ਘੱਟੋ-ਘੱਟ ਉਜਰਤ 30 ਹਜ਼ਾਰ ਕੀਤੀ ਜਾਵੇ : ਆਸਲ
ਅੰਮ੍ਰਿਤਸਰ (ਜਸਬੀਰ ਸਿਘ ਪੱਟੀ, ਕੰਵਲਜੀਤ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਵਿਖੇ ਪੰਜਾਬ ਦੇ ਮਸਲਿਆਂ ਅਤੇ ਵਧ ਰਹੀ ਮਹਿੰਗਾਈ ਖਿਲਾਫ ਬੁੱਧਵਾਰ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਦਰਿਆਈ ਪਾਣੀਆਂ ਦੀ ਕੌਮਾਂਤਰੀ ਕਨੂੰਨ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਨਾ ਕਰਕੇ, ਪੰਜਾਬ ਪੁਨਰਗਠਨ ਦੀ ਧਾਰਾ 68, 69 ਅਤੇ 70 ਦੀ ਦੁਰਵਰਤੋਂ ਕਰਕੇ ਪੰਜਾਬ ਨਾਲ ਧੱਕਾ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅੰਦਰ ਪੰਜਾਬ ਦੀ ਮੈਂਬਰੀ ਖਤਮ ਕਰਨ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣ ਅਤੇ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਉਪਰੋਂ ਪੰਜਾਬ ਦੇ ਅਧਿਕਾਰ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਦੀ ਜ਼ੋਰਦਾਰ ਨਿਖੇਧੀ ਕੀਤੀ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਇੱਕ ਹਫਤੇ ਵਿੱਚ ਡੀਜ਼ਲ, ਪੈਟਰੋਲ, ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਉਪਰ ਭਾਰੀ ਬੋਝ ਲੱਦ ਦਿੱਤਾ ਹੈ, ਜਿਸ ਨਾਲ ਲਾਗਤ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਜਿਥੇ ਆਮ ਵਰਤੋਂ ਦੀਆਂ ਕੀਮਤਾਂ ਵਧ ਰਹੀਆਂ ਹਨ, ਉਥੇ ਖੇਤੀ ਲਾਗਤ ਕੀਮਤਾਂ ਅਤੇ ਖਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਕਾਲਾ ਬਜ਼ਾਰੀ ਹੋਣ ਕਰਕੇ ਕਿਸਾਨੀ ਲਈ ਖੇਤੀ ਕਰਨਾ ਘਾਟੇ ਦਾ ਧੰਦਾ ਬਣਦਾ ਜਾ ਰਿਹਾ ਹੈ, ਜਿਸ ਨਾਲ ਕਿਸਾਨੀ ਕਰਜ਼ੇ ਦੇ ਜਾਲ ਵਿੱਚ ਫਸਦੀ ਜਾ ਰਹੀ ਹੈ।ਉੱਘੇ ਟਰੇਡ ਯੂਨੀਅਨ ਆਗੂ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਟਰੇਡ ਯੂਨੀਅਨ ਕਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਲੜਨ ਅਤੇ ਟਰੇਡ ਯੂਨੀਅਨ ਬਣਾਉਣ ‘ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 30, 000 ਰੁਪਏ ਦੇਣ ਦੀ ਮੰਗ ਕੀਤੀ ਅਤੇ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਕੀਤੀ।
ਕਨਵੈਨਸ਼ਨ ਨੂੰ ਦਸਵਿੰਦਰ ਕੌਰ, ਲਖਬੀਰ ਸਿੰਘ ਨਿਜ਼ਾਮਪੁਰ, ਨਰਿੰਦਰ ਬੱਲ, ਬਲਦੇਵ ਸਿੰਘ ਵੇਰਕਾ, ਕੁਲਵੰਤ ਰਾਏ ਬਾਵਾ ਤੋਂ ਇਲਾਵਾ ਵਿਰਸਾ ਵਿਹਾਰ ਸੁਸਾਇਟੀ ਦੇ ਆਗੂ ਰਮੇਸ਼ ਯਾਦਵ, ਪ੍ਰਗਤੀਸੀਲ ਲੇਖਕ ਸੰਘ ਦੇ ਆਗੂ ਭੁਪਿੰਦਰ ਸਿੰਘ ਸੰਧੂ ਨੇ ਸੰਬੋਧਨ ਕੀਤਾ। ਕਨਵੈਨਸ਼ਨ ਨੇ ਮਤਾ ਪਾਸ ਕਰਕੇ ਜਗਤਾਰ ਸਿੰਘ ਮਹਿਲਾਂਵਾਲਾ ਦੇ ਪੁੱਤਰ ‘ਤੇ ਕੀਤੇ ਗਏ ਕਾਤਲਾਨਾ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਪੜ੍ਹਨ ‘ਤੇ ਲਗਾਈ ਗਈ ਪਾਬੰਦੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਇਸ ਮੌਕੇ ਵਿਜੈ ਕਪੂਰ ਛੇਹਰਟਾ, ਮੰਗਲ ਸਿੰਘ ਖਜਾਲਾ, ਸ਼ਮਸ਼ੇਰ ਨਾਥ, ਅਜਮਤ ਅਟਾਰੀ, ਸੁਖਦੇਵ ਸਿੰਘ ਜਗਦੇਵ ਕਲਾਂ, ਪਲਵਿੰਦਰ ਬੱਲ, ਕੁਲਵੰਤ ਸਿੰਘ, ਰਜੇਸ਼ ਹਾਂਡਾ, ਅਜ਼ਾਦ ਸਿੰਘ ਮਹਿਤਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ। ਸੀ ਪੀ ਆਈ ਪੰਜਾਬ ਦੇ ਨਵੇਂ ਸਕੱਤਰ ਬਣਨ ਤੋਂ ਬਾਅਦ ਅੰਮ੍ਰਿਤਸਰ ਪੁੱਜੇ ਕਾਮਰੇਡ ਧਾਲੀਵਾਲ ਦਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵਿਸ਼ੇਸ਼ ਸਨਮਾਨ ਕੀਤਾ।





