ਅੰਗੋਲ (ਗਿਆਨ ਸੈਦਪੁਰੀ)
ਮੌਜੂਦਾ ਸਿਆਸੀ ਅਤੇ ਆਰਥਿਕ ਪ੍ਰਸਥਿਤੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਡੂੰਘੇ ਸੰਕਟ ਵਿੱਚ ਹਨ। ਨਵੀਆਂ ਉਦਾਰਵਾਦੀ ਨੀਤੀਆਂ ਤਹਿਤ ਮਜ਼ਦੂਰਾਂ ਅਤੇ ਕਿਸਾਨਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਦੱਖਣਪੰਥੀ ਸ਼ਕਤੀਆਂ ਵੱਲੋਂ ਸਮਾਜ ‘ਚ ਵੰਡੀਆਂ ਪਾ ਕੇ ਲੋਕਾਂ ਦਾ ਧਿਆਨ ਜ਼ਿੰਦਗੀ ਨਾਲ ਜੁੜੇ ਅਸਲੀ ਮੁੱਦਿਆਂ ਤੋਂ ਪਾਸੇ ਹਟਾ ਕੇ ਉਲਝਾਇਆ ਜਾ ਰਿਹਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਯੂਨੀਅਨ ਦੀ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੂੰਜੀਵਾਦੀ ਸੰਕਟ ਦਾ ਖੇਤ ਮਜ਼ਦੂਰਾਂ, ਕਿਸਾਨਾਂ, ਪੇਂਡੂ ਗਰੀਬਾਂ, ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ ਅਤੇ ਬੇਰੁਜ਼ਗਾਰ ਜਵਾਨੀ ‘ਤੇ ਭਾਰੀ ਬੋਝ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਚੱਲ ਰਹੀ ਕੇਂਦਰੀ ਹਕੂਮਤ ਇਸ ਤਰ੍ਹਾਂ ਕੰਮ ਕਰਦੀ ਹੈ, ਜਿਵੇਂ ਉਹ ਕਾਰਪੋਰੇਟਾਂ ਦੀ ਬਾਂਦੀ ਹੋਵੇ। ਸਾਮਰਾਜਵਾਦੀਆਂ ਵੱਲੋਂ ਪੂਰੀ ਦੁਨੀਆ ਵਿੱਚ ਜੰਗਾਂ-ਯੁੱਧਾਂ ਰਾਹੀਂ ਅਸਥਿਰਤਾ ਪੈਦਾ ਕੀਤੀ ਜਾ ਰਹੀ ਹੈ।ਸਮਾਜਵਾਦੀ ਅਤੇ ਅਗਾਂਹਵਧੂ ਮੁਲਕਾਂ ਨੂੰ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਹ ਸਾਮਰਾਜਵਾਦੀਆਂ ਦੀ ਈਨ ਮੰਨਣ ਨੂੰ ਤਿਆਰ ਨਹੀਂ।ਅਮਰੀਕਾ ਵੱਲੋਂ ਸਮਾਜਵਾਦੀ ਦੇਸ਼ ਕਿਊਬਾ ਉੱਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਕਾਰਨ ਲਗਾਤਾਰ ਦਹਾਕਿਆਂ ਤੋਂ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਭਾਰਤ ਨੂੰ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਮਰੇਡ ਗੋਰੀਆ ਨੇ ਮਹਿੰਗਾਈ, ਸਿੱਖਿਆ ਖੇਤਰ ਦੀ ਅੱਧੋਗਤੀ, ਪੇਂਡੂ ਆਰਥਿਕਤਾ ਤੋਂ ਇਲਾਵਾ ਮਨਰੇਗਾ ਨੂੰ ਖਤਮ ਕਰਨ ਦੀ ਸਰਕਾਰ ਦੀ ਖੋਟੀ ਨੀਤ ਦਾ ਵਿਸਥਾਰ ਨਾਲ ਵਰਣਨ ਕੀਤਾ। ਕਾਮਰੇਡ ਗੋਰੀਆ ਨੇ ਕਿਹਾ ਕਿ ਅਜਿਹੀਆਂ ਪ੍ਰਸਥਿਤੀਆਂ ਵਿੱਚ ਮਜ਼ਦੂਰਾਂ, ਕਿਸਾਨਾਂ, ਖੇਤੀ ਕਾਮਿਆਂ, ਨੌਜਵਾਨਾਂ, ਔਰਤਾਂ ਅਤੇ ਸਾਰੀਆਂ ਜਮਹੂਰੀ ਤਾਕਤਾਂ ਦੇ ਸਾਂਝੇ ਸੰਘਰਸ਼ ਦੀ ਲੋੜ ਹੈ। ਸਿਰਫ ਸਮਾਜਵਾਦ ਹੀ ਮਜ਼ਦੂਰਾਂ, ਕਿਸਾਨਾਂ ਤੇ ਖੇਤੀ ਕਾਮਿਆਂ ਤੇ ਹਾਸ਼ੀਆਗਤ ਲੋਕਾਂ ਨੂੰ ਬਚਾ ਸਕਦਾ ਹੈ। ਕਾਮਰੇਡ ਗੋਰੀਆ ਨੇ ਵੱਖ-ਵੱਖ ਸੂਬਿਆਂ ਅੰਦਰ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਪਿਛਲੀ ਕਾਰਗੁਜ਼ਾਰੀ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ। ਯੂਨੀਅਨ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਦੱਸਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੇ ਸੂਬੇ ਪਿੰਡ ਪੱਧਰ ‘ਤੇ ਆਪਣੀਆਂ ਇਕਾਈਆਂ ਨੂੰ ਮਜ਼ਬੂਤ ਕਰਨ।ਇਸ ਤੋਂ ਇਲਾਵਾ ਕਾਮਰੇਡ ਦਰਿਆਓ ਸਿੰਘ ਕਸ਼ਯਪ ਨੇ ਇੱਕ ਸ਼ੋਕ ਮਤਾ ਪੇਸ਼ ਕੀਤਾ।ਪਿਛਲੇ ਸਮੇਂ ਵਿਛੋੜਾ ਦੇ ਗਈਆਂ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਕਾਮਰੇਡ ਆਰ ਲੱਲਾ ਕਾਨੂੰ (ਤਾਮਿਲਨਾਡੂ), ਪ੍ਰੋਫੈਸਰ ਗਾਰਗੀ, ਗਾਇਕਾ ਆਸ਼ਾ ਭੋਸਲੇ, ਕਾਮਰੇਡ ਰੂੜਾ ਰਾਮ ਪਰਜੀਆਂ ਕਲਾਂ, ਪ੍ਰੇਮ ਸਿੰਘ ਬੁੱਢਾ ਖੇੜਾ ਅਤੇ ਗਟਰ ਸਾਫ ਕਰਦਿਆਂ ਮੌਤ ਦੇ ਮੂੰਹ ਜਾ ਪਏ ਮਜ਼ਦੂਰਾਂ ਆਦਿ ਨੂੰ ਪੇਸ਼ ਕੀਤੇ ਗਏ ਮਤੇ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਸਕੱਤਰ ਕਾਮਰੇਡ ਐਨੀ ਰਾਜਾ ਵੱਲੋਂ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਦੀ ਪ੍ਰਵਾਨਗੀ ਦੇਣ ਉਪਰੰਤ ਕਾਮਰੇਡ ਗੋਰੀਆ ਨੇ ਰਿਪੋਰਟ ਪੇਸ਼ ਕੀਤੀ। ਰਿਪੋਰਟ ‘ਤੇ ਬਹਿਸ ਹੋਣ ਉਪਰੰਤ ਕਾਮਰੇਡ ਐਨੀ ਰਾਜਾ ਸੰਬੋਧਨ ਕਰਨਗੇ।


