ਲੋਕ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ…

0
10

ਭੋਪਾਲ (ਨ ਜ਼ ਸ)
ਵੀਰਵਾਰ ਈਦ ਅਲ-ਅਜ਼ਹਾ (ਬਕਰੀਦ) ਦੇ ਦਿਨ ਉਰਦੂ ਸਾਹਿਤ ਦੀ ਬੁਲੰਦ ਆਵਾਜ਼ ਹਮੇਸ਼ਾ ਲਈ ਚੁੱਪ ਹੋ ਗਈ; ਉਹ ਆਵਾਜ਼, ਜਿਸ ਨੇ ਮਨੁੱਖੀ ਰਿਸ਼ਤਿਆਂ ਦੀ ਨਿੱਘ, ਵਿਛੋੜੇ ਦੀ ਪੀੜ ਅਤੇ ਜੀਵਨ ਦੀ ਸਹਿਜ ਸਾਦਗੀ ਨੂੰ ਵਿਲੱਖਣ ਰੂਪ ਵਿੱਚ ਕੈਦ ਕੀਤਾ। ਪ੍ਰਸਿੱਧ ਸ਼ਾਇਰ ਡਾ. ਬਸ਼ੀਰ ਬਦਰ ਨੇ 91 ਸਾਲ ਦੀ ਉਮਰ ਵਿੱਚ ਇੱਥੇ ਆਪਣੇ ਨਿਵਾਸ ਸਥਾਨ ‘ਤੇ ਆਖਰੀ ਸਾਹ ਲਿਆ। ਉਹ ਯਾਦਾਸ਼ਤ ਤਬਾਹ ਕਰਨ ਵਾਲੀ ਬਿਮਾਰੀ (ਡਿਮੈਂਸ਼ੀਆ) ਤੋਂ ਪੀੜਤ ਸਨ। ਉਨ੍ਹਾ ਦੀ ਹਾਲਤ ਏਨੀ ਵਿਗੜ ਗਈ ਸੀ ਕਿ ਉਹ ਹੁਣ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਜਾਣੂੰਆਂ ਨੂੰ ਵੀ ਪਛਾਣਨ ਦੇ ਯੋਗ ਨਹੀਂ ਰਹੇ ਸਨ। ਉਹ ਪਰਵਾਰ ਵਿੱਚ ਪੁੱਤਰ ਤੈਯਬ ਅਤੇ ਪਤਨੀ ਡਾ. ਰਾਹਤ ਨੂੰ ਛੱਡ ਗਏ ਹਨ।
ਆਧੁਨਿਕ ਗ਼ਜ਼ਲ ਦੇ ਉਸਤਾਦ ਮੰਨੇ ਜਾਂਦੇ ਬਦਰ ਨੂੰ ਸਾਹਿਤ ਵਿੱਚ ਯੋਗਦਾਨ ਲਈ ਪਦਮਸ੍ਰੀ ਨਾਲ ਸਨਮਾਨਤ ਕੀਤਾ ਗਿਆ ਸੀ।
ਬਸ਼ੀਰ ਬਦਰ ਦਾ ਜਨਮ 15 ਫਰਵਰੀ 1935 ਨੂੰ ਯੂ ਪੀ ਦੇ ਅਯੁੱਧਿਆ ਵਿੱਚ ਹੋਇਆ ਸੀ। ਉਨ੍ਹਾ ਪੀ ਐੱਚ ਡੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਉੱਥੇ ਉਰਦੂ ਦੇ ਪ੍ਰੋਫੈਸਰ ਵੀ ਰਹੇ। ਉਹ ਸਰਲ, ਰੋਮਾਂਟਿਕ ਅਤੇ ਬਹੁਤ ਪ੍ਰਭਾਵਸ਼ਾਲੀ ਬੋਲਚਾਲ ਵਾਲੀ ਭਾਸ਼ਾ ਵਿੱਚ ਗ਼ਜ਼ਲਾਂ ਲਿਖਣ ਲਈ ਜਾਣੇ ਜਾਂਦੇ ਸਨ। ਉਨ੍ਹਾ ਗ਼ਜ਼ਲ ਸ਼ੈਲੀ ਵਿੱਚ ਬਹੁਤ ਸਾਰੇ ਨਵੇਂ ਅਤੇ ਵਿਲੱਖਣ ਸ਼ਬਦਾਂ ਨੂੰ ਪੇਸ਼ ਕੀਤਾ। ਉਨ੍ਹਾ ਕਈ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚ ਇਮਕਾਨ, ਆਹਟੇਂ, ਕੁਲੀਅਤ-ਏ-ਬਸ਼ੀਰ ਬਦਰ ਅਤੇ ਉਜਾਲੇ ਅਪਨੀ ਯਾਦੋਂ ਕੇ ਸ਼ਾਮਲ ਹਨ।
ਬਸ਼ੀਰ ਬਦਰ, ਜਿਨ੍ਹਾ ਪਿਆਰ ਦੀ ਗੱਲ ਕੀਤੀ, ਨੂੰ 1987 ਵਿੱਚ ਮੇਰਠ ਵਿੱਚ ਹੋਏ ਫਿਰਕੂ ਦੰਗਿਆਂ ਦੌਰਾਨ ਨਫਰਤ ਦਾ ਸਾਹਮਣਾ ਕਰਨਾ ਪਿਆ। ਹਿੰਸਾ ਵਿੱਚ ਉਨ੍ਹਾ ਦਾ ਘਰ ਸਾੜ ਦਿੱਤਾ ਗਿਆ, ਜਿਸ ਨਾਲ ਉਨ੍ਹਾ ਦੀਆਂ ਬਹੁਤ ਸਾਰੀਆਂ ਇਤਿਹਾਸਕ, ਅਣਪ੍ਰਕਾਸ਼ਤ ਰਚਨਾਵਾਂ ਅਤੇ ਗ਼ਜ਼ਲਾਂ ਤਬਾਹ ਹੋ ਗਈਆਂ। ਇਸ ਘਟਨਾ ਤੋਂ ਬਾਅਦ ਉਹ ਪੱਕੇ ਤੌਰ ‘ਤੇ ਭੋਪਾਲ ਆ ਗਏ।
ਬਸ਼ੀਰ ਬਦਰ ਨੇ ਭਾਰਤ ਦੀ ਵੰਡ ਬਾਰੇ ਕਈ ਗ਼ਜ਼ਲਾਂ ਲਿਖੀਆਂ। ਸ਼ਿਮਲਾ ਸਮਝੌਤੇ ਦੌਰਾਨ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ ਆਗੂ ਜ਼ੁਲਫਿਕਾਰ ਅਲੀ ਭੁੱਟੋ ਨੂੰ ਬਸ਼ੀਰ ਬਦਰ ਦਾ ਇਹ ਸ਼ੇਅਰ ਸੁਣਾਇਆ ਸੀ : ਦੁਸ਼ਮਨੀ ਜਮ ਕੇ ਕਰੋ ਲੇਕਿਨ ਯੇ ਗੁੰਜਾਇਸ਼ ਰਹੇ, ਜਬ ਕਭੀ ਹਮ ਦੋਸਤ ਬਨ ਜਾਏਂ ਤੋਂ ਸ਼ਰਮਿੰਦਾ ਨਾ ਹੋਂ।
ਆਜ ਇੰਸਾਂ ਕੋ ਮੋਹੱਬਤ ਕੀ…
ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਨੇ ਦੋ,
ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਵੇ।
ਕੋਈ ਭੀ ਹਾਥ ਨਾ ਮਿਲਾਏਗਾ ਜੋ ਗਲੇ ਮਿਲੋਗੇ ਤਪਾਕ ਸੇ,
ਯੇ ਨਏ ਮਿਜ਼ਾਜ ਕਾ ਸ਼ਹਰ ਹੈ ਜ਼ਰਾ ਫਾਸਲੇ ਸੇ ਮਿਲਾ ਕਰੋ।
ਲੋਕ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ,
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ।
ਕੁਛ ਤੋ ਮਜਬੂਰੀਆਂ ਰਹੀ ਹੋਂਗੀ,
ਯੂੰ ਕੋਈ ਬੇਵਫਾ ਨਹੀਂ ਹੋਤਾ।
ਜ਼ਿੰਦਗੀ ਤੂ ਨੇ ਮੁਝੇ ਕਬ੍ਰ ਸੇ ਕਮ ਦੀ ਹੈ ਜ਼ਮੀਂ,
ਪਾਂਵ ਫੈਲਾਊਂ ਤੋ ਦੀਵਾਰ ਮੇਂ ਸਰ ਲਗਤਾ ਹੈ।
ਯਹਾਂ ਲਿਬਾਸ ਕੀ ਕੀਮਤ ਹੈ ਆਦਮੀ ਕੀ ਨਹੀਂਂ,
ਮੁਝੇ ਗਿਲਾਸ ਬੜੇ ਦੇ ਸ਼ਰਾਬ ਕਮ ਕਰ ਦੇ।
ਮੋਹੱਬਤੋਂ ਮੇਂ ਦਿਖਾਵੇ ਕੀ ਦੋਸਤੀ ਨਾ ਮਿਲਾ,
ਅਗਰ ਗਲੇ ਨਹੀਂ ਮਿਲਤਾ ਤੋ ਹਾਥ ਭੀ ਨਾ ਮਿਲਾ।
ਸਾਤ ਸੰਦੂਕੋਂ ਮੇਂ ਭਰ ਕਰ ਦਫਨ ਕਰ ਦੋ ਨਫਰਤੇਂ,
ਆਜ ਇੰਸਾਂ ਕੋ ਮੋਹੱਬਤ ਕੀ ਜ਼ਰੂਰਤ ਹੈ ਬਹੁਤ।