ਚੰਡੀਗੜ੍ਹ (ਸੁਰਜੀਤ ਸੁਮਨ)
ਪੰਜ ਵਾਰ ਦੇ ਉਲੰਪੀਅਨ ਅਤੇ ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ, ਪ੍ਰਸਿੱਧ ਖੇਡ ਪ੍ਰਸ਼ਾਸਕ, ਸਾਬਕਾ ਅਰਜੁਨ ਅਵਾਰਡੀ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦਾ ਬੁੱਧਵਾਰ ਨਵੀਂ ਦਿੱਲੀ ‘ਚ ਦੇਹਾਂਤ ਹੋ ਗਿਆ। ਉਹ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ। 79 ਸਾਲਾ ਰਣਧੀਰ ਸਿੰਘ ਇੱਕ ਖੇਡ ਪਰਵਾਰ ਦੀ ਚੌਥੀ ਪੀੜ੍ਹੀ ਸਨ। ਉਨ੍ਹਾ ਦੇ ਚਾਚਾ, ਮਹਾਰਾਜਾ ਯਾਦਵਿੰਦਰ ਸਿੰਘ ਭਾਰਤ ਦੇ ਟੈਸਟ ਕ੍ਰਿਕਟਰ ਸਨ ਅਤੇ ਉਨ੍ਹਾ ਦੇ ਪਿਤਾ ਰਾਜਾ ਭਲਿੰਦਰ ਸਿੰਘ, 1947-92 ਤੱਕ ਇੰਡੀਅਨ ਉਲੰਪਿਕ ਕਮੇਟੀ ਦੇ ਮੈਂਬਰ ਰਹੇ।
ਰਣਧੀਰ ਨੇ ਉਲੰਪਿਕ ਖੇਡਾਂ (ਟੋਕੀਓ 1964-ਰਿਜ਼ਰਵ ਸ਼ੂਟਰ), ਮੈਕਸੀਕੋ 1968, ਮਿਊਨਿਖ 1972, ਮੌਂਟਰੀਅਲ 1976, ਮਾਸਕੋ 1980 ਅਤੇ ਲਾਸ ਏਂਜਲਸ 1984, ਏਸ਼ੀਆਈ ਖੇਡਾਂ ਬੈਂਕਾਕ 1978, ਨਵੀਂ ਦਿੱਲੀ 1982, ਸਿਓਲ 1986 ਤੇ ਹੀਰੋਸ਼ੀਮਾ 1994 ਅਤੇ ਰਾਸ਼ਟਰਮੰਡਲ ਖੇਡਾਂ (ਐਡਮੰਟਨ 1978) ਵਿੱਚ ਸ਼ੂਟਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ; ਬੈਂਕਾਕ ਏਸ਼ੀਆਈ ਖੇਡਾਂ ਵਿੱਚ ਸ਼ੂਟਿੰਗ ਵਿੱਚ ਗੋਲਡ ਮੈਡਲ ਅਤੇ ਏਸ਼ੀਆਈ ਖੇਡਾਂ (ਨਵੀਂ ਦਿੱਲੀ 1982) ਵਿੱਚ ਕਾਂਸੀ (ਵਿਅਕਤੀਗਤ) ਅਤੇ ਚਾਂਦੀ (ਟੀਮ) ਦਾ ਤਮਗਾ ਜਿੱਤਿਆ।
ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ, ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਰਾਜਾ ਰਣਧੀਰ ਸਿੰਘ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।।




