ਮੁਹਾਲੀ (ਗੁਰਜੀਤ ਬਿੱਲਾ, ਸੁਰਜੀਤ ਸੁਮਨ)-ਪ੍ਰਸਿੱਧ ਪੰਜਾਬੀ ਲੇਖਕ ਐਡਵੋਕੇਟ ਰਿਪੁਦਮਨ ਸਿੰਘ ਰੂਪ (91) ਦੇ ਬੀਤੇ ਦਿਨੀਂ ਵਿਛੋੜੇ ਮਗਰੋਂ ਉਨ੍ਹਾ ਦੀ ਅੰਤਮ ਇੱਛਾ ਅਨੁਸਾਰ ਪਰਵਾਰ ਨੇ ਉਨ੍ਹਾ ਦੀ ਦੇਹ ਪੀ ਜੀ ਆਈ ਚੰਡੀਗੜ੍ਹ ਨੂੰ ਖੋਜ ਕਾਰਜਾਂ ਵਾਸਤੇ ਦਾਨ ਕਰ ਦਿੱਤੀ।ਜ਼ਿਕਰਯੋਗ ਹੈ ਕਿ ਸ੍ਰੀ ਰੂਪ ਦੇ ਵੱਡੇ ਭਰਾ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦਾ ਸਰੀਰ ਵੀ 2010 ਵਿੱਚ ਪੀ ਜੀ ਆਈ ਨੂੰ ਦਾਨ ਕੀਤਾ ਗਿਆ ਸੀ। ਪੀ ਜੀ ਆਈ ਜਾਣ ਤੋਂ ਪਹਿਲਾਂ ਸ੍ਰੀ ਰੂਪ ਦੀ ਦੇਹ ਉਨ੍ਹਾ ਦੇ ਗ੍ਰਹਿ ਵਿਖੇ ਅੰਤਮ ਦਸ਼ਰਨਾਂ ਲਈ ਰੱਖੀ ਗਈ, ਜਿਸ ਨੂੰ ਸੈਂਕੜਿਆਂ ਲੇਖਕਾਂ, ਬੁੱਧੀਜੀਵੀਆਂ, ਵਕੀਲਾਂ, ਰੰਗਮੰਚ ਅਤੇ ਫਿਲਮ ਅਦਾਕਾਰਾਂ, ਰਾਜਨੀਤਕ ਅਤੇ ਸਮਾਜਕ ਕਾਰਕੁਨਾਂ, ਮੁਲਾਜ਼ਮ ਆਗੂਆਂ ਸਮੇਤ ਸਕੇ-ਸਬੰਧੀਆਂ ਨੇ ਭਾਵ-ਭਿੰਨੀ ਸ਼ਰਧਾਜਲੀ ਦਿੱਤੀ।
ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ-ਮੁਕਤ ਜੱਜ ਕੰਵਲਜੀਤ ਸਿੰਘ ਆਹਲੂਵਾਲੀਆ ਅਤੇ ਜਸਟਿਸ (ਸੇਵਾ-ਮੁਕਤ) ਰਾਕੇਸ਼ ਗਰਗ, ਕਾਲਮ ਨਵੀਸ ਸ਼ਾਮ ਸਿੰਘ (ਅੰਗ-ਸੰਗ), ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਡਿਪਟੀ ਮੇਅਰ ਮੁਹਾਲੀ ਕੁਲਜੀਤ ਸਿੰਘ ਬੇਦੀ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਗੁਰਮੇਲ, ਬਲਵਿੰਦਰ ਉਤਮ, ਅਦਾਕਾਰ ਕੱਕੂ ਦੀਵਾਨ, ਨਰਿੰਦਰ ਪਾਲ ਨੀਨਾ ਨੇ ਕਿਹਾ ਕਿ ਰੂਪ ਝੱਖੜਾਂ ‘ਚ ਝੂਲਦਾ ਉਹ ਰੁੱਖ ਸਨ, ਜੋ ਲੋਕਾਂ ਦੇ ਪੱਖ ਅਤੇ ਹੱਕ ‘ਚ ਸਾਰੀ ਉਮਰ ਖੜੇ ਤੇ ਲੜੇ, ਉੁਹ ਆਪਣੇ ਭੈਣਾਂ-ਭਾਈਆਂ ਅਤੇ ਸਕੇ-ਸੰਬੰਧੀਆਂ ਨਾਲ ਅੜੇ-ਥੁੜੇ ਉਨ੍ਹਾਂ ਦੇ ਕੰਮ ਆਏ। ਆਪਣੇ ਮੁਲਾਜ਼ਮ ਸਾਥੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਮੁਹਰਲੀ ਕਤਾਰ ਵਿਚ ਸਰਗਰਮ ਰਹਿ ਕੇ ਅਨੇਕਾਂ ਵਾਰ ਜੇਲ੍ਹ ਗਏ ਅਤੇ ਸਮਾਜਿਕ ਮਸਲੇ ਬੇਬਾਕੀ ਅਤੇ ਦਲੇਰੀ ਨਾਲ ਉਭਾਰੇ।ਉਨ੍ਹਾਂ ਕਿਹਾ ਰੂਪ ਦੇ ਪੁੱਤਰਾਂ ਸੰਜੀਵਨ ਸਿੰਘ ਅਤੇ ਰੰਜੀਵਨ ਸਿੰਘ ਤੋਂ ਇਲਾਵਾ ਉਨ੍ਹਾ ਦੀਆਂ ਪੋਤੀਆਂ ਰਿੱਤੂਰਾਗ, ਪ੍ਰਿਯਾਰਾਗ ਅਤੇ ਪੋਤੇ ਰਿਸ਼ਮਰਾਗ, ਊਦੈਰਾਗ ਵੀ ਰੰਗਮੰਚ ਅਤੇ ਸਾਹਿਤਕ ਖੇਤਰ ਵਿਚ ਸਰਗਰਮ ਹਨ।
ਸ੍ਰੀ ਰੂਪ ਨੇ ਆਪਣੇ 70 ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਕਾਵਿ-ਸੰਗ੍ਰਹਿ ਰਾਣੀ ਰੁੱਤ (1991), ਲਾਲ ਗੜ੍ਹ (2019), ਕਹਾਣੀ ਸੰਗ੍ਰਹਿ ਦਿਲ ਦੀ ਅੱਗ (1979), ਬਹਾਨੇ-ਬਹਾਨੇ (1993), ਓਪਰੀ ਹਵਾ (2007), ਪੋਹ ਫੁਟਾਲੇ ਤੱਕ (2020) ਅਤੇ ਬਦਮਾਸ਼, ਨਾਵਲ ਝੱਖੜਾਂ ਵਿੱਚ ਝੂਲਦਾ ਰੁੱਖ (2013), ਪ੍ਰੀਤੀ (2022) ਅਤੇ ਤੀਲ੍ਹਾ (2024) ਲੇਖ-ਸੰਗ੍ਰਿਹ ਬੰਨੇ-ਚੰਨੇ (2009), ਯਾਤਰਾਵਾਂ ਪੰਛੀ-ਝਾਤ ਲਿਖਣ ਤੋਂ ਇਲਾਵਾ ਉਨ੍ਹਾ ਆਪਣੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਦੀ ਕਵਿਤਾ ਦਾ ਸੰਗ੍ਰਹਿ ਧੂੜ ਹੇਠਲੀ ਕਵਿਤਾ (2018) ਸੰਪਾਦਿਤ ਕੀਤਾ।ਸ੍ਰੀ ਰੂਪ ਦੀਆਂ ਤਿੰਨ ਕਿਤਾਬਾਂ (ਵਾਰਤਕ, ਕਹਾਣੀਆਂ, ਕਵਿਤਾਵਾਂ ਅਤੇ ਨਾਵਲਿਟ) ਛਪਾਈ ਅਧੀਨ ਹਨ, ਜੋ ਆਉਂਦੇ ਕੁਝ ਮਹੀਨਿਆਂ ਵਿਚ ਛਪ ਕੇ ਪਾਠਕਾਂ ਤੱਕ ਪਹੁੰਚਣ ਦੀ ਆਸ ਹੈ।ਜ਼ਿਕਰਯੋਗ ਹੈ ਕਿ ਉਨ੍ਹਾ ਆਪਣੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਦੇ ਤੁਰ ਜਾਣ ਤੋਂ ਚਾਰ ਦਹਾਕਿਆਂ ਬਾਅਦ ਉਨ੍ਹਾਂ ਦੀ ਕਵਿਤਾਵਾਂ ਦੀ ਪੁਸਤਕ ‘ਧੂੜ ਹੇਠਲੀ ਕਵਿਤਾ’ ਸੰਪਾਦਤ ਕਰਕੇ ਛਪਵਾਈ।
ਰਿਪੁਦਮਨ ਸਿੰਘ ਰੂਪ ਨੂੰ ਨਮਨ ਕਰਨ ਵਾਲਿਆਂ ਵਿੱਚ ਉਨ੍ਹਾ ਦੇ ਸਕੇ-ਸਬੰਧੀਆਂ ਅਤੇ ਨੇੜਲਿਆਂ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ, ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸੈਕਟਰੀ ਐਵਡੋਕੇਟ ਪਰਮਪ੍ਰੀਤ ਸਿੰਘ ਬਾਜਵਾ, ਐਡਵੋਕੇਟ ਸਤਵੰਤ ਰੰਗੀ, ਐਡਵੋਕੇਟ ਕੁਲਬੀਰ ਸਿੰਘ ਧਾਲੀਵਾਲ, ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਅਦਾਕਾਰ ਕਮਲ ਨੈਨ ਸਿੰਘ ਸੇਖੋਂ, ਰਮਨ ਢਿੱਲੋਂ, ਸਾਵਨ ਰੂਪੋਵਾਲੀ, ਜਸਬੀਰ ਢਿੱਲੋਂ, ਇੰਦਰਜੀਤ ਮੋਗਾ, ਸਬਦੀਸ਼, ਹਰਵਿੰਦਰ ਹਰ, ਨਰਿੰਦਰ ਨਸਰੀਨ, ਸੁਖਬੀਰ ਪਾਲ ਕੌਰ, ਰਾਜਨੀਤਕ, ਸਮਾਜਕ ਕਾਰਕੁਨ ਅਤੇ ਮੁਲਾਜ਼ਮ ਆਗੂ, ਭਾਜਪਾ ਆਗੂ ਲਖਵਿੰਦਰ ਗਰਚਾ, ਮਲਾਜ਼ਮ ਆਗੂ ਕਰਮ ਸਿੰਘ ਧਨੋਆ, ਖੁਸ਼ਹਾਲ ਨਾਗਾ, ਬਲਦੇਵ ਝੱਜ, ਅਵਤਾਰ ਕਲਸੀਆਂ, ਦਵਿੰਦਰ ਜਟਾਣਾ, ਅਸ਼ੋਕ ਬਜਹੇੜੀ, ਰਣਜੀਤ ਹਾਂਸ, ਯਸ਼ਪਾਲ, ਡਾ. ਨਰਿੰਦਰ ਗੁਪਤਾ, ਜੀ ਐੱਸ ਕੌਸਲ, ਸਤਨਾਮ ਦਾਊਂ, ਐੱਮ ਬੀ ਐੱਸ ਸ਼ੇਰਗਿੱਲ, ਰੂਪ ਸਾਹਿਬ ਦੇ ਜਵਾਈ ਪੱਤਰਕਾਰ ਦਵਿੰਦਰਜੀਤ ਦਰਸ਼ੀ, ਨੂੰਹ ਚਰਨਜੀਤ ਕੌਰ, ਪੂਨਮ, ਪੋਤ-ਜਵਾਈ ਉਜਵਲ ਅਤੇ ਮੋਹਿਤ ਵੇਦ ਨੇ ਵੀ ਰੂਪ ਨੂੰ ਨਮਨ ਕੀਤਾ।ਉਨ੍ਹਾ ਦੀ ਪੋਤ ਨੂੰਹ ਪੁਰਵਾ ਅਤੇ ਪੋਤੀ ਰਿਤੂਰਾਗ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਡੇ ਦਾਦੇ ਤਾਏ ਸੰਤੋਖ ਸਿੰੰਘ ਧੀਰ ਵਾਂਗ ਡੈਡੀ ਵੀ ਸਾਰੀ ਉਮਰ ਦੱਬੇ-ਕੁਚਲੇ, ਪੀੜਤ ਅਤੇ ਸੋਸ਼ਤ ਧਿਰਾਂ ਨਾਲ ਡਟ ਕੇ ਖੜੇ।ਉਨ੍ਹਾ ਦੀ ਕਲਮ ਕਦੇ ਵੀ ਹਾਕਮ ਧਿਰ ਦੇ ਹੱਕ ਵਿਚ ਨਹੀਂ ਚੱਲੀ।ਉਹ ਚਾਰ ਮੋਢਿਆਂ ਦੀ ਪ੍ਰਵਾਹ ਕੀਤੇ ਬਿਨਾਂ ਹਮੇਸ਼ਾ ਸੱਚ ਬੋਲੇ।





