ਲੋਕਲ ਬਾਡੀਜ਼ ਚੋਣਾਂ ‘ਚ ‘ਆਪ’ ਨੂੰ ਵੱਡੀ ਸਫਲਤਾ

0
7

ਚੰਡੀਗੜ੍ਹ (ਗੁਰਜੀਤ ਬਿੱਲਾ,
ਸੁਰਜੀਤ ਸੁਮਨ, ਕ੍ਰਿਸ਼ਨ ਗਰਗ)
ਪੰਜਾਬ ‘ਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੇ ਨਿਕਲੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਤਕੜਾ ਪ੍ਰਦਰਸ਼ਨ ਕੀਤਾ ਹੈ। ਮੋਗਾ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 30 ਵਿੱਚ ਆਪ ਉਮੀਦਵਾਰ ਜੇਤੂ ਰਹੇ ਹਨ। ਕਾਂਗਰਸ ਦੇ ਹਿੱਸੇ 7, ਅਕਾਲੀ ਦਲ ਤੇ ਭਾਜਪਾ ਦੇ 3-3 ਅਤੇ ਆਜ਼ਾਦ ਉਮੀਦਵਾਰਾਂ ਦੇ ਹਿੱਸੇ 7 ਵਾਰਡ ਆਏ ਹਨ। ਬਰਨਾਲਾ ਨਗਰ ਨਿਗਮ ਦੀ ਪਹਿਲੀ ਚੋਣ ਵਿੱਚ ਆਪ ਨੇ ਦੋ-ਤਿਹਾਈ ਬਹੁਮਤ ਨਾਲ ਇਤਿਹਾਸਕ ਜਿੱਤ ਦਰਜ ਕੀਤੀ ਹੈ। ‘ਆਪ’ ਨੇ ਕੁੱਲ 50 ਵਾਰਡਾਂ ਵਿੱਚੋਂ 36 ਵਾਰਡ ਜਿੱਤ ਲਏ। ਭਾਜਪਾ 7 ਸੀਟਾਂ ਜਿੱਤ ਕੇ ਦੂਜੇ ਨੰਬਰ ‘ਤੇ ਰਹੀ ਹੈ। ਕਾਂਗਰਸ 2 ਸੀਟਾਂ ‘ਤੇ ਸਿਮਟ ਕੇ ਰਹਿ ਗਈ, ਜਦੋਂ ਕਿ ਅਕਾਲੀ ਦਲ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਿਹਾ। ਪੰਜ ਆਜ਼ਾਦ ਜੇਤੂ ਰਹੇ। ਨਗਰ ਨਿਗਮ ਕਪੂਰਥਲਾ ‘ਚ ਹੁਣ ਕਾਂਗਰਸ ਪਾਰਟੀ ਦਾ ਮੇਅਰ ਬਣਨਾ ਤੈਅ ਹੈ, ਕਿਉਂਕਿ ਕਾਂਗਰਸ ਨੇ 50 ‘ਚੋਂ 31 ਵਾਰਡ ਜਿੱਤ ਕੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦਬਦਬਾ ਕਾਇਮ ਰੱਖ ਕੇ ਆਪਣਾ ਸਿਆਸੀ ਜਲਵਾ ਦਿਖਾ ਦਿੱਤਾ ਹੈ। ਆਪ ਨੇ 11 ਵਾਰਡ ਜਿੱਤੇ ਹਨ ਜਦਕਿ ਭਾਜਪਾ ਤੇ ਅਕਾਲੀ ਦਲ ਨੇ 3-3 ਅਤੇ ਆਜ਼ਾਦਾਂ ਨੇ ਦੋ ਵਾਰਡ ਜਿੱਤੇ ਹਨ।
ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿੱਚੋਂ 7 ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਕੇ ਬਹੁਮਤ ਬਣਾ ਲਿਆ। ਇੱਕ ਹੋਰ ਆਜ਼ਾਦ ਵੀ ਜਿੱਤਿਆ ਜਦਕਿ ਆਪ ਦੇ 5 ਉਮੀਦਵਾਰ ਸਫਲ ਰਹੇ।
ਫਿਲੌਰ ਨਗਰ ਕੌਂਸਲ ਦੇ 15 ‘ਚੋਂ 8 ਵਾਰਡ ਆਪ ਨੇ ਜਿੱਤ ਲਏ।
ਕਾਂਗਰਸ ਪਾਰਟੀ ਨੂੰ ਸਿਰਫ ਤਿੰਨ ਵਾਰਡਾਂ ‘ਚ ਹੀ ਜਿੱਤ ਨਸੀਬ ਹੋ ਸਕੀ। ਬਸਪਾ ਨੇ 2 ਅਤੇ ਅਜ਼ਾਦਾਂ ਨੇ 2 ਵਾਰਡ ਜਿੱਤੇ।
ਆਪ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਹਲਕੇ ਦੀ ਰਮਦਾਸ ਨਗਰ ਕੌਂਸਲ ਦੀਆਂ 11 ਵਿੱਚੋਂ 10 ਸੀਟਾਂ ਆਪ ਨੇ ਜਿੱਤ ਲਈਆਂ ਹਨ। ਕਾਂਗਰਸ ਤੇ ਭਾਜਪਾ ਖਾਤਾ ਨਹੀਂ ਖੋਲ ਸਕੀਆਂ ਜਦਕਿ ਅਕਾਲੀ ਦਲ ਨੇ ਇੱਕ ਸੀਟ ਜਿੱਤੀ। ਧਾਰੀਵਾਲ ਨਗਰ ਕੌਂਸਲ ਦੇ 13 ਵਾਰਡਾਂ ਵਿੱਚੋਂ 7 ਆਪ ਨੇ ਜਿੱਤ ਲਏ। ਕਾਂਗਰਸ ਦੇ 2, ਅਕਾਲੀ ਦਲ ਬਾਦਲ ਦੇ 2 ਉਮੀਦਵਾਰ ਜਿੱਤੇ ਜਦਕਿ ਇਕ ਵਾਰਡ ਵਿੱਚ ਭਾਜਪਾ ਤੇ ਇੱਕ ਵਿੱਚ ਆਜ਼ਾਦ ਉਮੀਦਵਾਰ ਜਿੱਤੇ।
ਨਗਰ ਕੌਂਸਲ ਪੱਟੀ ਦੇ 19 ਵਾਰਡਾਂ ਵਿੱਚੋਂ 9 ਕਾਂਗਰਸ ਨੇ ਜਿੱਤ ਲਏ। ਆਪ ਨੇ 6 ਵਾਰਡ ਜਿੱਤੇ ਜਦਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋਂ ਅਜ਼ਾਦ ਉਤਾਰੇ ਗਏ ਉਮੀਦਵਾਰਾਂ ਵਿੱਚੋਂ ਚਾਰ ਜਿੱਤੇ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਗਰ ਕੌਂਸਲ ਚਮਕੌਰ ਸਾਹਿਬ ਦੀਆਂ 13 ਵਿੱਚੋਂ 11 ਸੀਟਾਂ ਕਾਂਗਰਸ ਨੇ ਜਿੱਤ ਲਈਆਂ ਹਨ। ਦੋ ਸੀਟਾਂ ਆਪ ਨੇ ਜਿੱਤੀਆਂ। ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 13 ਵਿੱਚੋਂ 11 ਵਾਰਡ ਜਿੱਤ ਲਏ। ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਮੁਹਾਲੀ ਦੀ ਨਵਾਂ ਗਾਓਂ ਨਗਰ ਕੌਂਸਲ ਦੀਆਂ 21 ਸੀਟਾਂ ਵਿੱਚੋਂ 16 ਸੀਟਾਂ ਭਾਜਪਾ ਨੇ ਜਿੱਤ ਲਈਆਂ। ਆਪ ਅਤੇ ਕਾਂਗਰਸ ਨੂੰ ਇੱਕ -ਇੱਕ ਸੀਟ ਮਿਲੀ ਅਤੇ ਤਿੰਨ ਸੀਟਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ।
ਬਰੇਟਾ ਨਗਰ ਕੌਂਸਲ ਵਿੱਚ ਕੁੱਲ 13 ਵਾਰਡਾਂ ਵਿੱਚੋਂ 11 ‘ਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ।
ਭਦੌੜ ਨਗਰ ਕੌਂਸਲ ਦੇ 13 ਵਾਰਡਾਂ ਵਿੱਚੋਂ ਆਪ ਨੇ 8 ਜਿੱਤ ਲਏ। ਚਾਰ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜਿੱਤੇ ਹਨ। ਭਾਜਪਾ ਇੱਕ ਵਾਰਡ ਜਿੱਤੀ।
ਗੋਨਿਆਣਾ ਮੰਡੀ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਵੱਡਾ ਭੂਚਾਲ ਲਿਆਂਦਾ ਹੈ। ਕੁੱਲ 13 ਵਾਰਡਾਂ ਵਾਲੀ ਕੌਂਸਲ ਵਿੱਚ ਪਾਰਟੀ ਚੋਣ ਨਿਸ਼ਾਨਾਂ ਨੂੰ ਨਕਾਰਦਿਆਂ ਵੋਟਰਾਂ ਨੇ 8 ਆਜ਼ਾਦ ਉਮੀਦਵਾਰ ਜਿਤਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਆਪ ਦੇ 5 ਉਮੀਦਵਾਰ ਜਿੱਤੇ। ਅਕਾਲੀ ਦਲ, ਕਾਂਗਰਸ ਤੇ ਭਾਜਪਾ ਖਾਤਾ ਖੋਲ੍ਹਣ ਲਈ ਤਰਸ ਗਈਆਂ।
ਜ਼ਿਲ੍ਹਾ ਬਰਨਾਲਾ ਦੇ ਅਧੀਨ ਆਉਂਦੀ 15 ਮੈਂਬਰੀ ਨਗਰ ਕੌਂਸਲ ਤਪਾ ਦੇ ਨਤੀਜਿਆਂ ਨੇ ਸਾਰੀਆਂ ਵੱਡੀਆਂ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਹੈ। ਆਜ਼ਾਦਾਂ ਨੇ 8 ਵਾਰਡਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਆਪ ਦੇ ਖਾਤੇ ਵਿੱਚ 5 ਸੀਟਾਂ ਹੀ ਆਈਆਂ ਹਨ। ਅਕਾਲੀ ਦਲ (ਬਾਦਲ) ਦੇ ਦੋ ਉਮੀਦਵਾਰ ਜਿੱਤ ਸਕੇ।
ਦੋਰਾਹਾ ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ 8 ਆਪ ਨੇ ਜਿੱਤ ਲਏ। ਕਾਂਗਰਸ 5 ਤੇ ਆਜ਼ਾਦ ਦੋ ਵਾਰਡਾਂ ਵਿੱਚ ਜੇਤੂ ਰਹੇ। ਨਾਭਾ ਨਗਰ ਕੌਂਸਲ ਦੇ 23 ਵਾਰਡਾਂ ਵਿੱਚੋਂ ਆਪ ਨੇ 11 ਜਿੱਤੇ ਹਨ। ਕਾਂਗਰਸ ਦੇ 5, ਭਾਜਪਾ ਦੇ 3, ਅਕਾਲੀ ਦਲ ਦੇ 2 ਉਮੀਦਵਾਰ ਜਿੱਤੇ ਹਨ, ਜਦਕਿ 2 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ।
ਡੇਰਾ ਬੱਸੀ ਦੇ ਕੁੱਲ 19 ਵਾਰਡਾਂ ਵਿੱਚੋਂ 12 ਵਾਰਡਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਈ ਹੈ, ਜਦਕਿ ਤਿੰਨ ਵਾਰਡਾਂ ‘ਤੇ ਅਕਾਲੀ ਦਲ, ਦੋ ‘ਤੇ ਕਾਂਗਰਸ ਅਤੇ ਦੋ ‘ਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ। ਧੂਰੀ ਨਗਰ ਕੌਂਸਲ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਵਿੱਚ ਪੈਂਦੀ ਹੈ। ਆਮ ਆਦਮੀ ਪਾਰਟੀ ਨੇ 21 ਵਿੱਚੋਂ 19 ਸੀਟਾਂ ਜਿੱਤੀਆਂ। ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ। ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਸਫਾਇਆ ਹੋ ਗਿਆ। ਸੁਨਾਮ ਨਗਰ ਕੌਂਸਲ ਦੇ 23 ਵਾਰਡਾਂ ਵਿੱਚੋਂ 19 ਆਪ ਨੇ ਜਿੱਤ ਲਏ ਹਨ। ਸੀਟਾਂ ਜਿੱਤੀਆਂ। ਭਾਜਪਾ ਨੂੰ 1 ਸੀਟ ਮਿਲੀ, ਜਦੋਂ ਕਿ 3 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜਿੱਤੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਇਹ ਚੋਣ ਕਾਫੀ ਨਿਰਾਸ਼ਾਜਨਕ ਰਹੀ ਹੈ। ਉਨ੍ਹਾ ਦੇ ਕਸਬੇ ਗਿੱਦੜਬਾਹਾ ਦੀ ਨਗਰ ਕੌਂਸਲ ਦੀਆਂ 19 ਵਿੱਚੋਂ 17 ਆਮ ਆਦਮੀ ਪਾਰਟੀ ਨੇ ਜਿੱਤ ਲਈਆਂ।
ਨਗਰ ਕੌਂਸਲ ਫਰੀਦਕੋਟ ਦੇ 25 ਵਾਰਡਾਂ ‘ਚੋਂ ਕਾਂਗਰਸ ਦੇ 8, ਆਪ ਦੇ 10 ਤੇ ਅਕਾਲੀ ਦਲ ਦੇ 7 ਉਮੀਦਵਾਰ ਜਿੱਤੇਸ਼
ਆਪ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਵਿੱਚੋਂ 5 ਨਗਰ ਕੌਂਸਲਾਂ (ਦਸੂਹਾ, ਗੜ੍ਹਸ਼ੰਕਰ, ਗੜ੍ਹਦੀਵਾਲਾ, ਟਾਂਡਾ ਅਤੇ ਹਰਿਆਣਾ) ਵਿੱਚ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਟਾਂਡਾ ਨਗਰ ਕੌਂਸਲ ‘ਤੇ ਕਰੀਬ 20 ਸਾਲਾਂ ਤੋਂ ਕਾਂਗਰਸ ਕਾਬਜ਼ ਸੀ ਪਰ ਇਸ ਵਾਰ ‘ਆਪ’ ਨੇ 15 ਵਿੱਚੋਂ 10 ਵਾਰਡ ਜਿੱਤ ਕੇ ਉਸਦਾ ਕਿਲਾ ਢਾਹ ਦਿੱਤਾ ਅਤੇ ਕਾਂਗਰਸ ਨੂੰ ਮਹਿਜ਼ 5 ਵਾਰਡਾਂ ‘ਤੇ ਸਮੇਟ ਦਿੱਤਾ। ਦਸੂਹਾ ਨਗਰ ਕੌਂਸਲ ‘ਤੇ ਕਾਂਗਰਸ ਤੇ ਭਾਜਪਾ ਕਾਬਜ਼ ਹੁੰਦੀਆਂ ਰਹੀਆਂ ਹਨ ਪਰ ਇਸ ਵਾਰ ਆਪ ਨੇ 15 ਵਿੱਚੋਂ ਰਿਕਾਰਡ 13 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਪਾਰਟੀ 2 ਵਾਰਡਾਂ ‘ਚ ਹੀ ਸਿਮਟ ਕੇ ਰਹਿ ਗਈ ਹੈ। ਗੜ੍ਹਸ਼ੰਕਰ ‘ਚ ‘ਆਪ’ ਨੇ 13 ਵਿੱਚੋਂ 8 ਵਾਰਡ ਜਿੱਤੇ, ਜਦਕਿ 4 ਆਜ਼ਾਦ ਜੇਤੂ ਰਹੇ। ਕਾਂਗਰਸ ਸਿਰਫ 1 ਵਾਰਡ ਜਿੱਤ ਸਕੀ। ਗੜ੍ਹਦੀਵਾਲਾ ਕੌਂਸਲ ਵਿੱਚ ‘ਆਪ’ ਨੇ 11 ਵਿੱਚੋਂ 7 ਵਾਰਡਾਂ ‘ਚ ਜਿੱਤ ਦਰਜ ਕਰਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ, ਜਦਕਿ ਕਾਂਗਰਸ 3 ਅਤੇ ਆਜ਼ਾਦ 1 ਵਾਰਡ ‘ਚ ਸਿਮਟ ਗਏ। ਹਰਿਆਣਾ ‘ਚ ‘ਆਪ’ ਨੇ 11 ਵਿੱਚੋਂ 7 ਵਾਰਡ ਜਿੱਤ ਲਏ। ਕਾਂਗਰਸ ਨੂੰ 3 ਅਤੇ ਭਾਜਪਾ ਨੂੰ 1 ਸੀਟ ਮਿਲੀ।
ਜਿੱਥੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ‘ਆਪ’ ਦੀ ਹਨ੍ਹੇਰੀ ਚੱਲੀ, ਉੱਥੇ ਮੁਕੇਰੀਆਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੋਂ ਦੇ 15 ਵਾਰਡਾਂ ਵਿੱਚੋਂ ਭਾਜਪਾ 7 ਵਾਰਡ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ, ਜਦਕਿ ਕਾਂਗਰਸ ਨੂੰ 6 ਸੀਟਾਂ ਮਿਲੀਆਂ। ਪਰ ‘ਆਪ’ ਇੱਥੇ ਮਹਿਜ਼ 1 ਸੀਟ ‘ਤੇ ਹੀ ਸਿਮਟ ਗਈ ਅਤੇ 1 ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ। ਇੱਥੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ।
13 ਸੀਟਾਂ ਵਾਲੀ ਆਦਮਪੁਰ ਨਗਰ ਕੌਂਸਲ ਵਿੱਚ ‘ਆਪ’ ਨੇ 10 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ, ਜਦੋਂਕਿ ਕਾਂਗਰਸ ਦੇ ਸਮਰਥਨ ਵਾਲੇ 3 ਆਜ਼ਾਦ ਉਮੀਦਵਾਰ ਹੀ ਜਿੱਤੇ। ਨਗਰ ਕੌਂਸਲ ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਦਰਸ਼ਨ ਸਿੰਘ ਕਰਵਲ ਦੇ ਪਰਵਾਰ ਦੇ 5 ਮੈਂਬਰਾਂ ਨੇ ਕਿਸਮਤ ਅਜ਼ਮਾਈ, ਪਰ ਵੋਟਰਾਂ ਨੇ ਪੰਜਾਂ ਨੂੰ ਹੀ ਹਰਾ ਦਿੱਤਾ।
ਮਜੀਠਾ ਨਗਰ ਕੌਂਸਲ ਦੀਆਂ 13 ਵਿੱਚੋਂ 7 ਸੀਟਾਂ ਆਪ ਤੇ 6 ਅਕਾਲੀ ਦਲ ਨੇ ਜਿੱਤੀਆਂ। ਭਾਜਪਾ 25 ਮੈਂਬਰੀ ਫਾਜ਼ਿਲਕਾ ਨਗਰ ਕੌਂਸਲ ਦੀਆਂ 11 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਜਦਕਿ ਕਾਂਗਰਸ ਨੇ 9 ਤੇ ਆਪ ਨੇ 5 ਸੀਟਾਂ ਜਿੱਤੀਆਂ। ਮਲੋਟ ਨਗਰ ਕੌਂਸਲ ‘ਚ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। 27 ਵਿੱਚੋਂ 11 ਸੀਟਾਂ ਆਪ ਨੇ ਜਿੱਤੀਆਂ ਜਦਕਿ ਅਕਾਲੀ ਦਲ ਤੇ ਕਾਂਗਰਸ ਨੂੰ 8-8 ਸੀਟਾਂ ਮਿਲੀਆਂ।