ਚੰਡੀਗੜ੍ਹ (ਨ ਜ਼ ਸ)-ਲੈਫਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੂੰ ਚੰਡੀ ਮੰਦਰ ਵਿਖੇ ਪੱਛਮੀ ਕਮਾਂਡ ਦੇ ਮੁੱਖ ਦਫਤਰ ਦਾ ਚੀਫ ਆਫ ਸਟਾਫ (ਸੀ ਓ ਐੱਸ) ਨਿਯੁਕਤ ਕੀਤਾ ਗਿਆ ਹੈ। ਉਨ੍ਹਾ ਲੈਫਟੀਨੈਂਟ ਜਨਰਲ ਪੁਨੀਤ ਆਹੂਜਾ ਦੀ ਥਾਂ ਲਈ ਹੈ। ਪੰਜਾਬ ਪਬਲਿਕ ਸਕੂਲ ਨਾਭਾ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਦੇ ਸਾਬਕਾ ਵਿਦਿਆਰਥੀ ਲੈਫਟੀਨੈਂਟ ਜਨਰਲ ਸਾਹੀ ਨੂੰ ਦਸੰਬਰ 1988 ਵਿੱਚ ਰਾਜਪੂਤ ਰੈਜੀਮੈਂਟ ਦੀ 23ਵੀਂ ਬਟਾਲੀਅਨ ਵਿੱਚ ਕਮਿਸ਼ਨ ਦਿੱਤਾ ਗਿਆ ਸੀ।
ਗੁਰਮੀਤ ਰਾਮ ਰਹੀਮ ਮਹੀਨੇ ਲਈ ਫਿਰ ਜੇਲ੍ਹ ਤੋਂ ਬਾਹਰ
ਰੋਹਤਕ : ਜਬਰ-ਜ਼ਨਾਹ ਦੇ ਮਾਮਲੇ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ ਅਤੇ ਉਹ ਮੰਗਲਵਾਰ ਨੂੰ ਸੁਨਾਰੀਆ ਪਿੰਡ ਦੀ ਜ਼ਿਲ੍ਹਾ ਜੇਲ੍ਹ ਤੋਂ ਪੈਰੋਲ ‘ਤੇ ਬਾਹਰ ਆ ਗਿਆ ਹੈ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਅਗਸਤ 2017 ਵਿੱਚ ਇੱਕ ਵਿਸ਼ੇਸ਼ ਸੀ ਬੀ ਆਈ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ 16ਵੀਂ ਵਾਰ ਹੈ ਜਦੋਂ ਉਸ ਨੂੰ ਪੈਰੋਲ ਜਾਂ ਫਰਲੋ ‘ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਡੇਰਾ ਮੁਖੀ ਆਪਣੀਆਂ ਦੋ ਚੇਲੀਆਂ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਖੁਦਾਈ ਕਰਦਿਆਂ ਪੰਜ ਮਜ਼ਦੂਰਾਂ ਦੀ ਮੌਤ
ਪੰਨਾ (ਨ ਜ਼ ਸ)-ਇਥੇ ਖੂਹ ਦੀ ਖੁਦਾਈ ਕਰਦਿਆਂ ਮਿੱਟੀ ਹੇਠਾਂ ਦੱਬ ਕੇ 5 ਮਜ਼ਦੂਰਾਂ ਦੀ ਮੌਤ ਹੋ ਗਈ। ਪੰਨਾ ਜ਼ਿਲ੍ਹੇ ਦੀ ਐੱਸ ਪੀ ਨਿਵੇਦਿਤਾ ਨਾਇਡੂ ਨੇ ਦੱਸਿਆ ਕਿ ਇਹ ਸਾਰੇ ਮਜ਼ਦੂਰ ਮਨਰੇਗਾ ਸਕੀਮ ਤਹਿਤ ਬਣਾਏ ਜਾ ਰਹੇ ਇੱਕ ਸਰਕਾਰੀ ਸਿੰਚਾਈ ਖੂਹ ਦੇ ਨਿਰਮਾਣ ਵਿੱਚ ਲੱਗੇ ਹੋਏ ਸਨ।
ਯੋਗਰਾਜ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ
ਚੰਡੀਗੜ੍ਹ (ਨ ਜ਼ ਸ) ਇੱਕ ਅਦਾਲਤ ਨੇ ਮੰਗਲਵਾਰ ਸਾਬਕਾ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਵੱਲੋਂ ਦਾਇਰ ਕੀਤੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਹ ਅਰਜ਼ੀ ਚੰਡੀਗੜ੍ਹ ਵਿੱਚ ਉਨ੍ਹਾ ਖ਼ਿਲਾਫ਼ ਦਰਜ ਉਸ ਐੱਫ ਆਈ ਆਰ ਦੇ ਸਬੰਧ ਵਿੱਚ ਸੀ, ਜਿਸ ਵਿੱਚ ਇੱਕ ਵੈੱਬ ਸੀਰੀਜ਼ ਦੀ ਵਾਇਰਲ ਵੀਡੀਓ ਕਲਿੱਪ ਦੌਰਾਨ ਔਰਤਾਂ ਖ਼ਿਲਾਫ਼ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਲਾਏ ਗਏ ਹਨ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਕਲਿੱਪ ਵਿੱਚ ਯੋਗਰਾਜ ਸਿੰਘ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨਾ ਸਿਰਫ਼ ਅਸ਼ਲੀਲ ਹਨ, ਬਲਕਿ ਔਰਤਾਂ ਪ੍ਰਤੀ ਨਫ਼ਰਤ ਨੂੰ ਵਧਾਉਂਦੀਆਂ ਹਨ ਅਤੇ ਸਮਾਜ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਹਨ।
ਪਹਿਲੀ ਜੂਨ ਤੋਂ ਪੁਣੇ ਤੇ ਬੰਗਲੁਰੂ ਲਈ ਨਵੀਆਂ ਉਡਾਣਾਂ ਸ਼ੁਰੂ
ਮੁਹਾਲੀ (ਨ ਜ਼ ਸ)- ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ ਤੋਂ ਪੁਣੇ ਅਤੇ ਬੰਗਲੁਰੂ ਲਈ ਹਵਾਈ ਸੰਪਰਕ ਹੋਰ ਵਧਣ ਜਾ ਰਿਹਾ ਹੈ, ਕਿਉਂਕਿ 1 ਜੂਨ ਤੋਂ ਗਰਮੀਆਂ ਦੇ ਸ਼ਡਿਊਲ (ਸਮਾਂ ਸਾਰਣੀ) ਵਿੱਚ ਦੋ ਹੋਰ ਸਿੱਧੀਆਂ ਉਡਾਣਾਂ ਸ਼ਾਮਲ ਕੀਤੀਆਂ ਜਾਣਗੀਆਂ। ਏਅਰ ਇੰਡੀਆ ਐਕਸਪ੍ਰੈੱਸ ਚੰਡੀਗੜ੍ਹ ਅਤੇ ਪੁਣੇ ਵਿਚਕਾਰ ਇੱਕ ਰੋਜ਼ਾਨਾ ਉਡਾਣ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫਲਾਈਟ ਰੋਜ਼ਾਨਾ ਰਾਤ ਨੂੰ 12:45 ਵਜੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਵੇਗੀ ਅਤੇ ਤੜਕੇ 3:10 ਵਜੇ ਪੁਣੇ ਪਹੁੰਚੇਗੀ। ਵਾਪਸੀ ਵਿੱਚ ਇਹ ਪੁਣੇ ਤੋਂ ਤੜਕੇ 3:45 ਵਜੇ ਰਵਾਨਾ ਹੋ ਕੇ ਸਵੇਰੇ 6:05 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਬੰਗਲੁਰੂ ਵਿਚਕਾਰ ਸੰਪਰਕ ਨੂੰ ਹੋਰ ਮਜ਼ਬੂਤ ਕਰਦੇ ਹੋਏ ਇੱਕ ਨਵੀਂ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਸਵੇਰੇ 6:40 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 9:55 ਵਜੇ ਬੰਗਲੁਰੂ ਦੇ ਕੈਂਪੇਗੌੜਾ ਏਅਰਪੋਰਟ ਦੇ ਟਰਮੀਨਲ 2 ‘ਤੇ ਪਹੁੰਚੇਗੀ। ਵਾਪਸੀ ਵਿੱਚ ਇਹ ਰਾਤ 9:15 ਵਜੇ ਬੰਗਲੁਰੂ ਤੋਂ ਰਵਾਨਾ ਹੋ ਕੇ ਰਾਤ 12:15 ਵਜੇ ਚੰਡੀਗੜ੍ਹ ਪਹੁੰਚੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਉਡਾਣਾਂ ਲਈ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਨਸ਼ੇ ਛੱਡੋ, ਦੁੱਧ ਪੀਓ : ਯੋ ਯੋ
ਨਵੀਂ ਦਿੱਲੀ (ਨ ਜ਼ ਸ)- ਰੈਪਰ ਯੋ ਯੋ ਹਨੀ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਦੁੱਧ, ਦਹੀਂ ਅਤੇ ਘਿਓ ਖਾਣ ਦੀ ਦਿਲੋਂ ਅਪੀਲ ਕੀਤੀ ਹੈ, ਜਿਨ੍ਹਾਂ ਉਤਪਾਦਾਂ ਲਈ ਪੰਜਾਬ ਜਾਣਿਆ ਜਾਂਦਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਜਿਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਮਦਦ ਲਈ ਗਾਇਕ ਨੂੰ ਆਪਣੇ ਨਾਲ ਜੋੜਿਆ ਹੈ, ਨਾਲ ਮੁਲਾਕਾਤ ਤੋਂ ਬਾਅਦ ਹਨੀ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਸੇਵਨ ਕਾਰਨ ਸੂਬਾ, ਇੱਥੋਂ ਦੇ ਪਰਵਾਰ ਅਤੇ ਨੌਜਵਾਨ ਬਰਬਾਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਇਸ ਜਾਨਲੇਵਾ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਭਾਜਪਾ ਅਤੇ ਤਰੁਣ ਚੁੱਘ ਨਾਲ ਮਿਲ ਕੇ ਕੰਮ ਕਰਨਗੇ। ਇੱਕ ਵੀਡੀਓ ਵਿੱਚ ਚੁੱਘ ਅਤੇ ਹਨੀ ਸਿੰਘ ਦੁੱਧ ਦਾ ਗਲਾਸ ਸਾਂਝਾ ਕਰਦੇ ਨਜ਼ਰ ਆ ਰਹੇ ਹਨ।




