ਕਾਨੂੰਨ ਦੀ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੇ ਮਾਮਲੇ ਵਿੱਚ ਅੱਠ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਹਿੰਦੂ ਯੁਵਾ ਵਾਹਿਨੀ ਦੀ ਗਾਜ਼ੀਆਬਾਦ ਇਕਾਈ ਦੇ ਸਾਬਕਾ ਮੁਖੀ ਸੁਸ਼ੀਲ ਪ੍ਰਜਾਪਤੀ ਦੇ ਜ਼ਮਾਨਤ ‘ਤੇ ਡਾਸਨਾ ਜੇਲ੍ਹ ਤੋਂ ਰਿਹਾਅ ਹੋਣ ‘ਤੇ ਉਸ ਦੇ ਸਮਰਥਕਾਂ ਵੱਲੋਂ ਇੱਕ ਹੀਰੋ ਵਾਂਗ ਸਵਾਗਤ ਕੀਤਾ ਗਿਆ। ਬਲਾਤਕਾਰ ਦੇ ਦੋਸ਼ੀ ਨੂੰ ਗੇਂਦੇ ਦੇ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਰੋਡ ਸ਼ੋਅ ਕੀਤਾ ਗਿਆ। ਸਮਰਥਕਾਂ ਨੇ ਉਸ ਨੂੰ ਮੋਢਿਆਂ ‘ਤੇ ਚੁੱਕ ਕੇ ਨਾਅਰੇ ਲਾਏ, ਜਦੋਂ ਕਿ ਆਲੇ-ਦੁਆਲੇ ਦੇ ਲੋਕ ਹੱਥ ਮਿਲਾਉਂਦੇ ਅਤੇ ਮੁਸਕਰਾਉਂਦੇ ਦਿਖਾਈ ਦਿੱਤੇ।
ਐੱਲ ਐੱਲ ਬੀ ਦੀ ਵਿਦਿਆਰਥਣ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ 2021 ਵਿੱਚ ਪ੍ਰਜਾਪਤੀ ਨੂੰ ਮਿਲੀ ਸੀ। ਉਸ ਨੇ ਉਸ ਨੂੰ ਗਾਜ਼ੀਆਬਾਦ ਅਦਾਲਤ ਵਿੱਚ ਕਾਨੂੰਨ ਦੀ ਪ੍ਰੈਕਟਿਸ ਕਰਨ ਦੀ ਸਲਾਹ ਦਿੱਤੀ ਅਤੇ ਵਿੱਤੀ ਤੇ ਹੋਰ ਸਹਾਇਤਾ ਦਾ ਭਰੋਸਾ ਦਿੱਤਾ। ਫਿਰ ਉਹ ਉਸ ਨੂੰ ਇੱਕ ਸੀਨੀਅਰ ਵਕੀਲ ਨੂੰ ਮਿਲਾਉਣ ਲਈ ਆਪਣੀ ਕਾਰ ਵਿੱਚ ਗਾਜ਼ੀਆਬਾਦ ਦੇ ਇੱਕ ਫਲੈਟ ਵਿੱਚ ਲੈ ਗਿਆ, ਜਿੱਥੇ ਨਸ਼ੀਲਾ ਸਾਫਟ ਡ੍ਰਿੰਕ ਪਿਲਾ ਕੇ ਬੇਹੋਸ਼ ਕਰਕੇ ਬਲਾਤਕਾਰ ਕੀਤਾ। ਜਦੋਂ ਉਹ ਹੋਸ਼ ਵਿੱਚ ਆਈ ਤਾਂ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਫਿਰ ਉਹ ਉਸ ਨੂੰ ਸੜਕ ‘ਤੇ ਛੱਡ ਕੇ ਚਲਾ ਗਿਆ।
ਸ਼ਿਕਾਇਤ ਦੇ ਆਧਾਰ ‘ਤੇ 8 ਅਗਸਤ 2025 ਨੂੰ ਮੁਰਾਦਨਗਰ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਨੇ ਸ਼ੁਰੂ ਵਿੱਚ ਆਤਮ-ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪੁਲਸ ਨੇ ਉਸ ਦੇ ਸਿਰ ‘ਤੇ 25,000 ਦਾ ਇਨਾਮ ਐਲਾਨਿਆ। ਬਾਅਦ ਵਿੱਚ ਉਸ ਨੂੰ 11 ਅਗਸਤ, 2025 ਨੂੰ ਗ੍ਰਿਫਤਾਰ ਕਰ ਲਿਆ ਗਿਆ।
ਭਾਜਪਾ ਦੀ ਹਕੂਮਤ ਵਾਲੇ ਰਾਜਾਂ ਵਿੱਚ ਅਪਰਾਧੀਆਂ ਦਾ ਇਸ ਤਰ੍ਹਾਂ ਸਵਾਗਤ ਕੋਈ ਨਵੀਂ ਗੱਲ ਨਹੀਂ ਹੈ। ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਛੱਡਣ ਮੌਕੇ ਵੀ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ। ਇਹ ਘਟਨਾਵਾਂ ਕੱਟੜਪੰਥੀ ਤਾਕਤਾਂ ਦੇ ਵਿਆਪਕ ਏਜੰਡੇ ਦਾ ਹਿੱਸਾ ਹਨ, ਜਿਨ੍ਹਾਂ ਦਾ ਉਦੇਸ਼ ਹਿੰਦੂ ਸਮਾਜ ਨੂੰ ਹਿੰਸਕ ਬਣਾਉਣਾ ਹੈ। ਇੱਕ ਮੁਲਜ਼ਮ ਦਾ ਹੀਰੋ ਵਾਂਗ ਸਵਾਗਤ ਕਰਨਾ ਨਾ ਸਿਰਫ ਇੱਕ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ, ਸਗੋਂ ਇਹ ਇੱਕ ਖਤਰਨਾਕ ਰੁਝਾਨ ਵੀ ਹੈ, ਜਿਸ ਦੇ ਦੂਰਗਾਮੀ ਨਤੀਜੇ ਨਿਕਲਣਗੇ। ਅਜਿਹਾ ਸਵਾਗਤ ਉਸ ਯੂ ਪੀ ਵਿੱਚ ਹੋਇਆ ਹੈ, ਜਿੱਥੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ 2023 ਵਿੱਚ ਔਰਤਾਂ ਵਿਰੁੱਧ ਅਪਰਾਧਾਂ ਨਾਲ ਸੰਬੰਧਤ ਸਭ ਤੋਂ ਵੱਧ 66,381 ਮਾਮਲੇ ਦਰਜ ਕੀਤੇ ਗਏ ਸਨ। ਹਾਲ ਹੀ ਵਿੱਚ ਯੂ ਪੀ ਦੇ ਮਹੋਬਾ ਵਿੱਚ ਰੋਜ਼ਾਨਾ ਕੋਚਿੰਗ ਕਲਾਸ ਤੋਂ ਵਾਪਸ ਆ ਰਹੀ ਇੱਕ ਕੁੜੀ ਨੂੰ ਅਗਵਾ ਕਰਕੇ 16 ਦਿਨਾਂ ਤੱਕ ਬੰਦੀ ਬਣਾ ਕੇ ਜਿਨਸੀ ਹਵਸ ਦਾ ਸ਼ਿਕਾਰ ਬਣਾਇਆ ਗਿਆ। 18 ਮਈ ਨੂੰ ਯੂ ਪੀ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਤਿੰਨ ਨੌਜਵਾਨਾਂ ਨੇ ਕਥਿਤ ਤੌਰ ‘ਤੇ ਇੱਕ 17 ਸਾਲਾ ਦਲਿਤ ਕੁੜੀ ਨੂੰ ਅਗਵਾ ਕਰਕੇ ਸਮੂਹਕ ਬਲਾਤਕਾਰ ਕੀਤਾ। 15 ਅਪ੍ਰੈਲ ਨੂੰ ਗਾਜ਼ੀਪੁਰ ਜ਼ਿਲ੍ਹੇ ਦੇ ਕਰੰਦਾ ਖੇਤਰ ਵਿੱਚ ਇੱਕ ਦਲਿਤ ਕੁੜੀ ਦੀ ਲਾਸ਼ ਮਿਲੀ, ਜਿਸ ਬਾਰੇ ਉਸ ਦੇ ਪਰਵਾਰ ਨੇ ਜਿਨਸੀ ਸ਼ੋਸ਼ਣ ਅਤੇ ਕਤਲ ਦਾ ਦੋਸ਼ ਲਗਾਇਆ। 15 ਮਈ ਨੂੰ ਮੇਰਠ ਵਿੱਚ ਇੱਕ ਬੀ ਏ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ ਗਿਆ ਅਤੇ ਉਸ ਦੀ ਹੱਤਿਆ ਕਰ ਦਿੱਤੀ ਗਈ। ਯੂ ਪੀ ਦਾ ਮੁੱਖ ਮੰਤਰੀ ਸਾਧ ਹੈ।



