ਬੁਢਲਾਡਾ (ਅਸ਼ੋਕ ਲਾਕੜਾ)
ਵਾਰਡ ਨੰਬਰ 1 ਤੋਂ ਸੀ ਪੀ ਆਈ ਅਤੇ ਕਾਂਗਰਸ ਪਾਰਟੀ ਦੇ ਸਹਿਯੋਗ ਨਾਲ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਜਗਸੀਰ ਸਿੰਘ ਰਾਏਕੇ ਦੇ ਹੱਕ ‘ਚ ਚੋਣ ਪ੍ਰਚਾਰ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਨਗਰ ਕੌਂਂਸਲ ਚੋਣਾਂ ਦੌਰਾਨ ਜੇਕਰ ਸ਼ਹਿਰ ਵਾਸੀ ਇਮਾਨਦਾਰ ਲੋਕਾਂ ਨੂੰ ਜਿਤਾ ਕੇ ਭੇਜਣਗੇ ਤਾਂ ਹੀ ਸ਼ਹਿਰ ਦਾ ਵਿਕਾਸ ਹੋਵੇਗਾ, ਨਹੀਂ ਤਾਂ ਪਿਛਲੇ ਪੰਜ ਸਾਲਾਂ ਵਾਂਗ ਮੁੜ ਤੋਂ ਸੰਤਾਪ ਭੋਗਣਾ ਪਵੇਗਾ। ਉਨ੍ਹਾ ਕਿਹਾ ਕਿ ਜਗਸੀਰ ਸਿੰਘ ਰਾਏਕੇ ਲੋਕਾਂ ਦੇ ਦੁੱਖ-ਸੁੱਖ ‘ਚ ਖੜਨ ਵਾਲੇ ਉਮੀਦਵਾਰ ਹਨ, ਜਿਨ੍ਹਾ ਨੂੰ ਕਾਮਯਾਬ ਕਰਨਾ ਸਮੇਂ ਦੀ ਮੁੱਖ ਲੋੜ ਹੈ।ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਬੁਢਲਾਡਾ ਨਗਰ ਕੌਂਸਲ ਚੋਣਾਂ ਜਿੱਤਣ ਲਈ ਜੋ ਗੰਦੀ ਖੇਡ ਖੇਡੀ ਜਾਂਦੀ ਰਹੀ ਹੈ, ਉਸ ਨੇ ਇਸ ਨਾਮਵਰ ਮੰਡੀ ਨੂੰ ਛੋਟੇ-ਛੋਟੇ ਸ਼ਹਿਰਾਂ ਤੋਂ ਵੀ ਪਛਾੜ ਕੇ ਰੱਖ ਦਿੱਤਾ ਹੈ।ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਖਿੱਪਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਵੇਦ ਪ੍ਰਕਾਸ਼, ਬਲਾਕ ਕਾਂਗਰਸ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ, ਸੀਤਾ ਰਾਮ ਗੋਬਿੰਦਪੁਰਾ, ਚਿਮਨ ਲਾਲ ਕਾਕਾ, ਰਾਮ ਗੋਪਾਲ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ, ਰਘੂਨਾਥ ਸਿੰਗਲਾ ਅਤੇ ਹੋਰ ਅਨੇਕਾਂ ਆਗੂ ਮੌਜੂਦ ਸਨ। ਇਸ ਮੌਕੇ ਵਾਰਡ ਨਿਵਾਸੀਆਂ ਨੇ ਰਾਏਕੇ ਨੂੰ ਚੋਣ ਮੁਹਿੰਮ ਲਈ ਆਰਥਿਕ ਮਦਦ ਦੇਣ ਦਾ ਐਲਾਨ ਵੀ ਕੀਤਾ।



