ਮੁੱਖ ਜੱਜ ਦੀ ਬੇਰੁਜ਼ਗਾਰ ਨੌਜਵਾਨਾਂ ਬਾਰੇ ਟਿੱਪਣੀ ਸਹਿਣਯੋਗ ਨਹੀਂ : ਬੰਤ ਬਰਾੜ

0
11

ਜਲੰਧਰ (ਗਿਆਨ ਸੈਦਪੁਰੀ)
ਭਾਰਤ ਦੇ ਚੀਫ ਜਸਟਿਸ ਦੀ ਬੇਰੁਜ਼ਗਾਰ ਨੌਜਵਾਨਾਂ ਬਾਰੇ ਕੀਤੀ ਟਿੱਪਣੀ ਸਹਿਣਯੋਗ ਨਹੀਂ ਤੇ ਇਹ ਉਨ੍ਹਾ ਦੇ ਰੁਤਬੇ ਦੀ ਵੀ ਤੌਹੀਨ ਕਰਦੀ ਹੈ। ਇਹ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਨੈਸ਼ਨਲ ਕੌਂਸਲ ਦੇ ਮੈਂਬਰ ਅਤੇ ਸੀ ਪੀ ਆਈ ਦੇ ਪੰਜਾਬ ਇਕਾਈ ਦੇ ਸਾਬਕਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ ਸਨਿੱਚਰਵਾਰ ਪਾਰਟੀ ਦਫਤਰ ਜਲੰਧਰ ਵਿਖੇ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਸੂਰੀਆ ਕਾਂਤ ਨੇ ਬੇਰੁਜ਼ਗਾਰ ਕੁਝ ਨੌਜਵਾਨਾਂ ਦੀ ਤੁਲਨਾ ਪਰਜੀਵੀ ਤੇ ਕਾਕਰੋਚ ਨਾਲ ਕੀਤੀ ਹੈ। ਅਜਿਹੇ ਵਿਚਾਰਾਂ ਵਾਲੇ ਵਿਅਕਤੀ ਨੂੰ ਚੀਫ ਜਸਟਿਸ ਵਾਲੀ ਕੁਰਸੀ ‘ਤੇ ਬਣੇ ਰਹਿਣ ਦਾ ਅਧਿਕਾਰ ਨਹੀਂ। ਭਾਰਤੀ ਕਮਿਊਨਿਸਟ ਪਾਰਟੀ ਚੀਫ ਜਸਟਿਸ ਦੀ ਟਿੱਪਣੀ ਦਾ ਵਿਰੋਧ ਕਰਦੀ ਹੈ।ਕਾਮਰੇਡ ਬਰਾੜ ਨੇ ਪੰਜਾਬ ਵਿੱਚ ਸਫਾਈ ਕਾਮਿਆਂ ਦੀ ਚੱਲ ਰਹੀ ਹੜਤਾਲ ਦੀ ਹਮਾਇਤ ਕਰਦਿਆਂ ਮੰਗ ਕੀਤੀ ਕਿ ਉਹਨਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਉਹਨਾ ਕਿਹਾ ਕਿ ਮਜ਼ਦੂਰਾਂ ਦਾ ਇਹ ਵਰਗ ਬਹੁਤ ਹੀ ਔਖੇ ਹਾਲਾਤ ਵਿੱਚ ਕੰਮ ਕਰਦਾ ਹੈ। ਸਰਕਾਰ ਆਨਾਕਾਨੀ ਤੇ ਬਹਾਨੇਬਾਜ਼ੀ ਛੱਡ ਕੇ ਹਮਦਰਦੀ ਭਰਿਆ ਵਤੀਰਾ ਵਰਤਦਿਆਂ ਇਹਨਾਂ ਦੀਆਂ ਮੰਗਾਂ ਤੁਰੰਤ ਮੰਨੇ। ਕਾਮਰੇਡ ਬਰਾੜ ਨੇ ਆਰ ਐੱਸ ਐੱਸ ਦੇ ਪੰਜਾਬ ਪ੍ਰਤੀ ਵਤੀਰੇ ਦੀ ਗੱਲ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਦੇ ਸੱਭਿਆਚਾਰ, ਭਾਸ਼ਾ ਤੇ ਪੰਜਾਬੀਆਂ ਦੇ ਫਿਰਕਾਪ੍ਰਸਤੀ ਵਿਰੋਧੀ ਵਰਤਾਰੇ ਦਾ ਦੋਖੀ ਰਿਹਾ ਹੈ। ਉਹਨਾ ਕਿਹਾ ਕਿ ਪੰਜਾਬ ਦੇ ਆਰਮੀ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਲਾਜ਼ਮੀ ਕਰਨਾ ਤੇ ਪੰਜਾਬੀ ਨੂੰ ਚੋਣਵਾਂ ਵਿਸ਼ਾ ਬਣਾਉਣਾ ਪੰਜਾਬ ਤੇ ਪੰਜਾਬੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਹੀ ਹਿੱਸਾ ਹੈ। ਪੰਜਾਬ ਵਿੱਚ ਇਹਨਾਂ ਸਕੂਲਾਂ ਅੰਦਰ ਸੰਸਕ੍ਰਿਤ ਨੂੰ ਲਾਜ਼ਮੀ ਕਰਨਾ ਬਰਦਾਸ਼ਤ ਯੋਗ ਨਹੀਂ ਹੈ। ਅਸੀਂ ਭਾਸ਼ਾਵਾਂ ਦੇ ਵਿਰੋਧੀ ਨਹੀਂ, ਪਰ ਪੰਜਾਬੀ ਨਾਲ ਪੰਜਾਬ ਵਿੱਚ ਹੀ ਧੱਕਾ ਕਰਨਾ ਕਿਸੇ ਤਰ੍ਹਾਂ ਵੀ ਸਹਿਣ ਨਹੀਂ ਕੀਤਾ ਜਾ ਸਕਦਾ। ਉਹਨਾ ਚੰਡੀਗੜ੍ਹ ਪੁਲਸ ਵੱਲੋਂ ਹੱਕ ਮੰਗਦੇ ਕਿਸਾਨਾਂ ‘ਤੇ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਭਵਿੱਖ ਦੇ ਕਾਰਜਾਂ ਨੂੰ ਬਿਆਨ ਕਰਦਿਆਂ ਉਹਨਾ ਕਿਹਾ ਕਿ 19 ਮਈ ਨੂੰ ਮੁਹਾਲੀ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। 6 ਜੂਨ ਨੂੰ ਜਲੰਧਰ ਵਿੱਚ ਪੰਜਾਬ ਦੇ ਮਸਲਿਆਂ ਦੇ ਸੰਬੰਧ ਵਿੱਚ ਮੁਜ਼ਾਹਰਾ ਕੀਤਾ ਜਾਵੇਗਾ। 28 ਸਤੰਬਰ ਦੇ ਦਿੱਲੀ ਮਾਰਚ ਦੀ ਸਫਲਤਾ ਲਈ ਤਿਆਰੀਆਂ ਕੀਤੀਆਂ ਜਾਣਗੀਆਂ। ਹਰਜਿੰਦਰ ਸਿੰਘ ਮੌਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਸ਼ੁਰੂ ਵਿੱਚ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਦੀ ਜੀਵਨ ਸਾਥਣ ਕਾਮਰੇਡ ਸੰਤੋਸ਼ ਬਰਾੜ ਦੇ ਛੋਟੇ ਭਰਾ ਨਰਿੰਦਰ ਕੁਮਾਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੋ ਮਿੰਟ ਦਾ ਮੌਨ ਧਾਰ ਕੇ ਨਰਿੰਦਰ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ, ਵੀਰ ਕੁਮਾਰ, ਪਰਵਿੰਦਰ ਫਲਪੋਤਾ, ਕੁਲਦੀਪ ਬਹਿਰਾਮ, ਕਸ਼ਮੀਰ ਕੁਰੈਸ਼ੀ, ਮਹਿੰਦਰ ਸਿੰਘ ਘੋੜਾਬਾਹੀ ਅਤੇ ਸੰਦੀਪ ਦੌਲੀਕੇ ਸ਼ਾਮਲ ਸਨ।