ਜਲੰਧਰ ਜ਼ਿਲ੍ਹੇ ਦੀਆਂ 5 ਸੀਟਾਂ ਲੜਾਂਗੇ : ਕੈਲੇ

0
5

ਸ਼ਾਹਕੋਟ (ਗਿਆਨ ਸੈਦਪੁਰੀ) ਪੰਜਾਬ ਵਿੱਚ ਭਾਜਪਾ ਵੱਲੋਂ ਸੱਤਾ ਵਿੱਚ ਆਉਣ ਦੇ ਸੁਪਨੇ ‘ਮੁੰਗੇਰੀ ਲਾਲ ਦੇ ਸੁਪਨੇ’ ਸਾਬਿਤ ਹੋਣਗੇ | ਜਿੱਥੇ ਅਣਖੀ ਪੰਜਾਬੀ ਕਿਸਾਨ ਅੰਦੋਲਨ ਸਮੇਂ ਮੋਦੀ ਸਰਕਾਰ ਵੱਲੋਂ ਕੀਤੇ ਜਬਰ ਦਾ ਮੂੰਹ-ਤੋੜ ਜਵਾਬ ਦੇਣਗੇ, ਉੱਥੇ ਪੰਜਾਬ ਨਾਲ ਸੰਬੰਧਤ ਮਸਲਿਆਂ ਤੋਂ ਕਿਨਾਰਾ ਕਰ ਚੁੱਕੇ ਅਕਾਲੀਆਂ ਨੂੰ ਵੀ ਸਬਕ ਸਿਖਾਉਣਗੇ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ ਨੇ ਕੀਤਾ | ਉਹਨਾ ਕਿਹਾ ਕਿ ਬੇਸ਼ੱਕ ‘ਇੰਡੀਆ’ ਬਲਾਕ ਵਿੱਚ ਕਾਂਗਰਸ ਦੀ ਕੇਂਦਰੀ ਭੂਮਿਕਾ ਹੈ, ਪਰ ਪੰਜਾਬ ਦੇ ਸੰਦਰਭ ਵਿੱਚ ਇਸ ਵੱਲੋਂ ਕੋਈ ਵੀ ਸੰਜੀਦਾ ਤੇ ਜ਼ਿੰਮੇਵਾਰੀ ਵਾਲਾ ਰੋਲ ਅਦਾ ਨਹੀਂ ਕੀਤਾ ਜਾ ਰਿਹਾ, ਪਰ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਭਾਜਪਾ ਤੇ ਅਕਾਲੀ ਗਠਜੋੜ ਨੂੰ ਹਰਾਉਣ ਲਈ ਪੂਰੀ ਵਾਹ ਲਾਈ ਜਾਵੇਗੀ | ਜ਼ਿਲ੍ਹਾ ਕੌਂਸਲ ਦੇ ਫੈਸਲੇ ਮੁਤਾਬਕ ਪਾਰਟੀ ਜ਼ਿਲ੍ਹੇ ਦੀਆਂ ਪੰਜ ਸੀਟਾਂ ਫਿਲੌਰ, ਸ਼ਾਹਕੋਟ, ਆਦਮਪੁਰ, ਕਰਤਾਰਪੁਰ ਅਤੇ ਜਲੰਧਰ ਪੱਛਮੀ ਤੋਂ ਆਪਣੇ ਉਮੀਦਵਾਰ ਉਤਾਰੇਗੀ | ਇਸ ਸੰਬੰਧੀ ਉਮੀਦਵਾਰਾਂ ਦੇ ਨਾਂਅ ਪ੍ਰਵਾਨਗੀ ਲਈ ਸੂਬਾ ਕਮੇਟੀ ਨੂੰ ਭੇਜ ਦਿੱਤੇ ਗਏ ਹਨ |