ਚੌਪਹਿਰੇ ਦੌਰਾਨ ਡਿੱਗੀਆਂ ਲੋਹੇ ਦੀਆਂ ਪਲੇਟਾਂ, 2 ਔਰਤਾਂ ਦੀ ਮੌਤ

0
4

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)-ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਐਤਵਾਰ ਨੂੰ ਲੰਗਰ ਹਾਲ ਦੇ ਪੈਣ ਵਾਲੇ ਲੈਂਟਰ ਦੌਰਾਨ ਕਾਲਬ ਦੀਆਂ ਲੋਹੇ ਦੀਆਂ ਪਲੇਟਾਂ ਡਿੱਗਣ ਕਾਰਨ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਚੌਪਹਿਰਾ ਹੋਣ ਕਾਰਨ ਇੱਥੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ ਹੋਈ ਸੀ। ਇਸ ਦੌਰਾਨ ਸੰਗਤ ਵਿੱਚ ਸ਼ਾਮਲ ਕੁਝ ਸ਼ਰਧਾਲੂ ਕਾਲਬ ਕੀਤੇ ਹੋਏ ਇਸ ਅਸਥਾਨ ‘ਤੇ ਵੀ ਬੈਠ ਗਏ । ਅਚਾਨਕ ਲੋਹੇ ਦੀਆਂ ਪਲੇਟਾਂ ਹੇਠਾਂ ਡਿੱਗ ਪਈਆਂ, ਜਿਸ ਕਾਰਨ ਹੇਠਾਂ ਬੈਠੇ ਹੋਏ ਕੁਝ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਦੋ ਸ਼ਰਧਾਲੂ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਜ਼ਖਮੀ ਹਨ, ਜਿਨ੍ਹਾਂ ਨੂੰ ਤੁਰੰਤ ਨੇੜੇ ਹੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਾਪਰੀ ਦੁਖਦਾਈ ਘਟਨਾ ‘ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਜਾਨ ਗਵਾਉਣ ਵਾਲੀਆਂ ਦੋ ਬੀਬੀਆਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਐਡਵੋਕੇਟ ਧਾਮੀ ਨੇ ਇਸ ਘਟਨਾ ਵਿਚ ਜ਼ਖ਼ਮੀ ਹੋਈਆਂ ਸੰਗਤਾਂ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਪਹੁੰਚ ਕੇ ਹਾਲ ਜਾਣਿਆ।ਉਨ੍ਹਾ ਅਕਾਲ ਚਲਾਣਾ ਕਰਨ ਵਾਲੀਆਂ ਬੀਬੀਆਂ ਦੇ ਪਰਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 2-2 ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਜ਼ਖ਼ਮੀਆਂ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।