ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸ਼ਨੀਵਾਰ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ, ਜਿਉਂਦ, ਮੌੜ, ਤਲਵੰਡੀ ਸਾਬੋ, ਸੰਗਤ, ਗੋਨਿਆਣਾ, ਭਗਤਾ, ਭੁੱਚੋ ਅਤੇ ਨਥਾਣਾ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਪੁਤਲੇ ਫੂਕੇ ਗਏ।
ਇਸ ਮੌਕੇ ਬੀ ਕੇ ਯੂ (ਉਗਰਾਹਾਂ), ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਬੀ ਕੇ ਯੂ (ਡਕੌਂਦਾ) ਦੇ ਆਗੂਆਂ ਵੱਲੋਂ ਲੰਘੇ ਸ਼ੁੱਕਰਵਾਰ ਚੰਡੀਗੜ੍ਹ ਵਿਖੇ ਕਿਸਾਨਾਂ ‘ਤੇ ਹੋਏ ਤਸ਼ੱਦਦ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ‘ਤੇ ਕਾਬਜ਼ ਭਾਜਪਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਆਪਣੀ ਹੀ ਰਾਜਧਾਨੀ ਵਿੱਚ ਦਾਖ਼ਲਾ ਰੋਕ ਕੇ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਨੂੰ ਕੁਚਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਾਣੀ ਇੱਕ ਕੁਦਰਤੀ ਦਾਤ ਹੈ, ਇਸ ਲਈ ਇਸ ਨੂੰ ਵਪਾਰਕ ਵਸਤੂ ਬਣਾ ਕੇ ਸਰਮਾਏਦਾਰਾਂ ਦੇ ਹਵਾਲੇ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਨੂੰ ਬੋਰ ਰਾਹੀਂ ਧਰਤੀ ਦੇ ਅੰਦਰ ਸੁੱਟਣ ਜਾਂ ਦਰਿਆਵਾਂ ਵਿੱਚ ਵਹਾਉਣ ਵਿਰੁੱਧ ਸਖ਼ਤ ਸਜ਼ਾ ਵਾਲਾ ਕਾਨੂੰਨ ਬਣਾਇਆ ਜਾਵੇ। ਇਸ ਦੇ ਨਾਲ ਹੀ ਪਾਣੀਆਂ ਦੀ ਸੰਭਾਲ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਤੇ ਹਰਿਆਣਾ ਤੇ ਰਾਜਸਥਾਨ ਨਾਲ ਪਾਣੀ ਦੇ ਵਿਵਾਦ ਨੂੰ ਆਪਸੀ ਸਹਿਮਤੀ ਨਾਲ ਮਿਲ-ਬੈਠ ਕੇ ਹੱਲ ਕੀਤਾ ਜਾਵੇ।
ਬਲਾਚੌਰ—ਸ਼ੁੱਕਰਵਾਰ ਚੰਡੀਗੜ੍ਹ ਵਿਖੇ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਜਾਂਦੇ ਕਿਸਾਨਾਂ ‘ਤੇ ਚੰਡੀਗੜ੍ਹ ਪੁਲਸ ਤੇ ਪ੍ਰਸ਼ਾਸਨ ਵਲੋਂ ਕੀਤੇ ਗਏ ਜਬਰ ਦੇ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬਲਾਚੌਰ ਦੇ ਮੁੱਖ ਚੌਕ ਵਿਖੇ ਕੇਂਦਰ ਸਰਕਾਰ ਤੇ ਰਾਜਪਾਲ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੌਮੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲ ਨੇ ਆਖਿਆ ਕਿ ਕਿਸਾਨ ਬਹੁਤ ਸ਼ਾਂਤਮਈ ਤਰੀਕੇ ਨਾਲ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਤਾਂ ਕਿਸਾਨਾਂ ਨੂੰ ਚੰਡੀਗੜ੍ਹ ਵਿਖੇ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਕਿਹਾ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਉਜਾੜ ਕੇ ਵਸਾਏ ਚੰਡੀਗੜ੍ਹ ਦੀ ਧਰਤੀ ‘ਤੇ ਜਾਣ ਤੋਂ ਸਾਨੂੰ ਹੀ ਰੋਕਿਆ ਜਾ ਰਿਹਾ ਹੈ ਅਤੇ ਜਲ ਤੋਪਾਂ, ਅੱਥਰੂ ਗੈਸ ਅਤੇ ਡਾਂਗਾਂ-ਸੋਟਿਆਂ ਦੀ ਵਰਤੋਂ ਨਾਲ ਕਿਸਾਨਾਂ ਦੀ ਆਵਾਜ਼ ਨੂੰ ਬੰਦ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਰਣਜੀਤ ਸਿੰਘ ਰਾਣਾ, ਗੁਰਮੁੱਖ ਸਿੰਘ ਤੇ ਹੋਰਨਾਂ ਨੇ ਸੰਬੋਧਨ ਕੀਤਾ।





