ਐਮਰਜੈਂਸੀ ਤੋਂ 51 ਸਾਲ ਬਾਅਦ…

0
3

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਜਵਾਬਦੇਹੀ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਸਵਾਲਾਂ ਨੂੰ ਲੈ ਕੇ ਨੌਜਵਾਨਾਂ ਦੇ ਜੰਤਰ-ਮੰਤਰ ‘ਚ 10 ਅਕਤੂਬਰ ਦੇ ਪ੍ਰਦਰਸ਼ਨ ਨੂੰ ਲੈ ਕੇ ਟਕਰਾਅ ਵਾਲੇ ਹਾਲਾਤ ਬਣ ਗਏ, ਜਦੋਂ ਸਰਕਾਰ ਨੇ ਪੋ੍ਰਟੈਸਟਰਾਂ ਦਾ ਕੌਮੀ ਰਾਜਧਾਨੀ ਵਿੱਚ ਦਾਖਲਾ ਰੋਕਣ ਲਈ ਰੇਲ ਗੱਡੀਆਂ ਰੋਕ ਦਿੱਤੀਆਂ | ਦੇਸ਼-ਭਰ ਵਿੱਚ ਕਾਰਕੁੰਨਾਂ ਦੀਆਂ ਗਿ੍ਫਤਾਰੀਆਂ ਦੀਆਂ ਰਿਪੋਰਟਾਂ ਹਨ | 1975 ਦੀ ਐਮਰਜੈਂਸੀ ਤੋਂ ਬਾਅਦ ਅਜਿਹੇ ਹਾਲਾਤ ਪਹਿਲੀ ਵਾਰੀ ਬਣੇ ਹਨ | ਨੌਜਵਾਨਾਂ ਨੇ ਪੁਲਸ ਦੀ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਕਰਨ ਦੇ ਆਪਣੇ ਇਰਾਦੇ ਨੂੰ ਦੁਹਰਾਇਆ ਹੈ | ਭਾਰਤੀ ਰੇਲਵੇ ਨੇ 10 ਅਕਤੂਬਰ ਨੂੰ ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਸਟੇਸ਼ਨਾਂ ‘ਤੇ ਆਉਣ ਵਾਲੀਆਂ ਸਾਰੀਆਂ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ | ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਕਿਹਾ, ”ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ | ਸਰਕਾਰ ਜਿਸ ਤਰ੍ਹਾਂ ਦਾ ਡਰ ਦਿਖਾ ਰਹੀ ਹੈ, ਉਹ ਆਪਣੇ ਆਪ ਵਿੱਚ ਸਵਾਲ ਖੜ੍ਹੇ ਕਰਦਾ ਹੈ |”
ਏ ਆਈ ਐੱਸ ਏ ਦੀ ਪ੍ਰਧਾਨ ਨੇਹਾ ਬੋਰਾ ਨੇ ਸ਼ੁੱਕਰਵਾਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੰਦੋਲਨ ਨੂੰ ਡਿੱਗਣ ਨਾ ਦੇਣ, ਭਾਵੇਂ ਇਸਦੇ ਨੇਤਾਵਾਂ ਨੂੰ ਗਿ੍ਫਤਾਰ ਕਰ ਲਿਆ ਜਾਵੇ | ਨੇਹਾ ਨੇ ਦੋਸ਼ ਲਾਇਆ ਕਿ ਅਧਿਕਾਰੀ ਵੱਡੇ ਪੱਧਰ ‘ਤੇ ਲੋਕਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਰਹੇ ਹਨ ਅਤੇ ਪੁਲਸ ਕਰਮਚਾਰੀ ਪ੍ਰਦਰਸ਼ਨ ਦੇ ਪ੍ਰਬੰਧਕਾਂ ਦੀ ਭਾਲ ਕਰ ਰਹੇ ਹਨ |
ਨੇਹਾ ਨੇ ਕਿਹਾ ਕਿ ਦਿੱਲੀ ਜਾਣ ਵਾਲੀਆਂ ਰੇਲਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ; ਪ੍ਰਦਰਸ਼ਨ ਤੋਂ ਪਹਿਲਾਂ 57 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਸਨ; ਅਰਧ ਸੈਨਿਕ ਬਲ, ਫੌਜ ਅਤੇ ਸੁਰੱਖਿਆ ਕਰਮਚਾਰੀਆਂ ਦੀ ਵੱਡੀ ਗਿਣਤੀ ਤਾਇਨਾਤ ਕੀਤੀ ਜਾ ਰਹੀ ਹੈ | ਇਹ ਦੇਸ਼ ਵਿੱਚ ਖੁੱਲ੍ਹੀ ਐਮਰਜੈਂਸੀ ਦੀ ਸਥਿਤੀ ਤੋਂ ਇਲਾਵਾ ਕੁਝ ਨਹੀਂ ਹੈ |
ਉਸਨੇ 1942 ਦੇ ਭਾਰਤ ਛੱਡੋ ਅੰਦੋਲਨ ਨਾਲ ਸਮਾਨਤਾ ਖਿੱਚੀ, ਜਦੋਂ 8 ਅਗਸਤ ਨੂੰ ਇੱਕ ਵਿਰੋਧ ਪ੍ਰਦਰਸ਼ਨ ਦੇ ਸੱਦੇ ਤੋਂ ਬਾਅਦ ਕਈ ਆਜ਼ਾਦੀ ਘੁਲਾਟੀਆਂ ਨੂੰ ਗਿ੍ਫਤਾਰ ਕੀਤਾ ਗਿਆ ਸੀ | ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ | ਜਿਵੇਂ 1942 ਵਿੱਚ, ਨੇਤਾਵਾਂ ਦੀ ਗਿ੍ਫਤਾਰੀ ਭਾਰਤ ਛੱਡੋ ਅੰਦੋਲਨ ਨੂੰ ਨਹੀਂ ਰੋਕ ਸਕੀ; ਇਹ ਅੰਦੋਲਨ ਵੀ ਨਹੀਂ ਰੁਕੇਗਾ | ਜਿਵੇਂ ਉਹ ਅੰਗਰੇਜ਼ਾਂ ਦੀ ਪਲੇਬੁੱਕ ਦੀ ਨਕਲ ਕਰਦੇ ਹਨ, ਅਸੀਂ ਆਜ਼ਾਦੀ ਸੰਗਰਾਮ ਦੀ ਨਕਲ ਕਰਦੇ ਹਾਂ!
ਨੇਹਾ ਨੇ ਵਿਰੋਧ ਪ੍ਰਦਰਸ਼ਨ ਲਈ ਦਿੱਲੀ ਜਾ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਤਾਂ ਉਹ ਅਗਵਾਈ ਲੈਣ, ਅਤੇ ਮੈਟਰੋ ਅਤੇ ਰੇਲਵੇ ਸਟੇਸ਼ਨਾਂ ਸਮੇਤ ਜਿੱਥੇ ਵੀ ਉਨ੍ਹਾਂ ਨੂੰ ਰੋਕਿਆ ਜਾਵੇ, ਉੱਥੇ ਧਰਨਾ ਦੇਣ |
ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ਦਾ ਪੈਮਾਨਾ ਦਰਸਾਉਂਦਾ ਹੈ ਕਿ ਇਹ ਵੱਡੀ ਗਿਣਤੀ ਵਿੱਚ ਲੋਕਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਉਮੀਦ ਕਰਦੀ ਹੈ | ਅੰਦੋਲਨ ਨੇ ਆਪਣੀ ਪਹਿਲੀ ਇਖਲਾਕੀ ਅਤੇ ਸਿਆਸੀ ਜਿੱਤ ਪ੍ਰਾਪਤ ਕਰ ਲਈ ਹੈ, ਪਰ ਅਸਲ ਲੜਾਈ ਅਜੇ ਬਾਕੀ ਹੈ | ਸਰਕਾਰ ਦੀਆਂ ਕਾਰਵਾਈਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਸਨੇ ਇਸ ਵਿਰੋਧ ਪ੍ਰਦਰਸ਼ਨ ਲਈ ਜਨਤਕ ਸਮਰਥਨ ਦੀ ਗੰਭੀਰਤਾ ਨੂੰ ਵੀ ਸਮਝ ਲਿਆ ਹੈ | ਪੁਲਸ ਯੂਨੀਵਰਸਿਟੀਆਂ, ਕਾਲਜਾਂ ਅਤੇ ਪੇਇੰਗ ਗੈਸਟ ਰਿਹਾਇਸ਼ਾਂ ਵਿੱਚ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਨਾ ਲੈਣ ਲਈ ਮਨਾਇਆ ਜਾ ਸਕੇ | ਸਥਾਨਕ ਪੱਧਰ ‘ਤੇ, ਲੋਕਾਂ ਨੂੰ ਮਾਰਚ ਵਿੱਚ ਨਾ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ | ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਹੋਰ ਜਨਤਕ ਥਾਵਾਂ ‘ਤੇ ਵੀ ਐਲਾਨ ਕੀਤੇ ਜਾ ਰਹੇ ਹਨ | ਇਹ ਫੈਸਲਾ ਕਰਨਾ ਪੁਲਸ ਦਾ ਕੰਮ ਨਹੀਂ ਹੈ ਕਿ ਨਾਗਰਿਕਾਂ ਨੂੰ ਕਿਸੇ ਸਿਆਸੀ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ |
ਉੱਤਰ ਪੱਛਮੀ ਰੇਲਵੇ ਵੱਲੋਂ ਸ਼ਨਿਚਰਵਾਰ ਲਈ ਦਿੱਲੀ ਜਾਣ ਵਾਲੀਆਂ 13 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਇਨ੍ਹਾਂ ਵਿੱਚੋਂ ਜ਼ਿਆਦਾਤਰ ਰੇਲ ਗੱਡੀਆਂ ਹਰਿਆਣਾ ਤੋਂ ਚੱਲਦੀਆਂ ਹਨ | ਉੱਤਰ ਪੱਛਮੀ ਰੇਲਵੇ ਦੇ ਬੀਕਾਨੇਰ ਡਿਵੀਜ਼ਨ ਨੇ ਸ਼ੁੱਕਰਵਾਰ ਨੂੰ ਦਿੱਲੀ ਜਾਣ ਵਾਲੀਆਂ 13 ਰੇਲ ਗੱਡੀਆਂ 10 ਅਕਤੂਬਰ ਲਈ ਰੱਦ ਕਰਨ ਦਾ ਐਲਾਨ ਕੀਤਾ | ਇਨ੍ਹਾਂ ਵਿੱਚ ਹਰਿਆਣਾ ਵਿੱਚੋਂ ਲੰਘਣ ਵਾਲੀਆਂ ਕਈ ਰੇਲ ਗੱਡੀਆਂ ਸ਼ਾਮਲ ਹਨ | ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਵਿੱਚ ਸਿਰਸਾ-ਤਿਲਕ ਬਿ੍ਜ ਹਰਿਆਣਾ ਐਕਸਪ੍ਰੈੱਸ (ਰੇਲ ਗੱਡੀ ਨੰਬਰ 15308) ਸ਼ਾਮਲ ਹੈ | ਇਸੇ ਤਰ੍ਹਾਂ ਤਿਲਕ ਬਿ੍ਜ-ਭਿਵਾਨੀ ਐਕਸਪ੍ਰੈੱਸ (ਰੇਲ ਗੱਡੀ ਨੰਬਰ 14738) ਅਤੇ ਭਿਵਾਨੀ-ਤਿਲਕ ਬਿ੍ਜ ਐਕਸਪ੍ਰੈੱਸ (ਰੇਲ ਗੱਡੀ ਨੰਬਰ 14737) ਵੀ ਰੱਦ ਰਹਿਣਗੀਆਂ | ਇਸ ਤੋਂ ਇਲਾਵਾ ਰਿਵਾੜੀ-ਪੁਰਾਣੀ ਦਿੱਲੀ ਪੈਸੰਜਰ (ਰੇਲ ਗੱਡੀ ਨੰਬਰ 54414), ਪੁਰਾਣੀ ਦਿੱਲੀ-ਰਿਵਾੜੀ ਪੈਸੰਜਰ (ਰੇਲ ਗੱਡੀ ਨੰਬਰ 54421), ਹਿਸਾਰ-ਪੁਰਾਣੀ ਦਿੱਲੀ ਪੈਸੰਜਰ (ਰੇਲ ਗੱਡੀ ਨੰਬਰ 54310) ਅਤੇ ਹਿਸਾਰ-ਨਵੀਂ ਦਿੱਲੀ ਪੈਸੰਜਰ (ਰੇਲ ਗੱਡੀ ਨੰਬਰ 54424) ਰੱਦ ਕੀਤੀਆਂ ਗਈਆਂ ਹਨ | ਮੁੰਬਈ ਵਿੱਚ ਸੀ ਜੇ ਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇ ਸਰਕਾਰ ਨੌਜਵਾਨਾਂ ਤੋਂ ਡਰਦੀ ਹੈ ਤਾਂ ਉਸ ਨੂੰ ਪੂਰੇ ਦੇਸ਼ ਦੀਆਂ ਸੇਵਾਵਾਂ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਹਨ |