ਅਭੀਜੀਤ ਨੂੰ ਜਾਨੋਂ ਮਾਰਨ ਦੀ ਧਮਕੀ

0
10

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਸੰਸਥਾਪਕ ਅਭੀਜੀਤ ਦੀਪਕੇ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਬਾਰੇ ਉਨ੍ਹਾਂ ਨੇ ਖ਼ੁਦ ਆਪਣੇ ਅਧਿਕਾਰਤ ਐਕਸ (ਪਹਿਲਾਂ ਟਵਿਟਰ) ਹੈਂਡਲ ‘ਤੇ ਤਸਵੀਰ ਸਮੇਤ ਜਾਣਕਾਰੀ ਸਾਂਝੀ ਕਰਕੇ ਖੁਲਾਸਾ ਕੀਤਾ ਹੈ। ਇਹ ਖ਼ਤਰਨਾਕ ਧਮਕੀ ਉਨ੍ਹਾਂ ਨੂੰ ਵਟਸਐਪ ਰਾਹੀਂ ਭੇਜੀ ਗਈ ਹੈ, ਜਿਸ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਇਸੇ ਦੌਰਾਨ ਦੀਪਕੇ ਦੇ ਮਾਤਾ-ਪਿਤਾ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਉਨ੍ਹਾਂ ਦਾ ਪੁੱਤਰ ਮੁਸੀਬਤ ਵਿੱਚ ਪੈ ਸਕਦਾ ਹੈ ਜਾਂ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਛਤਰਪਤੀ ਸੰਭਾਜੀ ਨਗਰ ਵਿੱਚ ਰਹਿਣ ਵਾਲੇ ਦੀਪਕੇ ਦੇ ਮਾਤਾ-ਪਿਤਾ ਭਗਵਾਨ ਅਤੇ ਅਨੀਤਾ ਦੀਪਕੇ ਨੇ ਵੀਰਵਾਰ ਨੂੰ ਇੱਕ ਮਰਾਠੀ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਰਾਜਨੀਤੀ ਵਿੱਚ ਕਦਮ ਰੱਖੇ। ਅਭਿਜੀਤ ਦੇ ਪਿਤਾ ਭਗਵਾਨ ਨੇ ਕਿਹਾ, ”ਅੱਜ-ਕੱਲ੍ਹ ਦੀ ਰਾਜਨੀਤੀ ਨੂੰ ਦੇਖੀਏ ਤਾਂ ਡਰਨਾ ਸੁਭਾਵਿਕ ਹੈ, ਚਾਹੇ ਉਸ ਦੇ ਕਿੰਨੇ ਵੀ ਸਮੱਰਥਕ ਹੋਣ। ਆਪਣੇ ਇੱਕ ਇੰਟਰਵਿਊ ਵਿੱਚ ਉਸ ਨੇ ਖ਼ੁਦ ਭਾਰਤ ਪਰਤਣ ‘ਤੇ ਗ੍ਰਿਫਤਾਰੀ ਦਾ ਡਰ ਜਤਾਇਆ ਸੀ। ਅਸੀਂ ਅਖ਼ਬਾਰਾਂ ਵਿੱਚ ਅਜਿਹੀਆਂ ਘਟਨਾਵਾਂ ਬਾਰੇ ਪੜ੍ਹਦੇ ਹਾਂ।” ਅਭਿਜੀਤ ਦੀ ਮਾਂ ਅਨੀਤਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਰਾਜਨੀਤੀ ਤੋਂ ਦੂਰ ਰਹੇ ਅਤੇ ਨੌਕਰੀ ਲੱਭਣ ‘ਤੇ ਧਿਆਨ ਦੇਵੇ। ਭਗਵਾਨ ਅਤੇ ਅਨੀਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਕਰੋਚ ਜਨਤਾ ਪਾਰਟੀ ਬਾਰੇ ਸਭ ਤੋਂ ਪਹਿਲਾਂ ਇੱਕ ਗੁਆਂਢੀ ਤੋਂ ਪਤਾ ਲੱਗਾ। ਭਗਵਾਨ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਕਾਕਰੋਚ ਜਨਤਾ ਪਾਰਟੀ ਦੇ ਵਧਦੇ ਪ੍ਰਭਾਵ ਨੇ ਉਨ੍ਹਾਂ ਨੂੰ ਚਿੰਤਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ”ਮੈਂ ਚਿੰਤਤ ਹਾਂ ਕਿਉਂਕਿ ਉਹ ਹੁਣ ਮਸ਼ਹੂਰ ਹੋ ਗਿਆ ਹੈ ਅਤੇ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਮੈਂ ਇਹ ਸੋਚ ਕੇ ਪਿਛਲੀਆਂ ਦੋ ਰਾਤਾਂ ਤੋਂ ਸੌਂ ਨਹੀਂ ਸਕਿਆ ਹਾਂ ਕਿ ਉਸ ਦੇ ਨਾਲ ਕੀ ਹੋ ਸਕਦਾ ਹੈ। ਮੈਨੂੰ ਰਾਜਨੀਤੀ ਤੋਂ ਨਫ਼ਰਤ ਹੈ ਅਤੇ ਇਸ ਵਿੱਚ ਮੇਰੀ ਕੋਈ ਰੁਚੀ ਨਹੀਂ ਹੈ।”