ਨਵੀਂ ਦਿੱਲੀ (ਨ ਜ਼ ਸ)- ਬੁੱਧਵਾਰ ਸਵੇਰੇ ਸਾਨ ਫਰਾਂਸਿਸਕੋ (ਅਮਰੀਕਾ) ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਹਵਾ ਵਿੱਚ ਤਕਰੀਬਨ 8 ਘੰਟੇ ਬਿਤਾਉਣ ਤੋਂ ਬਾਅਦ ਤਕਨੀਕੀ ਖਰਾਬੀ ਕਾਰਨ ਦਿੱਲੀ ਪਰਤ ਆਇਆ। ਜਹਾਜ਼ ਵਿੱਚ ਕਰੀਬ 230 ਯਾਤਰੀ ਸਵਾਰ ਸਨ। ਜਹਾਜ਼ ਨੇ ਉਡਾਣ ਭਰਨ ਦੇ 3 ਘੰਟੇ ਬਾਅਦ, ਜਦੋਂ ਉਹ ਚੀਨ ਦੇ ਹਵਾਈ ਖੇਤਰ ਵਿੱਚ ਸੀ, ਵਾਪਸ ਮੁੜਨਾ ਸ਼ੁਰੂ ਕੀਤਾ।
ਏਅਰ ਇੰਡੀਆ ਉਡਾਨਾਂ ਘਟਾਏਗੀ
ਨਵੀਂ ਦਿੱਲੀ (ਨ ਜ਼ ਸ)- ਏਅਰ ਇੰਡੀਆ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਵਧ ਰਹੇ ਖਰਚਿਆਂ ਦੇ ਮੱਦੇਨਜ਼ਰ ਆਪਣੀਆਂ ਘਰੇਲੂ ਉਡਾਣਾਂ ਵਿੱਚ 22 ਫੀਸਦੀ ਤੱਕ ਦੀ ਕਟੌਤੀ ਕਰੇਗੀ। ਉਸ ਨੇ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਵੀ ਲੱਗਭੱਗ 27 ਫੀਸਦੀ ਦੀ ਕਟੌਤੀ ਕੀਤੀ ਹੈ। ਏਅਰ ਇੰਡੀਆ ਲੱਗਭੱਗ 4,400 ਹਫਤਾਵਾਰੀ ਉਡਾਨਾਂ ਦਾ ਸੰਚਾਲਨ ਕਰਦੀ ਹੈ। ਇਨ੍ਹਾਂ ਵਿੱਚੋਂ ਲੱਗਭੱਗ 3,600 ਘਰੇਲੂ ਅਤੇ 800 ਕੌਮਾਂਤਰੀ ਹਨ।
ਪਹਿਲੀ ਹਾਈਡ੍ਰੋਜਨ ਟ੍ਰੇਨ ਹਰਿਆਣਾ ‘ਚ ਚੱਲੇਗੀ
ਨਵੀਂ ਦਿੱਲੀ (ਨ ਜ਼ ਸ)- ਰੇਲ ਮੰਤਰਾਲੇ ਨੇ ਹਰਿਆਣਾ ਦੇ ਜੀਂਦ ਅਤੇ ਸੋਨੀਪਤ ਵਿਚਕਾਰ 10 ਡੱਬਿਆਂ ਵਾਲੀ ਹਾਈਡ੍ਰੋਜਨ ਡੀ ਈ ਐੱਮ ਯੂ ਟ੍ਰੇਨ ਸੇਵਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਭਾਰਤ ਦੀ ਇਸ ਤਰ੍ਹਾਂ ਦੀ ਪਹਿਲੀ ਟ੍ਰੇਨ ਹੋਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਇਹ ਟ੍ਰੇਨ ਵੱਧ ਤੋਂ ਵੱਧ 75 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੇਗੀ ਅਤੇ ਇਸ ਦੇ ਟ੍ਰਾਇਲ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।
ਗੁਜਰਾਤ ਦੀ ਬੰਦਰਗਾਹ ਨੇੜੇ 115 ਕਿੱਲੋ ਕੋਕੀਨ ਫੜੀ
ਅਹਿਮਦਾਬਾਦ (ਨ ਜ਼ ਸ) – ਭਾਰਤੀ ਕੋਸਟ ਗਾਰਡ ਅਤੇ ਗੁਜਰਾਤ ਐਂਟੀ-ਟੈਰੋਰਿਸਟ ਸਕੁਐਡ ਨੇ 25 ਅਤੇ 26 ਮਈ ਦੀ ਦਰਮਿਆਨੀ ਰਾਤ ਇੱਕ ਸਾਂਝੇ ਅਪ੍ਰੇਸ਼ਨ ਦੌਰਾਨ ਸੂਬੇ ਦੇ ਮੁੰਦਰਾ ਤੱਟ ਨੇੜੇ ‘ਐੱਮ ਵੀ ਯੂਰਪ’ ਨਾਂਅ ਦੇ ਕੰਟੇਨਰ ਜਹਾਜ਼ ਵਿੱਚੋਂ 115 ਕਿੱਲੋ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਤਕਰੀਬਨ 1,150 ਕਰੋੜ ਰੁਪਏ ਹੈ।
ਸਾਂਝੀ ਟੀਮ ਨੇ ਦੇਖਿਆ ਕਿ ਰਾਤ ਦੇ ਹਨ੍ਹੇਰੇ ਵਿੱਚ ਜਹਾਜ਼ ਤੋਂ ਕੁਝ ਬੈਗ ਸਮੁੰਦਰ ਵਿੱਚ ਸੁੱਟੇ ਜਾ ਰਹੇ ਸਨ। ਬੈਗਾਂ ਵਿੱਚੋਂ ਚਿੱਟੇ ਰੰਗ ਦੇ ਪਾਊਡਰ ਦੇ 115 ਪੈਕੇਟ ਮਿਲੇ, ਜਿਨ੍ਹਾਂ ਵਿੱਚੋਂ ਹਰੇਕ ਦਾ ਵਜ਼ਨ ਲਗਪਗ ਇੱਕ ਕਿੱਲੋ ਸੀ। ਸ਼ੁਰੂਆਤੀ ਟੈਸਟਾਂ ਵਿੱਚ ਇਸ ਪਦਾਰਥ ਦੇ ਕੋਕੀਨ ਹੋਣ ਦੀ ਪੁਸ਼ਟੀ ਹੋਈ ਹੈ।




