ਲੁਧਿਆਣਾ (ਨ ਜ਼ ਸ) ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਨੇ ਕਿਹਾ ਹੈ ਕਿ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਪਿਨਰਾਈ ਵਿਜਯਨ ਦੇ ਨਿਵਾਸ ‘ਤੇ ਈ ਡੀ ਵੱਲੋਂ ਮਾਰੇ ਗਏ ਛਾਪੇ ਸਾਫ਼ ਤੌਰ ‘ਤੇ ਰਾਜਨੀਤਕ ਬਦਲੇ ਦੀ ਕਾਰਵਾਈ ਹਨ ਅਤੇ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਬੇਸ਼ਰਮ ਦੁਰਵਰਤੋਂ ਦਾ ਇੱਕ ਹੋਰ ਉਦਾਹਰਨ ਹਨ। ਅਜਿਹੀਆਂ ਕਾਰਵਾਈਆਂ ਦਾ ਮਕਸਦ ਖੱਬੇ ਧੜੇ ਨੂੰ ਡਰਾਉਣਾ, ਰਾਜਨੀਤਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ ਅਤੇ ਸੰਘੀ ਢਾਂਚੇ ਦੇ ਸਿਧਾਂਤਾਂ ਨੂੰ ਕਮਜ਼ੋਰ ਕਰਨਾ ਹੈ।ਵਿਰੋਧੀ ਧਿਰ ਦੇ ਰਾਜਾਂ ਅਤੇ ਅਸਹਿਮਤੀ ਵਾਲੀਆਂ ਰਾਜਨੀਤਕ ਆਵਾਜ਼ਾਂ ਦੇ ਖ਼ਿਲਾਫ਼ ਈ ਡੀ ਵਰਗੀਆਂ ਏਜੰਸੀਆਂ ਦਾ ਮੁੜ-ਮੁੜ ਹਥਿਆਰ ਵਜੋਂ ਇਸਤੇਮਾਲ ਲੋਕਤੰਤਰ ਅਤੇ ਸੰਘੀ ਪ੍ਰਣਾਲੀ ਲਈ ਗੰਭੀਰ ਖ਼ਤਰਾ ਹੈ। ਸਾਰੀਆਂ ਲੋਕਤੰਤਰਿਕ, ਧਰਮ ਨਿਰਪੇਖ ਅਤੇ ਸੰਘੀ ਤਾਕਤਾਂ ਨੂੰ ਰਾਜਨੀਤਕ ਵਿਰੋਧ ਨੂੰ ਚੁੱਪ ਕਰਨ ਅਤੇ ਡਰਾਉਣ ਵਾਲੀਆਂ ਇਨ੍ਹਾਂ ਤਾਨਾਸ਼ਾਹੀ ਕੋਸ਼ਿਸ਼ਾਂ ਦੇ ਖ਼ਿਲਾਫ਼ ਇਕੱਠੇ ਹੋਣਾ ਚਾਹੀਦਾ ਹੈ।




