ਖੱਬੀਆਂ ਧਿਰਾਂ ਮਨਰੇਗਾ ਲਾਗੂ ਕਰਵਾਉਣ ਲਈ ਦ੍ਰਿੜ੍ਹ : ਗੋਰੀਆ
ਅੰਗੋਲ (ਆਂਧਰਾ ਪ੍ਰਦੇਸ਼) (ਗਿਆਨ ਸੈਦਪੁਰੀ) ‘ਮਨਰੇਗਾ ਖੈਰਾਤ ਨਹੀਂ, ਇਹ ਮਜ਼ਦੂਰਾਂ ਦਾ ਹੱਕ ਹੈ, ਜੋ ਯੂ ਪੀ ਏ ਸਰਕਾਰ ਵੇਲੇ ਕਮਿਊਨਿਸਟਾਂ ਦੇ ਉਦਮ ਨਾਲ ਮਿਲਿਆ ਸੀ। ਮੌਜੂਦਾ ਮੋਦੀ ਸਰਕਾਰ ਮਜ਼ਦੂਰ ਦਾ ਜ਼ਰੂਰੀ ਹੱਕ ਖੋਹਣ ਦੇ ਰਾਹ ਤੁਰੀ ਹੋਈ ਹੈ, ਜੋ ਬਰਦਾਸ਼ਤਯੋਗ ਨਹੀਂ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਸਕੱਤਰ ਐਨੀ ਰਾਜਾ ਨੇ ਕੀਤਾ। ਉਹ ਆਂਧਰਾ ਪ੍ਰਦੇਸ਼ ਦੇ ਪਰਕਾਸਮ ਜ਼ਿਲ੍ਹੇ ਦੇ ਅੰਗੋਲ ਸ਼ਹਿਰ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਹੋਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ‘’ਵੀ ਬੀ ਜੀ ਰਾਮ ਜੀ ਰਾਹੀਂ ਪੇਂਡੂ ਗਰੀਬਾਂ ‘ਤੇ ਹਮਲਾ ਬੰਦ ਕਰੋ ਤੇ ਮਨਰੇਗਾ ਬਹਾਲ ਕਰੋ’’ ਵਿਸ਼ੇ ‘ਤੇ ਹੋਏ ਸੈਮੀਨਰ ਦੀ ਪ੍ਰਧਾਨਗੀ ਸੀ ਪੀ ਆਈ ਦੇ ਕੌਮੀ ਸਕੱਤਰ ਰਾਮਾ ਕ੍ਰਿਸ਼ਨ, ਸੀ ਪੀ ਆਈ ਆਂਧਰਾ ਪ੍ਰਦੇਸ਼ ਦੇ ਸਕੱਤਰ ਈਸ਼ਵਰੀਆ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪੇਰੀਆਸਾਮੀ, ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਸਕੱਤਰ ਵਿਜੈਂਦਰ ਸਿੰਘ ਨਿਰਮਲ, ਸਾਬਕਾ ਵਿਧਾਇਕ ਬਿਹਾਰ ਜਾਨਕੀ ਪਾਸਵਾਨ ਤੇ ਜੀ ਇਸਮਾਇਲ ਨੇ ਕੀਤੀ।ਐਨੀ ਰਾਜਾ ਨੇ ਕਿਹਾ ਮਨਰੇਗਾ ਪੇਂਡੂ ਮਜ਼ਦੂਰਾਂ ਦੇ ਇਤਿਹਾਸਕ ਸੰਘਰਸ਼ ਤੋਂ ਬਾਅਦ ਹੋਂਦ ਵਿੱਚ ਆਇਆ ਸੀ, ਜੋ ਕੰਮ ਦੇ ਹੱਕ ਦੀ ਕਾਨੂੰਨੀ ਗਰੰਟੀ ਦਿੰਦਾ ਸੀ। ਇਹ ਕੰਮ ਮੰਗਣ ‘ਤੇ ਕੰਮ ਮੁਹੱਈਆ ਕਰਦਾ ਸੀ। ਇਹ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਲਈ ਪਾਬੰਦ ਸੀ। ਇਹ ਗ੍ਰਾਮ ਸਭਾਵਾਂ ਨੂੰ ਤਾਕਤ ਮੁਹੱਈਆ ਕਰਦਾ ਸੀ। ਇਹ ਸਮਾਜਿਕ ਸੁਰੱਖਿਆ ਨੂੰ ਵੀ ਯਕੀਨੀ ਬਣਾਉਂਦਾ ਸੀ। ਇਹ ਪੇਂਡੂ ਮਜ਼ਦੂਰਾਂ, ਔਰਤਾਂ, ਦਲਿਤਾਂ, ਆਦਿਵਾਸੀਆਂ ਤੇ ਜ਼ਮੀਨ ਤੋਂ ਵਾਂਝੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਦਾ ਸੀ। ਕੰਮ ਦੀ ਕਾਨੂੰਨੀ ਗਰੰਟੀ ਲਈ ਖੱਬੀਆਂ ਧਿਰਾਂ ਚਿਰਾਂ ਤੋਂ ਯਤਨਸ਼ੀਲ ਸਨ। ਦੁਨੀਆ ਭਰ ਵਿੱਚ ਇਹ ਪਹਿਲਾ ਕਾਨੂੰਨ ਸੀ, ਜੋ ਵਿਆਪਕ ਪੱਧਰ ‘ਤੇ ਰੁਜ਼ਗਾਰ ਮੁਹੱਈਆ ਕਰਵਾਉਂਦਾ ਸੀ। ਇਹ ਉਸ ਯਤਨ ਦੀ ਕਾਮਯਾਬੀ ਵੀ ਸੀ, ਜਦੋਂ ਅਸੀਂ ‘ਹਰ ਹਾਥ ਕੋ ਕਾਮ ਦੋ, ਹਰ ਕਾਮ ਕੋ ਦਾਮ ਦੋ’’ ਦੇ ਨਾਹਰੇ ਤਹਿਤ 52 ਜ਼ਿਲਿਆਂ ਵਿੱਚ 51 ਦਿਨ ਯਾਤਰਾ ਕੀਤੀ ਸੀ।
ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਇਸ ਕਾਨੂੰਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੋਦੀ ਸਰਕਾਰ ਨੇ ਹੁਣ ਤਾਂ ਵੀ ਬੀ ਜੀ ਰਾਮ ਜੀ’ ਲਿਆ ਕੇ ਜਿੱਥੇ ਲੋਕਾਂ ਨੂੰ ਗੁੰਮਰਾਹ ਕੀਤਾ, ਉਥੇ ਕੰਮ ਵੀ ਖੋਹ ਲਿਆ। ਉਹਨਾ ਕਿਹਾ ਕਿ ਭਾਰਤੀ ਖੇਤ ਮਜ਼ਦੂਰ ਯੂਨੀਅ ਆਪਣੀ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਠੋਸ ਤਰੀਕੇ ਨਾਲ ਤੈਅ ਕਰੇਗੀ ਕਿ ਮਨਰੇਗਾ ਬਚਾਉਣ ਲਈ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜਾਰ ਸਿੰਘ ਗੋਰੀਆ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਵਰਗ ਨੂੰ ਮਨਰੇਗਾ ਰਾਹੀਂ ਆਰਥਿਕ ਤੇ ਸਮਾਜਿਕ ਖੇਤਰ ਵਿੱਚ ਕੁਝ ਸੁਰੱਖਿਆ ਪ੍ਰਾਪਤ ਹੋਈ ਸੀ। ਮੋਦੀ ਸਰਕਾਰ ਦੀਆਂ ਨੀਤੀਆਂ ਪੇਂਡੂ ਗਰੀਬ ਵਰਗ ਨੂੰ ਪੂਰੀ ਤਰ੍ਹਾਂ ਅਧਿਕਾਰ ਤੋਂ ਵੰਚਿਤ ਕਰ ਰਹੀਆਂ ਹਨ। ਉਹਨਾ ਕਿਹਾ ਕਿ ਖੱਬੀਆਂ ਧਿਰਾਂ ਮਨਰੇਗਾ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਦ੍ਰਿੜ੍ਹ ਹਨ।
ਸੈਮੀਨਾਰ ਨੂੰ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਵੀ ਐੱਸ ਨਿਰਮਲ, ਸੀ ਪੀ ਆਈ ਦੇ ਕੌਮੀ ਸਕੱਤਰ ਰਾਮ ਕ੍ਰਿਸ਼ਨ, ਸੀ ਪੀ ਆਈ ਆਂਧਰਾ ਪ੍ਰਦੇਸ਼ ਦੇ ਸਕੱਤਰ ਈਸ਼ਵਰੀਆ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪੇਰੀਆਸਾਮੀ ਨੇ ਵੀ ਸੰਬੋਧਨ ਕੀਤਾ। ਸੈਮੀਨਾਰ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੀ ਇਪਟਾ ਟੀਮ ਵੱਲੋਂ ਦਲਿਤ ਅਤੇ ਮਜ਼ਦੂਰ ਵਰਗ ਦੀ ਆਵਾਜ਼ ਨੂੰ ਗੀਤ-ਸੰਗੀਤ ਰਾਹੀਂ ਉਭਾਰਿਆ ਗਿਆ।




