ਵਾਸ਼ਿੰਗਟਨ : ਈਰਾਨ ਨਾਲ ਗੱਲਬਾਤ ਚੰਗੀ ਤਰ੍ਹਾਂ ਅੱਗੇ ਵਧਣ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਰਮਿਆਨ ਅਮਰੀਕੀ ਫੌਜ ਨੇ ਸੋਮਵਾਰ ਦੱਖਣੀ ਈਰਾਨ ਵਿੱਚ ਮਿਜ਼ਾਈਲ ਲਾਂਚ ਸਾਈਟਾਂ ਅਤੇ ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਕਿਸ਼ਤੀਆਂ ਉੱਤੇ ਹਮਲੇ ਕੀਤੇ। ਅਮਰੀਕੀ ਫੌਜ ਦੇ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹਾਕਿੰਸ ਨੇ ਕਿਹਾ ਕਿ ਇਹ ਹਮਲੇ ਆਪਣੀਆਂ ਫੌਜਾਂ ਨੂੰ ਈਰਾਨੀ ਫੌਜਾਂ ਵੱਲੋਂ ਪੈਦਾ ਕੀਤੇ ਗਏ ਖਤਰਿਆਂ ਤੋਂ ਬਚਾਉਣ ਲਈ ਕੀਤੇ ਗਏ। ਈਰਾਨੀ ਨਿਊਜ਼ ਵੈੱਬਸਾਈਟ ਤਬਨਕ, ਜਿਸ ਨੂੰ ਸਾਬਕਾ ਰੈਵੋਲਿਊਸ਼ਨਰੀ ਗਾਰਡ ਮੁਖੀ ਮੋਹਸੇਨ ਰਜ਼ਾਈ ਦੇ ਨੇੜੇ ਮੰਨਿਆ ਜਾਂਦਾ ਹੈ, ਨੇ ਚਾਰ ਮ੍ਰਿਤਕ ਗਾਰਡ ਸੈਨਿਕਾਂ ਦੀ ਪਛਾਣ ਕੀਤੀ ਹੈ, ਜੋ ਕਿ ਕਿਸ਼ਤੀਆਂ ‘ਤੇ ਅਮਰੀਕੀ ਹਮਲਿਆਂ ਵਿੱਚ ਮਾਰੇ ਗਏ। ਈਰਾਨੀ ਸਰਕਾਰੀ ਟੈਲੀਵਿਜ਼ਨ ਨੇ ਵੱਖਰੇ ਤੌਰ ‘ਤੇ ਬੰਦਰ ਅੱਬਾਸ ਦੇ ਆਲੇ-ਦੁਆਲੇ ਧਮਾਕਿਆਂ ਦੀ ਰਿਪੋਰਟ ਕੀਤੀ, ਜੋ ਕਿ ਹਾਰਮੁਜ਼ ਜਲਡਮਰੂ ‘ਤੇ ਇੱਕ ਸ਼ਹਿਰ ਹੈ, ਜਿੱਥੇ ਇੱਕ ਫੌਜੀ ਬੰਦਰਗਾਹ ਅਤੇ ਦੋਹਰੀ ਵਰਤੋਂ ਵਾਲਾ ਹਵਾਈ ਅੱਡਾ ਹੈ। ਇਸੇ ਦੌਰਾਨ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਕਿਹਾ ਕਿ ਉਸ ਨੇ ਇੱਕ ਅਮਰੀਕੀ ਰੀਪਰ ਡਰੋਨ ਨੂੰ ਫੁੰਡਿਆ ਹੈ, ਜਿਹੜਾ ਉਸ ਦੇ ਹਵਾਈ ਖੇਤਰ ਵਿੱਚ ਦਾਖਲ ਹੋਇਆ ਸੀ।




