ਚੰਡੀਗੜ੍ਹ (ਗੁਰਜੀਤ ਬਿੱਲਾ)-ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਨੇ ਬੁੱਧਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਸੀ ਐੱਮ ਡੀ ਕੇ ਡੀ ਚੌਧਰੀ ਨੂੰ ਤਤਕਾਲੀ ਐੱਸ ਡੀ ਓ ਸੰਜੀਵ ਪ੍ਰਭਾਕਰ ਅਤੇ ਮੈਸ. ਦਾਮਿਨੀ ਰਿਜ਼ੋਰਟ ਐਂਡ ਬਿਲਡਰਜ਼ ਪ੍ਰਾਇਵੇਟ ਲਿਮਟਿਡ ਲੁਧਿਆਣਾ ਦੇ ਡਾਇਰੈਕਟਰ ਅਮਿਤ ਗਰਗ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਨੂੰ ਵਿਜੀਲੈਂਸ ਪੜਤਾਲ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਉਪਰ ਦੋਸ਼ ਹੈ ਕਿ ਉਨ੍ਹਾਂ ਨੇ ਮਿਲੀਭੁਗਤ ਕਰਕੇ ਨਿੱਜੀ ਕਲੋਨੀ ਬਸੰਤ ਸਿਟੀ ਵਿੱਚ ਲੱਗਭੱਗ 10 ਕਰੋੜ ਰੁਪਏ ਦੇ ਸਰਕਾਰੀ ਫੰਡਾਂ ਦੀ ਵਰਤੋਂ ਕਰਕੇ 66 ਕੇ ਵੀ ਦਾ ਸਬ-ਸਟੇਸ਼ਨ ਲਗਾਇਆ ਸੀ। ਨਿਯਮਾਂ ਅਨੁਸਾਰ ਕਲੋਨਾਈਜ਼ਰ ਨੂੰ ਖੁਦ 66 ਕੇ ਵੀ ਸਬ-ਸਟੇਸ਼ਨ ਵਿੱਚ ਨਿਵੇਸ਼ ਕਰਨਾ ਪੈਣਾ ਸੀ। ਪ੍ਰਭਾਕਰ ਉਦੋਂ ਐੱਸ ਡੀ ਓ ਸਨ ਅਤੇ ਕੇ ਡੀ ਚੌਧਰੀ ਪਹਿਲੇ ਸੀ ਐੱਮ ਡੀ (ਹੁਣ ਸੇਵਾਮੁਕਤ) ਸਨ ।
ਰੁਪੱਈਆ ਹੋਇਆ ਹੋਰ ਕਮਜ਼ੋਰ
ਨਵੀਂ ਦਿੱਲੀ : ਭਾਰਤੀ ਰੁਪੱਈਆ ਡਾਲਰ ਦੇ ਮੁਕਾਬਲੇ ਲਗਾਤਾਰ ਡਿੱਗ ਰਿਹਾ ਹੈ। 20 ਮਈ ਨੂੰ ਪ੍ਰਤੀ ਡਾਲਰ ਦੀ ਕੀਮਤ 96.95 ਰੁਪਏ ਹੋ ਗਈ । ਜੇਕਰ ਰੁਪੱਈਆ 100 ਰੁਪਏ ਪ੍ਰਤੀ ਡਾਲਰ ਨੂੰ ਪਾਰ ਕਰ ਜਾਂਦਾ ਹੈ, ਤਾਂ ਇਹ ਨਾ ਸਿਰਫ਼ ਨਿਵੇਸ਼ਾਂ ਨੂੰ ਪ੍ਰਭਾਵਤ ਕਰੇਗਾ, ਸਗੋਂ ਤੁਹਾਡੇ ਘਰੇਲੂ ਬਜਟ ਨੂੰ ਵੀ ਪ੍ਰਭਾਵਤ ਕਰੇਗਾ। 19 ਮਈ ਨੂੰ ਰੁਪਏ ਦੀ ਕੀਮਤ 96.57 ਰੁਪਏ ਪ੍ਰਤੀ ਡਾਲਰ ਸੀ।
ਚੰਡੀਗੜ੍ਹ ‘ਚ ਛੁੱਟੀਆਂ 23 ਤੋਂ
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ (ਡੀ ਈ ਓ) ਨੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਲਈ 2026 ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਹੁਕਮ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਦੇ ਦਸਤਖਤਾਂ ਨਾਲ ਜਾਰੀ ਕੀਤਾ ਗਿਆ ਹੈ। ਗਰਮੀਆਂ ਦੀਆਂ ਛੁੱਟੀਆਂ 23 ਮਈ ਤੋਂ 30 ਜੂਨ ਤੱਕ ਹੋਣਗੀਆਂ। ਹਾਲਾਂ ਕਿ 29 ਅਤੇ 30 ਜੂਨ ਅਧਿਆਪਕਾਂ ਲਈ ਕੰਮਕਾਜੀ ਦਿਨ ਹੋਣਗੇ। ਪਤਝੜ ਦੀਆਂ ਛੁੱਟੀਆਂ 7 ਨਵੰਬਰ ਤੋਂ 11 ਨਵੰਬਰ ਤੱਕ ਹੋਣਗੀਆਂ। ਸਰਦੀਆਂ ਦੀਆਂ ਛੁੱਟੀਆਂ 26 ਦਸੰਬਰ ਤੋਂ 7 ਜਨਵਰੀ, 2027 ਤੱਕ ਹੋਣਗੀਆਂ।




