ਮੁਸਲਮਾਨਾਂ ਦਾ ਕਿਹੜਾ ਤਿਉਹਾਰ ਆਉਣ ਵਾਲਾ ਹੈ, ਹੁਣ ਇਹ ਕਿਸੇ ਮੌਲਵੀ ਤੋਂ ਪੁੱਛਣ ਦੀ ਲੋੜ ਨਹੀਂ ਰਹੀ, ਸਿਰਫ ਹਿੰਦੂਤਵ ਸਮਰਥਕਾਂ ਦੇ ਬਿਆਨ ਸੁਣ ਕੇ ਜਾਂ ਪੜ੍ਹ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਮੁਸਲਮ ਤਿਉਹਾਰ ਨੇੜੇ ਆ ਰਿਹਾ ਹੈ। ਬਕਰੀਦ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੰਤਰੀ ਦਿਲੀਪ ਘੋਸ਼ ਨੇ ਹਿੰਦੀ ਵਿੱਚ ਚੇਤਾਵਨੀ ਦਿੱਤੀ ਕਿ ਸਭ ਕੁਝ ਕਾਨੂੰਨ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹ ਕਿਸ ਸੰਦਰਭ ਵਿੱਚ ਅਤੇ ਕਿਸ ਵੱਲ ਇਸ਼ਾਰਾ ਕਰ ਰਹੇ ਸਨ? ਹਰ ਕੋਈ ਜਾਣਦਾ ਹੈ ਕਿ ਉਹ ਈਦ ਤੋਂ ਪਹਿਲਾਂ ਮੁਸਲਮਾਨਾਂ ਨੂੰ ਚੇਤਾਵਨੀ ਦੇ ਰਹੇ ਸਨ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਪਹਿਲਾਂ ਹੀ ਧਮਕੀ ਦੇ ਚੁੱਕੇ ਸਨ ਕਿ ਕਿਸੇ ਨੂੰ ਵੀ ਸੜਕਾਂ ‘ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਗਊ ਬਲੀ ‘ਤੇ ਪਾਬੰਦੀ ਲਗਾਉਣ ਦਾ ਹੁਕਮ ਵੀ ਜਾਰੀ ਕੀਤਾ ਗਿਆ। ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੁਸਲਮਾਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਨ੍ਹਾਂ ਨੂੰ ਸੜਕਾਂ ‘ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਦੇਣਗੇ। ਜੇ ਉਹ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਹੋਰ ਤਰੀਕੇ ਨਾਲ ਮਨਾਇਆ ਜਾਵੇਗਾ। ਸਾਰੇ ਜਾਣਦੇ ਹਨ ਕਿ ਦੂਜਾ ਤਰੀਕਾ ਕੀ ਹੈ।
ਇੱਕ ਟੀ ਵੀ ਚੈਨਲ ਨੇ ਮੱਕਾ ਜਾ ਕੇ ਪਤਾ ਲਾਇਆ ਕਿ ਉੱਥੇ ਗਊ ਤੇ ਊਠ ਦੀ ਬਲੀ ਨਹੀਂ ਦਿੱਤੀ ਜਾ ਰਹੀ। ਚੈਨਲ ਗਾਜ਼ਾ ਨਹੀਂ ਗਏ, ਜਿੱਥੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ, ਜਾਂ ਸੁਡਾਨ ਨਹੀਂ ਗਏ, ਜਿੱਥੇ ਕਤਲੇਆਮ ਚੱਲ ਰਿਹਾ ਹੈ, ਪਰ ਉਨ੍ਹਾਂ ਨੇ ਬਕਰੀਦ ਤੋਂ ਪਹਿਲਾਂ ਅਜਿਹੀ ਮਹੱਤਵਪੂਰਨ ਜਾਣਕਾਰੀ ਇਕੱਠੀ ਕਰਨ ਲਈ ਮੱਕਾ ਜਾਣ ਦੀ ਜ਼ਹਿਮਤ ਜ਼ਰੂਰ ਉਠਾਈ। ਪਸ਼ੂ ਭਲਾਈ ਸੰਸਥਾ ਪੇਟਾ ਨੇ ਇੱਕ ਮੁਹਿੰਮ ਸ਼ੁਰੂ ਕੀਤੀ, ਜਿਸ ਵਿੱਚ ਇੱਕ ਬੱਕਰਾ ਲੋਕਾਂ ਨੂੰ ਉਸ ਦੀ ਬਲੀ ਨਾ ਦੇਣ ਦੀ ਅਪੀਲ ਕਰਦਾ ਹੈ। ਬੱਚੇ ਰੁਕ-ਰੁਕ ਕੇ ਉਸ ਨੂੰ ਦੁਲਾਰ ਕੇ ਕਹਿ ਰਹੇ ਹਨ ਕਿ ਕੀ ਕੋਈ ਇੰਨਾ ਬੇਰਹਿਮ ਹੋਵੇਗਾ ਕਿ ਅਜਿਹੇ ਬੇਜ਼ੁਬਾਨ ਜੀਵ ਦੀ ਬਲੀ ਦੇਵੇ? ਇਹ ਮੁਹਿੰਮ ਬਕਰੀਦ ਤੋਂ ਠੀਕ ਪਹਿਲਾਂ ਸ਼ੁਰੂ ਕੀਤੀ ਗਈ। ਕੀ ਪੇਟਾ ਕਦੇ ਆਸਾਮ ਦੇ ਕਾਮਾਖਿਆ ਮੰਦਰ ਵਿੱਚ ਝੋਟਿਆਂ ਤੇ ਬੱਕਰਿਆਂ ਦੀ ਬਲੀ ਨੂੰ ਲੈ ਕੇ ਅਜਿਹੀ ਮੁਹਿੰਮ ਸ਼ੁਰੂ ਕਰ ਸਕਦੀ ਹੈ? ਇਸ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ। ਪੇਟਾ ਦੀ ਇਸ ਮੁਹਿੰਮ ਵਿੱਚ ਓਨੀ ਬੱਕਰਿਆਂ ਪ੍ਰਤੀ ਹਮਦਰਦੀ ਨਹੀਂ ਹੈ, ਜਿੰਨੀ ਮੁਸਲਮਾਨਾਂ ਪ੍ਰਤੀ ਨਫਰਤ ਹੈ। ਇਹ ਅਪ੍ਰਤੱਖ ਹੈ, ਪਰ ਇਸ ਨੂੰ ਸਮਝਣਾ ਮੁਸ਼ਕਲ ਨਹੀਂ ਹੈ।
ਉਂਜ ਤਾਂ ਮੁਸਲਮਾਨਾਂ ‘ਤੇ ਹਮਲੇ ਸਾਲ-ਭਰ ਹੁੰਦੇ ਰਹਿੰਦੇ ਹਨ। ਗਲੀਆਂ ‘ਚ, ਰੈਸਟੋਰੈਂਟਾਂ ਵਿੱਚ, ਰੇਲਗੱਡੀਆਂ ਜਾਂ ਬੱਸਾਂ ਵਿੱਚ, ਕਿਤੇ ਵੀ, ਕਿਸੇ ਵੀ ਸਮੇਂ, ਕਿਸੇ ਵੀ ਬਹਾਨੇ ਉਨ੍ਹਾਂ ‘ਤੇ ਹਮਲਾ ਕੀਤਾ ਜਾ ਸਕਦਾ ਹੈ। ਪਰ ਬਕਰੀਦ ਤੋਂ ਪਹਿਲਾਂ ਮੁਸਲਮ ਵਿਰੋਧੀ ਨਫਰਤੀ ਮੁਹਿੰਮ ਵਿੱਚ ਖਾਸ ਉਤਸ਼ਾਹ ਆ ਜਾਂਦਾ ਹੈ। ਸਮੱਸਿਆ ਇਹ ਹੈ ਕਿ ਚੰਗੇ-ਭਲੇ ਹਿੰਦੂ ਵੀ ਇਸ ਮੁਸਲਮ ਵਿਰੋਧੀ ਨਫਰਤ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ। ਬਹੁਤ ਸਾਰੇ ਹਿੰਦੂ ਮਾਸੂਮੀਅਤ ਨਾਲ ਪੁੱਛਦੇ ਹਨ ਕਿ ਨਮਾਜ਼ ਸੜਕ ‘ਤੇ ਕਿਉਂ ਅਦਾ ਕੀਤੀ ਜਾਣੀ ਚਾਹੀਦੀ ਹੈ? ਉਹ ਇਸ ‘ਤੇ ਪਾਬੰਦੀ ਨੂੰ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਜਾਇਜ਼ ਸਮਝਦੇ ਹਨ। ਉਹ ਇਹ ਨਹੀਂ ਪੁੱਛਦੇ ਕਿ ਮੰਦਰਾਂ ਦੇ ਸਾਹਮਣੇ ਸੜਕਾਂ ਅਕਸਰ ਘੰਟਿਆਂਬੱਧੀ ਜਾਮ ਕਿਉਂ ਰਹਿੰਦੀਆਂ ਹਨ। ਹਰ ਹਿੰਦੂ ਤਿਉਹਾਰ ਵਿੱਚ ਸੜਕਾਂ ਨੂੰ ਰੋਕਣਾ ਅਤੇ ਉੱਥੇ ਮੂਰਤੀਆਂ ਰੱਖਣਾ ਸ਼ਾਮਲ ਹੁੰਦਾ ਹੈ। ਮਹੀਨਾ-ਭਰ ਚੱਲਣ ਵਾਲੀ ਕਾਂਵੜ ਯਾਤਰਾ ਨੂੰ ਭੁੱਲ ਜਾਓ, ਜੋ ਪੂਰੀਆਂ ਸੜਕਾਂ ਨੂੰ ਘੇਰਦੀ ਹੈ, ਅਤੇ ਉਹ ਵੀ ਅਧਿਕਾਰਤ ਤੌਰ ‘ਤੇ?
ਕੀ ਤੁਸੀਂ ਕਦੇ ਹਿੰਦੂ ਮੁੱਖ ਮੰਤਰੀਆਂ ਨੂੰ ਹਿੰਦੂ ਤਿਉਹਾਰਾਂ ਦੌਰਾਨ ਅਜਿਹੀਆਂ ਅਪੀਲਾਂ ਕਰਦੇ ਸੁਣਿਆ ਹੈ ਕਿ ਪੂਜਾ ਸਿਰਫ ਮੰਦਰਾਂ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ, ਜੋ ਹਰ ਕੁਝ ਕਦਮਾਂ ‘ਤੇ ਸਥਿਤ ਹਨ? ਕੀ ਕਦੇ ਹਿੰਦੂ ਤਿਉਹਾਰਾਂ ਦੌਰਾਨ ਅਜਿਹੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ ਹਿੰਦੂਆਂ ਨੂੰ ਆਪਣੇ ਤਿਉਹਾਰ ਇਸ ਤਰੀਕੇ ਨਾਲ ਮਨਾਉਣ ਦੀ ਅਪੀਲ ਕੀਤੀ ਗਈ ਹੋਵੇ ਕਿ ਦੂਜਿਆਂ ਨੂੰ ਪ੍ਰੇਸ਼ਾਨੀ ਨਾ ਹੋਵੇ? ਮੁਸਲਮਾਨਾਂ ਨੂੰ ਆਪਣੇ ਤਿਉਹਾਰ ਸ਼ਾਂਤੀ ਨਾਲ ਨਾ ਮਨਾਉਣ ਦੇਣ ਵਿੱਚ ਕੀ ਖੁਸ਼ੀ ਮਿਲਦੀ ਹੈ ਅਤੇ ਕਿਉਂ? ਕੀ ਹਿੰਦੂ ਸਮਾਜ ਕਦੇ ਇਸ ਬਾਰੇ ਸੋਚੇਗਾ?



