012 ‘ਚ ਮੁੜ ਸਮਾਣਾ ਤੋਂ ਹੀ ਵਿਧਾਇਕ ਬਣ ਕੇ ਬਾਦਲ ਸਰਕਾਰ ‘ਚ ਪੰਚਾਇਤ ਮੰਤਰੀ ਵੀ ਬਣੇ, ਪਰ ਇਸ ਤੋਂ ਬਾਅਦ ਉਹ 2017 ਅਤੇ 2022 ਦੀਆਂ ਚੋਣਾਂ ਵੀ ਹਾਰ ਗਏ ਸਨ।
ਕੈਦੀ ਵੱਲੋਂ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਸ ਵੱਲੋਂ ਗੋਲੀ ਮਾਰਨ ‘ਤੇ ਮੌਤ
ਹੁਸ਼ਿਆਰਪੁਰ : ਸਥਾਨਕ ਸਿਵਲ ਹਸਪਤਾਲ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸਿਹਤ ਜਾਂਚ ਲਈ ਲਿਆਂਦੇ ਇਕ ਕੈਦੀ ਨੇ ਤੇਜ਼ਧਾਰ ਹਥਿਆਰ ਨਾਲ ਪੁਲਸ ਮੁਲਾਜ਼ਮ ‘ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਹਮੇਸ਼ਾ ਹੀ ਪੁਲਸ ਮੁਲਾਜ਼ਮ ਕੈਦੀਆਂ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਪਹਿਲਾਂ ਮੈਡੀਕਲ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ‘ਚ ਲੈ ਕੇ ਜਾਂਦੇ ਹਨ ਅਤੇ ਇਸੇ ਤਰ੍ਹਾਂ ਕੈਦੀ ਨਸੀਬ ਪੁੱਤਰ ਸ਼ਸ਼ੀ ਪਿੰਡ ਕੋਟਲਾ ਗੌਂਸਪੁਰ ਜ਼ਿਲ੍ਹਾ ਹੁਸ਼ਿਆਰਪੁਰ, ਜਿਸ ਖ਼ਿਲਾਫ਼ ਵੱਖ-ਵੱਖ ਥਾਣਿਆਂ ‘ਚ ਕਤਲ, ਇਰਾਦਾ ਕਤਲ ਤੇ ਹੋਰ ਸੰਗੀਨ ਦੋਸ਼ਾਂ ਤਹਿਤ 7 ਮਾਮਲੇ ਦਰਜ ਸਨ, ਨੂੰ ਪੁਲਸ ਮੁਲਾਜ਼ਮ ਸਿਵਲ ਹਸਪਤਾਲ ਹੁਸ਼ਿਆਰਪੁਰ ‘ਚ ਲੈ ਕੇ ਗਿਆ ਸੀ। ਉਨ੍ਹਾ ਕਿਹਾ ਕਿ ਨਸੀਬ ਸਿੰਘ ਉਰਫ ਬਿੱਲੂ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਜਸਦੀਪ ਸਿੰਘ ਜ਼ਖਮੀ ਹੋ ਗਿਆ, ਪਰ ਉਸ ਨੇ ਦੋਸ਼ੀ ਨੂੰ ਭੱਜਣ ਨਹੀਂ ਦਿੱਤਾ। ਉਸ ਨੇ ਸਵੈ-ਰੱਖਿਆ ਵਿਚ ਗੋਲੀਆਂ ਚਲਾਈਆਂ ਅਤੇ ਦੋਸ਼ੀ ਗੋਲੀਬਾਰੀ ਵਿੱਚ ਗੰਭੀਰ ਜ਼ਖਮੀ ਹੋ ਗਿਆ। ਉਸ ਦੀ ਹਸਪਤਾਲ ਲਿਜਾਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ।