ਚੰਡੀਗੜ੍ਹ (ਨ ਜ਼ ਸ)- ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਸਾਬਕਾ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਹਰਦੇਵ ਸਿੰਘ ਅਰਸ਼ੀ ਮੈਂਬਰ ਕੇਂਦਰੀ ਕੰਟਰੋਲ ਕਮਿਸ਼ਨ ਸੀ ਪੀ ਆਈ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਬਲਵਿੰਦਰ ਸਿੰਘ ਜੰਮੂ, ਜਿਹੜੇ ਕਿ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਹਨ, ਉਹਨਾ ਦੇ ਸਪੁੱਤਰ ਨਾਮੀ ਵਕੀਲ ਗਗਨਦੀਪ ਜੰਮੂ ਉਪਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ਕੇ ਕੀਤਾ ਹਮਲਾ ਇੱਕ ਗਹਿਰੀ ਸਾਜ਼ਿਸ਼ ਦਾ ਨਤੀਜਾ ਜਾਪਦਾ ਹੈ। ਗਗਨਦੀਪ ਜੰਮੂ ਜਿਹੜੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਦੇ ਸਕੱਤਰ ਵੀ ਰਹਿ ਚੁੱਕੇ ਹਨ ਅਤੇ ਉਹ 35 ਸਾਲ ਦੀ ਉਮਰ ਵਿੱਚ ਹੀ ਇੱਕ ਚੋਟੀ ਦੀ ਸ਼ਖਸੀਅਤ ਵਜੋਂ ਸਥਾਪਤ ਹਨ, ਹਮਲਾਵਰਾਂ ਵੱਲੋਂ ਉਹਨਾ ਦੀ ਕਾਰ ਉੱਤੇ ਚਲਾਈਆਂ ਗੋਲੀਆਂ ਦਾ ਸਾਫ ਮਕਸਦ ਇੱਕ ਜਾਨਲੇਵਾ ਹਮਲਾ ਸੀ। ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਇਸ ਹਮਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਪੰਜਾਬ ਸਰਕਾਰ, ਪੁਲਸ ਪ੍ਰਸ਼ਾਸਨ ਅਤੇ ਹੋਰ ਏਜੰਸੀਆਂ ਨੂੰ ਜ਼ੋਰ ਦੇ ਕੇ ਕਹਿੰਦੀ ਹੈ ਕਿ ਇਸ ਸਾਜ਼ਿਸ਼ ਨੂੰ ਜਲਦੀ ਤੋਂ ਜਲਦੀ ਨੰਗਾ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਬਿਨਾਂ ਦੇਰੀ ਗਿਰਫਤਾਰ ਕੀਤਾ ਜਾਵੇ। ਇਸ ਤੋਂ ਇਲਾਵਾ ਐਡਵੋਕੇਟ ਗਗਨਦੀਪ ਜੰਮੂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।




