ਗੁਰਦਾਸਪੁਰ ਦੀ ਐੱਸ ਡੀ ਐੱਮ ਅਨੁਪ੍ਰੀਤ ਕੌਰ ਰੰਧਾਵਾ ਗ੍ਰਿਫ਼ਤਾਰ

0
5

ਗੁਰਦਾਸਪੁਰ (ਜਨਕ ਮਹਾਜਨ)-ਐੱਸ ਡੀ ਐੱਮ ਗੁਰਦਾਸਪੁਰ ਪੀ ਸੀ ਐੱਸ ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਸ਼ਨੀਵਾਰ ਸਵੇਰੇ 7 ਵਜੇ ਪੁਲਸ ਜ਼ਿਲ੍ਹਾ ਤਰਨ ਤਰਨ ਦੀ ਪੱਟੀ ਪੁਲਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ । ਮਾਮਲੇ ਨੂੰ ਜੰਮੂ ਕਸ਼ਮੀਰ-ਰਾਜਸਥਾਨ ਹਾਈਵੇ ਲਈ ਐਕੁਆਇਰ ਕੀਤੀ ਜ਼ਮੀਨ ਵਿਚ ਹੋਏ ਗਬਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ । ਇਸ ਸੰਬੰਧੀ ਅਨੁਪ੍ਰੀਤ ਕੌਰ ਰੰਧਾਵਾ ‘ਤੇ ਇਕ ਕਰੋੜ 63 ਲੱਖ ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਹੈ। ਸ਼ਨੀਵਾਰ ਸਵੇਰੇ ਐੱਸ ਡੀ ਐੱਮ ਉਸ ਵੇਲੇ ਹੈਰਾਨ ਰਹਿ ਗਈ, ਜਦੋਂ ਪੁਲਸ ਜੇਲ੍ਹ ਰੋਡ ਸਥਿਤ ਉਸ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋਈ। ਦੱਸਿਆ ਜਾਂਦਾ ਹੈ ਕਿ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਉਸ ਨੇ ਕਾਫ਼ੀ ਸਮਾਂ ਪੁਲਸ ਦੀ ਕਾਰਵਾਈ ਦਾ ਵਿਰੋਧ ਕੀਤਾ। ਅਨੁਪ੍ਰੀਤ ਨੂੰ 1.63 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ ਵਿੱਚ ਫੜਿਆ ਗਿਆ ਹੈ, ਹਾਲਾਂ ਕਿ ਗੈਰ-ਸਰਕਾਰੀ ਸੂਤਰਾਂ ਦਾ ਦਾਅਵਾ ਹੈ ਕਿ ਇਹ ਰਕਮ ਬਹੁਤ ਜ਼ਿਆਦਾ ਹੋ ਸਕਦੀ ਹੈ। ਐੱਸ ਡੀ ਐੱਮ ਹੋਣ ਦੇ ਨਾਤੇ ਉਹ 2018 ਦੇ ਸ਼ੁਰੂ ਤੋਂ ਫਰਵਰੀ 2019 ਤੱਕ ਸਮਰੱਥ ਅਥਾਰਟੀ ਲੈਂਡ ਐਕੁਆਇਰ ਰਹੀ। ਉਸ ਨੇ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਅਤੇ ਮਾਲ ਰਿਕਾਰਡ ਦੀ ਪੜਤਾਲ ਕੀਤੇ ਬਿਨਾਂ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ।