ਆਮ ਲੋਕਾਂ ਨੂੰ ਲੁੱਟ ਕੇ ਕਾਰਪੋਰੇਟਾਂ ਦੇ ਘਰ ਭਰ ਰਹੀ ਮੋਦੀ ਸਰਕਾਰ : ਬਰਾੜ, ਨਰਿੰਦਰ ਸੋਹਲ

0
3

ਘੱਟੋ-ਘੱਟ ਉਜਰਤ 35 ਹਜ਼ਾਰ ਰੁਪਏ ਦਿੱਤੀ ਜਾਵੇ : ਮਾੜੀਮੇਘਾ
ਝਬਾਲ (ਹਰਜਿੰਦਰ ਸਿੰਘ ਸੋਨੀ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਤਰਨ ਤਾਰਨ ਵੱਲੋਂ ਸ਼ੁੱਕਰਵਾਰ ਰਾਮਗੜ੍ਹੀਆ ਬੁੰਗਾ ਵਿਖੇ ਜ਼ਿਲ੍ਹਾ ਕਨਵੈਨਸ਼ਨ ਗੁਰਦਿਆਲ ਸਿੰਘ ਖਡੂਰ ਸਾਹਿਬ, ਕਿਰਨਜੀਤ ਕੌਰ ਤੇ ਬਲਕਾਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬਜ਼ਾਰ ਵਿੱਚ ਰੋਸ ਮਾਰਚ ਕੱਢਿਆ ਗਿਆ।ਇਸ ਪ੍ਰੋਗਰਾਮ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਤੇ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਤੇ ਨਰਿੰਦਰ ਸੋਹਲ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਸੋਹਲ ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਡੀਜ਼ਲ ਤੇ ਪੈਟਰੋਲ ਗੈਸ ਦੀਆਂ ਕੀਮਤਾਂ ਬਹੁਤ ਵਧਾਈਆਂ ਗਈਆਂ ਹਨ, ਜਿਸ ਨਾਲ ਲੋੜੀਂਦੀਆਂ ਸਭ ਵਸਤਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਆਮ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਹੈ। ਜਿਸ ਤਰ੍ਹਾਂ ਹੁਣ ਕਾਰਪੋਰੇਟ ਘਰਾਣਿਆਂ ਦੀ ਲੁੱਟ-ਘਸੁੱਟ ਬਹੁਤ ਤੇਜ਼ ਹੋ ਗਈ ਹੈ, ਅਜਿਹੇ ਸਮੇਂ ਸਮਾਜਵਾਦੀ ਰਾਜ ਪ੍ਰਬੰਧ ਹੀ ਮਿਹਨਤਕਸ਼ ਲੋਕਾਂ ਨੂੰ ਵਧੀਆ ਜੀਵਨ ਦੇ ਸਕਦਾ ਹੈ। ਉਹਨਾਂ ਸੱਦਾ ਦਿੱਤਾ ਕਿ ਪਾਰਟੀ ਨੂੰ ਤਕੜੀ ਕਰਦਿਆਂ ਇਨਕਲਾਬੀ ਲਹਿਰ ਨੂੰ ਮਜ਼ਬੂਤ ਕੀਤਾ ਜਾਵੇ।ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ ਕੇਂਦਰ ਸਰਕਾਰ ਡਾਕਾ ਮਾਰ ਰਹੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤੀ ਗਈ। ਪੰਜਾਬੀ ਬੋਲੀ ਨਾਲ ਅਨਿਆਂ ਕੀਤਾ ਜਾ ਰਿਹਾ ਹੈ। ਇਸ ਕਰਕੇ ਲੋੜ ਹੈ ਕਿ ਪੰਜਾਬ ਦੇ ਲੋਕ ਮੋਦੀ ਸਰਕਾਰ ਵਿਰੁੱਧ ਡਟ ਕੇ ਖਲੋਣ।
ਕਾਮਰੇਡ ਨਰਿੰਦਰ ਸੋਹਲ ਨੇ ਕਿਹਾ ਕਿ ਅੱਜ ਅੱਤ ਦੀ ਮਹਿੰਗਾਈ ‘ਚ ਔਰਤਾਂ ਨੂੰ ਰਸੋਈ ਚਲਾਉਣੀ ਔਖੀ ਹੋ ਗਈ ਹੈ। ਹਰ ਔਰਤ ਨੂੰ ਰੁਜ਼ਗਾਰ ਮਿਲਣਾ ਬਹੁਤ ਜ਼ਰੂਰੀ ਹੈ ਅਤੇ ਮਿਹਨਤਾਨਾ ਵੀ ਘੱਟੋ-ਘੱਟ 35 ਹਜ਼ਾਰ ਰੁਪਏ ਮਹੀਨਾ ਜ਼ਰੂਰ ਮਿਲਣਾ ਚਾਹੀਦਾ ਹੈ। ਸਾਡੇ ਸਮਾਜ ਦਾ ਅਸਲੀ ਧੁਰਾ ਔਰਤ ਹੀ ਹੈ। ਕਮਿਊਨਿਸਟ ਪਾਰਟੀ ਦੇ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਾਮਰੇਡ ਰਾਜਿੰਦਰ ਪਾਲ ਕੌਰ ਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਅੱਜ ਸਰਕਾਰਾਂ ਸਿਆਸੀ ਪਾਰਟੀਆਂ ਨਹੀਂ ਸਗੋਂ ਕਾਰਪੋਰੇਟ ਘਰਾਣੇ ਚਲਾ ਰਹੇ ਹਨ। ਜਿਸ ਨਾਲ ਪਾੜੋ ਤੇ ਰਾਜ ਕਰੋ ਦੀ ਨੀਤੀ ਹੋਰ ਤੇਜ਼ ਹੋ ਗਈ ਹੈ। ਲੋਕਾਂ ਨੂੰ ਧਰਮ ਤੇ ਜਾਤੀਆਂ ਦੇ ਨਾਂਅ ‘ਤੇ ਲੜਾਇਆ ਜਾ ਰਿਹਾ ਹੈ। ਇਸ ਪ੍ਰਬੰਧ ਵਿੱਚ ਆਮ ਮਿਹਨਤਕਸ਼ ਜਨਤਾ ਦਾ ਲਹੂ ਨਿਚੋੜਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੀ ਗਰੰਟੀ ਹੋਵੇ ਅਤੇ ਘੱਟੋ-ਘੱਟ ਉਜਰਤ 35 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇ। ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਬਲਕਾਰ ਸਿੰਘ ਵਲਟੋਹਾ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਮਤਾ ਪਾਸ ਕਰਵਾਇਆ ਕਿ ਪੰਜਾਬ ਸਰਕਾਰ ਸ਼ੇਰੋਂ ਖੰਡ ਮਿੱਲ ਵੇਚਣ ਦੀ ਬਜਾਏ ਮੁੜ ਚਾਲੂ ਕਰੇ ਤਾਂ ਜੋ ਇਸ ਜ਼ਿਲ੍ਹੇ ਦੇ ਕਿਸਾਨਾਂ-ਮਜ਼ਦੂਰਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਅਤੇ ਖੇਤੀ ਦੀ ਵੰਨ-ਸੁਵੰਨਤਾ ਨੂੰ ਬੜ੍ਹਾਵਾ ਮਿਲ ਸਕੇ। ਕਨਵੈਨਸ਼ਨ ਵਿੱਚ ਆਏ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਅੱਜ ਲੋੜ ਹੈ ਕਿ ਮੁੜ ਲੋਕ ਸੰਘਰਸ਼ਾਂ ਦਾ ਪਿੜ ਮੱਲੀਏ। ਸੀ ਪੀ ਆਈ (ਐੱਮ) ਦੇ ਕਾਮਰੇਡ ਹੀਰਾ ਸਿੰਘ ਨੇ ਵੀ ਭਰਾਤਰੀ ਸੰਦੇਸ਼ ਦਿੱਤਾ।ਹੋਰਨਾਂ ਤੋਂ ਇਲਾਵਾ ਸਾਰੇ ਬਲਾਕ ਸਕੱਤਰਾਂ ਕਾਮਰੇਡ ਬਲਵਿੰਦਰ ਸਿੰਘ ਦਦੇਹਰ, ਬਲਜੀਤ ਸਿੰਘ ਫਤਿਆਬਾਦ, ਮਨਜੀਤ ਸਿੰਘ ਢੰਡ, ਚਰਨ ਸਿੰਘ, ਕਾਰਜ ਸਿੰਘ ਕੈਰੋਂ ਦੇ ਇਲਾਵਾ ਇਸਤਰੀ ਸਭਾ ਦੀ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਤਾਰਾ ਸਿੰਘ ਖਹਿਰਾ, ਜਸਬੀਰ ਸਿੰਘ ਜਿਉਣੇਕੇ, ਟਹਿਲ ਸਿੰਘ ਲੱਧੂ, ਸੀਮਾ ਸੋਹਲ, ਲਵਪ੍ਰੀਤ ਮਾੜੀਮੇਘਾ, ਬਲਵਿੰਦਰ ਸਿੰਘ ਮੂਸੇ, ਮੋਤਾ ਸਿੰਘ ਸੋਹਲ, ਰਛਪਾਲ ਸਿੰਘ ਬਾਠ, ਵਿਸ਼ਾਲ ਵਲਟੋਹਾ, ਹਰਬਿੰਦਰ ਸਿੰਘ ਕਸੇਲ ਨੇ ਵੀ ਆਪਣੇ ਵਿਚਾਰ ਰੱਖੇ।