ਮਦਰੱਸਿਆਂ ‘ਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ

0
17

ਕੋਲਕਾਤਾ : ਪੱਛਮੀ ਬੰਗਾਲ ਸਰਕਾਰ ਨੇ ਰਾਜ ਦੇ ਘੱਟ-ਗਿਣਤੀ ਮਾਮਲਿਆਂ ਅਤੇ ਮਦਰੱਸਾ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਸਾਰੇ ਮਦਰੱਸਿਆਂ ਵਿਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕਰ ਦਿੱਤਾ ਹੈ। ਇਹ ਹੁਕਮ 19 ਮਈ ਨੂੰ ਜਾਰੀ ਕੀਤਾ ਗਿਆ ਸੀ ਅਤੇ ਅੱਜ ਵੇਰਵਾ ਸਾਹਮਣੇ ਆਇਆ ਹੈ। ਸਰਕਾਰੀ ਹੁਕਮਾਂ ਅਨੁਸਾਰ ਇਹ ਨਿਯਮ ਸਰਕਾਰੀ ਸੰਚਾਲਿਤ ਮਾਡਲ ਮਦਰੱਸਿਆਂ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਗੈਰ-ਸਹਾਇਤਾ ਪ੍ਰਾਪਤ ਮਦਰੱਸਿਆਂ ‘ਤੇ ਤੁਰੰਤ ਲਾਗੂ ਹੋਵੇਗਾ। ਨਵੇਂ ਹੁਕਮਾਂ ਤੋਂ ਬਾਅਦ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਸਵੇਰ ਦੀ ਸਭਾ ਵਿਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਹੋਵੇਗਾ। ਪਹਿਲਾਂ ਮਦਰੱਸਿਆਂ ਵਿਚ ਸਵੇਰ ਦੀ ਨਮਾਜ਼ ਦੌਰਾਨ ਰਾਸ਼ਟਰੀ ਗੀਤ ‘ਜਨ ਗਨ ਮਨ’ ਅਤੇ ਕਵੀ ਗੁਲਾਮ ਮੁਸਤਫਾ ਦਾ ਗੀਤ ‘ਅਨੰਤਾ ਅਸੀਮ ਪ੍ਰੇਮਮੇ ਤੁਮੀ’ (ਬੰਗਾਲੀ) ਗਾਇਆ ਜਾਂਦਾ ਸੀ।
ਘਰ ਦੇ ਅੰਦਰ ਜ਼ੋਰਦਾਰ ਧਮਾਕਾ, ਔਰਤ ਦੀ ਮੌਤ
ਅੰਮ੍ਰਿਤਸਰ : ਸਥਾਨਕ ਅੰਨਗੜ੍ਹ ਇਲਾਕੇ ਵਿੱਚ ਇੱਕ ਮਕਾਨ ਵਿੱਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ ਅਤੇ ਇਸ ਘਟਨਾ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੈ। ਘਟਨਾ ਵਿੱਚ ਮਰਨ ਵਾਲੀ ਔਰਤ ਦੀ ਸ਼ਨਾਖਤ ਸੁਮਨਪ੍ਰੀਤ ਅਤੇ ਜ਼ਖਮੀ ਹੋਈ ਔਰਤ ਦੀ ਸ਼ਨਾਖਤ ਗੁਰਪ੍ਰੀਤ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਪੁਲਸ ਅਧਿਕਾਰੀ ਮੌਕੇ ‘ਤੇ ਪੁੱਜੇ ਸਨ। ਉਹਨਾਂ ਦੱਸਿਆ ਕਿ ਇਹ ਘਟਨਾ ਇਥੇ ਇਮਾਰਤ ਵਿੱਚ ਨਜਾਇਜ਼ ਪਟਾਕੇ ਬਣਾਉਣ ਕਾਰਨ ਵਾਪਰੀ ਹੈ। ਮਕਾਨ ਦੀ ਪਹਿਲੀ ਮੰਜ਼ਲ ‘ਤੇ ਧਮਾਕੇ ਨਾਲ ਅੱਗ ਲੱਗ ਗਈ, ਜਿੱਥੇ ਕਿ ਪਟਾਕੇ ਬਣਾਉਣ ਦਾ ਸਮਾਨ ਇਕੱਠਾ ਕੀਤਾ ਹੋਇਆ ਸੀ। ਅੱਗ ਲੱਗਣ ਨਾਲ ਸਾਰੀ ਇਮਾਰਤ ਅੱਗ ਦੀ ਲਪੇਟ ਵਿੱਚ ਆ ਗਈ।
31 ਨਸ਼ੇੜੀ ਭੱਜ ਗਏ
ਧਰਮਕੋਟ : ਸਰਕਾਰੀ ਨਸ਼ਾ ਮੁਕਤੀ ਕੇਂਦਰ ਜਨੇਰ ਵਿੱਚੋਂ 31 ਨਸ਼ੇੜੀ ਬੁੱਧਵਾਰ ਰਾਤ ਸੁਰੱਖਿਆ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਅਤੇ ਮਾਰਕੁਟਾਈ ਕਰਦੇ ਹੋਏ ਫਰਾਰ ਹੋ ਗਏ। ਕੁਝ ਦਿਨ ਪਹਿਲਾਂ ਹੀ ਪੁਲਸ ਨੇ ਵੱਖ-ਵੱਖ ਗੰਭੀਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਦੋ ਨਸ਼ੇੜੀਆਂ ਨੂੰ ਇਸ ਕੇਂਦਰ ਵਿੱਚ ਭਰਤੀ ਕਰਵਾਇਆ ਸੀ। ਇਨ੍ਹਾਂ ਦੋਵਾਂ ਨੇ ਹੀ ਬਾਕੀ ਨਸ਼ੇੜੀਆਂ ਨੂੰ ਉੱਥੋਂ ਭੱਜਣ ਲਈ ਉਕਸਾਇਆ। ਥਾਣਾ ਕੋਟ ਈਸੇ ਖਾਂ ਦੇ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਨੇ ਦੱਸਿਆ ਕਿ ਉਕਸਾਉਣ ਵਾਲੇ ਉਕਤ ਦੋਵਾਂ ਨਸ਼ੇੜੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਘਟਨਾ ਦੇ ਸਮੇਂ ਕੇਂਦਰ ਵਿੱਚ ਕੁੱਲ 98 ਮਰੀਜ਼ ਭਰਤੀ ਸਨ।
ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ : ਚੰਡੀਗੜ੍ਹ, ਬਠਿੰਡਾ ਤੇ ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਵੀਰਵਾਰ ਸਵੇਰੇ ਚੰਡੀਗੜ੍ਹ ‘ਚ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਨਵੀਆਂ ਈਮੇਲਾਂ ਪ੍ਰਾਪਤ ਹੋਈਆਂ। ਤੁਰੰਤ ਬਾਅਦ, ਚੰਡੀਗੜ੍ਹ ਪੁਲਸ ਅਤੇ ਬੰਬ ਖੋਜ ਦਸਤੇ ਪ੍ਰਭਾਵਿਤ ਸਕੂਲਾਂ ਵਿੱਚ ਪਹੁੰਚ ਗਏ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਈਮੇਲ ਪ੍ਰਾਪਤ ਹੋਣ ਵਾਲੇ ਸਕੂਲਾਂ ਵਿੱਚ ਸੇਂਟ ਸਟੀਫਨ ਸਕੂਲ, ਸੈਕਟਰ 45; ਦਿੱਲੀ ਪਬਲਿਕ ਸਕੂਲ, ਸੈਕਟਰ 40; ਚਿਤਕਾਰਾ ਇੰਟਰਨੈਸ਼ਨਲ ਸਕੂਲ, ਸੈਕਟਰ 25 ਸ਼ਾਮਲ ਹਨ। ਬਠਿੰਡਾ ਵਿਚ ਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। “ਬਠਿੰਡਾ ਸਕੂਲਜ਼” ਦੇ ਨਾਂਅ ‘ਤੇ ਇੱਕ ਧਮਕੀ ਭਰਿਆ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸ਼ਹਿਰ ਦੇ ਅੱਧੀ ਦਰਜਨ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਕਿਸੇ ਖਾਲਿਸਤਾਨੀ ਗਰੁੱਪ ਵੱਲੋਂ ਜਾਰੀ ਇਸ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਹਾਈ ਅਲਰਟ ‘ਤੇ ਆ ਗਈਆਂ ਹਨ।