ਮਰੀਅਮ ਨਰਮ

0
3

ਲਾਹੌਰ ਦੀਆਂ ਗਲੀਆਂ-ਸੜਕਾਂ ਦੇ ਪੁਰਾਣੇ ਨਾਂਅ ਬਹਾਲ ਕਰਨ ਦਾ ਫੈਸਲਾ ਟਾਲਿਆ
ਲਾਹੌਰ (ਨਵਾਂ ਜ਼ਮਾਨਾ ਸਰਵਿਸ)
ਕੁਝ ਕੱਟੜਪੰਥੀ ਤੱਤਾਂ ਦੇ ਦਬਾਅ ਹੇਠ ਆ ਕੇ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਲਾਹੌਰ ਵਿੱਚ ਸੜਕਾਂ ਅਤੇ ਕਈ ਗਲੀਆਂ ਦੇ ਅਸਲ ਇਤਿਹਾਸਕ ਨਾਵਾਂ ਨੂੰ ਬਹਾਲ ਕਰਨ ਦੀ ਆਪਣੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਹੈ, ਜਿਸ ਦਾ ਉਦੇਸ਼ ਸ਼ਹਿਰ ਦੀ ਵੰਡ ਤੋਂ ਪਹਿਲਾਂ ਦੀ ਵਿਰਾਸਤ ਨੂੰ ਮੁੜ ਸੁਰਜੀਤ ਕਰਨਾ ਸੀ। ਲਾਹੌਰ ਹੈਰੀਟੇਜ ਏਰੀਆਜ਼ ਰੀਵਾਈਵਲ ਨੇ ਆਪਣੀ ਹਾਲ ਹੀ ਵਿੱਚ ਹੋਈ ਮੀਟਿੰਗ, ਜਿਸ ਦੀ ਪ੍ਰਧਾਨਗੀ ਪੀ ਐੱਮ ਐੱਲ-ਐੱਨ ਦੇ ਪ੍ਰਧਾਨ ਅਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਅਤੇ ਉਨ੍ਹਾ ਦੀ ਧੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸਾਂਝੇ ਤੌਰ ‘ਤੇ ਕੀਤੀ, ਨੇ ਲਾਹੌਰ ਅਤੇ ਇਸ ਦੇ ਆਂਢ-ਗੁਆਂਢ ਵਿੱਚ ਸੜਕਾਂ ਅਤੇ ਗਲੀਆਂ ਦੇ ਅਸਲ ਇਤਿਹਾਸਕ ਨਾਵਾਂ ਦੀ ਬਹਾਲੀ ਨੂੰ ਪ੍ਰਵਾਨਗੀ ਦਿੱਤੀ ਸੀ। ਹੁਣ ਸਰਕਾਰ ਨੇ ਇਸ ਫੈਸਲੇ ‘ਤੇ ਇਹ ਕਹਿੰਦਿਆਂ ਯੂ-ਟਰਨ ਲੈ ਲਿਆ ਹੈ ਕਿ ਉਹ ਅਜੇ ਵੀ ਲਾਹੌਰ ਦੀਆਂ ਸੜਕਾਂ ਅਤੇ ਗਲੀਆਂ ਦੇ ਅਸਲ ਨਾਵਾਂ ਨੂੰ ਬਹਾਲ ਕਰਨ ‘ਤੇ ਵਿਚਾਰ ਕਰ ਰਹੀ ਹੈ। ਲਾਹੌਰ ਦੇ ਡਿਪਟੀ ਕਮਿਸ਼ਨਰ ਕੈਪਟਨ ਆਰ ਮੁਹੰਮਦ ਅਲੀ ਇਜਾਜ਼ ਨੇ ਦੱਸਿਆ, ‘ਅਜੇ ਤੱਕ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ।’ ਜਦੋਂ ਉਨ੍ਹਾ ਤੋਂ ਪੁੱਛਿਆ ਗਿਆ ਕਿ ਸ਼ਰੀਫ ਅਤੇ ਮਰੀਅਮ ਦੋਵਾਂ ਨੇ ਸੜਕਾਂ ਅਤੇ ਗਲੀਆਂ ਦੇ ਅਸਲ ਨਾਵਾਂ ਦੀ ਬਹਾਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਮੁੱਖ ਮੰਤਰੀ ਦਫਤਰ ਨੇ ਇਸ ਸੰਬੰਧ ਵਿੱਚ 20 ਮਾਰਚ ਨੂੰ ਇੱਕ ਹੈਂਡਆਊਟ ਜਾਰੀ ਕੀਤਾ ਸੀ, ਤਾਂ ਇਜਾਜ਼ ਨੇ ਜ਼ੋਰ ਦੇ ਕੇ ਕਿਹਾ, ‘ਇਸ ਮਾਮਲੇ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਮਾਮਲਾ ਅਜੇ ਵਿਚਾਰ-ਅਧੀਨ ਹੈ।’ ਹਾਲਾਂਕਿ, ਇੱਕ ਅਧਿਕਾਰਤ ਸੂਤਰ ਨੇ ਕਿਹਾ ਕਿ ਵਲੌਗਰਾਂ ਸਮੇਤ ਕੁਝ ਕੱਟੜਪੰਥੀ ਤੱਤਾਂ ਨੇ ਲਾਹੌਰ ਵਿੱਚ ਸੜਕਾਂ ਅਤੇ ਗਲੀਆਂ ਦੇ ਵੰਡ ਤੋਂ ਪਹਿਲਾਂ ਦੇ ਹਿੰਦੂ ਅਤੇ ਸਿੱਖ ਨਾਵਾਂ ਨੂੰ ਬਹਾਲ ਕਰਨ ਲਈ ਮਰੀਅਮ ਦੀ ਸਖਤ ਆਲੋਚਨਾ ਕੀਤੀ ਹੈ, ਜਿਵੇਂ ਕਿ ਆਲੋਚਕਾਂ ਨੇ ਸਰਕਾਰ ਦੇ ਫੈਸਲੇ ਨੂੰ ਧਾਰਮਕ ਰੰਗ ਦਿੱਤਾ, ਮਰੀਅਮ ਨਵਾਜ਼ ਪ੍ਰਸ਼ਾਸਨ ਬੈਕਫੁਟ ‘ਤੇ ਚਲਾ ਗਿਆ ਹੈ ਅਤੇ ਪ੍ਰਤੀਕਿਰਿਆ ਤੋਂ ਬਚਣ ਲਈ ਫੈਸਲੇ ਨੂੰ ਟਾਲ ਦਿੱਤਾ ਹੈ।
ਕੱਟੜਪੰਥੀ ਤੱਤਾਂ ਦੇ ਵਿਰੋਧ ਤੋਂ ਬਾਅਦ ਲਾਹੌਰ ਹੈਰੀਟੇਜ ਏਰੀਆਜ਼ ਰੀਵਾਈਵਲ ਨੇ ਵਿਦਵਾਨਾਂ, ਇਤਿਹਾਸਕਾਰਾਂ, ਆਰਕੀਟੈਕਟਾਂ, ਸ਼ਹਿਰੀ ਯੋਜਨਾਕਾਰਾਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਦਾ ਇੱਕ ਇਕੱਠ ਕੀਤਾ ਅਤੇ ਲਾਹੌਰ ਭਰ ਵਿੱਚ ਸੜਕਾਂ, ਗਲੀਆਂ ਅਤੇ ਇਲਾਕਿਆਂ ਦੇ ਅਸਲ ਨਾਵਾਂ ਨੂੰ ਬਹਾਲ ਕਰਨ ਦੀ ਤਜਵੀਜ਼ ‘ਤੇ ਉਨ੍ਹਾਂ ਦੇ ਸੁਝਾਅ ਮੰਗੇ। ਮੀਟਿੰਗ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਗਿਆ, ‘ਭਾਗੀਦਾਰਾਂ ਨੇ ਵੱਖ-ਵੱਖ ਨਾਵਾਂ ਦੀ ਇਤਿਹਾਸਕ ਸਾਰਥਕਤਾ, ਸ਼ਹਿਰ ਦੇ ਅਤੀਤ ਦੇ ਦਸਤਾਵੇਜ਼ੀਕਰਨ ਅਤੇ ਵਿਰਾਸਤੀ ਸੰਭਾਲ, ਸੈਰ-ਸਪਾਟਾ ਅਤੇ ਜਨਤਕ ਜਾਗਰੂਕਤਾ ‘ਤੇ ਅਜਿਹੇ ਪੁਨਰ ਸੁਰਜੀਤੀ ਦੇ ਸੰਭਾਵੀ ਪ੍ਰਭਾਵ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।’ ਲਾਹੌਰ ਦੀਆਂ ਇਤਿਹਾਸਕ ਗਲੀਆਂ ਅਤੇ ਸੜਕਾਂ, ਜਿਨ੍ਹਾਂ ਦਾ ਨਾਂਅ ਪਿਛਲੀਆਂ ਸਰਕਾਰਾਂ ਨੇ ਬਦਲਿਆ ਸੀ, ਵਿੱਚ ਕਵੀਨਜ਼ ਰੋਡ, ਜੇਲ੍ਹ ਰੋਡ, ਡੇਵਿਸ ਰੋਡ, ਲਾਰੈਂਸ ਰੋਡ, ਐਮਪ੍ਰੈਸ ਰੋਡ, ਕ੍ਰਿਸ਼ਨ ਨਗਰ, ਸੰਤਨਗਰ, ਧਰਮਪੁਰਾ, ਬ੍ਰਾਂਡਰੇਥ ਰੋਡ, ਰਾਮ ਗਲੀ, ਟੈਂਪਬੈਲ ਸਟਰੀਟ, ਲਕਸ਼ਮੀ ਚੌਕ, ਜੈਨ ਮੰਦਰ ਰੋਡ, ਕੁੰਭੜਪੁਰਾ, ਮੋਹਨ ਲਾਲ ਬਾਜ਼ਾਰ, ਸੁੰਦਰ ਦਾਸ ਰੋਡ, ਭਗਵਾਨਪੁਰਾ, ਸ਼ਾਂਤੀ ਨਗਰ ਅਤੇ ਆਊਟਫਾਲ ਰੋਡ ਸ਼ਾਮਲ ਹਨ।