ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਮੋਦੀ ਸਰਕਾਰ ਵੱਲੋਂ ਈ ਡੀ, ਸੀ ਬੀ ਆਈ, ਹੋਰ ਜਾਂਚ ਏਜੰਸੀਆਂ ਅਤੇ ਭਾਰਤੀ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ ਜਿਸ ਤਰ੍ਹਾਂ ਦੇਸ਼ ਦੇ ਸੰਵਿਧਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਤਾਨਾਸ਼ਾਹੀ ਰਾਜ ਸਥਾਪਤ ਕੀਤਾ ਜਾ ਰਿਹਾ ਹੈ, ਉਹ ਸਾਰੇ ਦੇਸ਼ ਵਾਸੀਆਂ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਐਤਵਾਰ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਭਵਨ ਵਿਖੇ ਪਾਰਟੀ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ।
ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਸੈਕਟਰ ਦੇ ਦਬਾਅ ਹੇਠ ਆਪਣੇ 12 ਸਾਲਾਂ ਦੇ ਰਾਜ ਦੌਰਾਨ ਬੇਰੁਜ਼ਗਾਰੀ ਅਤੇ ਮਹਿੰਗਾਈ ਵਿੱਚ ਰਿਕਾਰਡ ਤੋੜ ਵਾਧਾ ਕੀਤਾ ਹੈ। ਇਸ ਕਾਰਨ ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਲਈ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾ ਦੋਸ਼ ਲਾਇਆ ਕਿ ਲੋਕਾਂ ਦੀ ਵਧ ਰਹੀ ਬੇਚੈਨੀ ਤੋਂ ਧਿਆਨ ਭਟਕਾਉਣ ਲਈ ਦੇਸ਼ ਵਿੱਚ ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਹੈ, ਜਿਸ ਦੀ ਮਿਸਾਲ ਭਾਜਪਾ ਸ਼ਾਸਿਤ ਰਾਜਾਂ ਵਿੱਚ ਬਕਰੀਦ ਮੌਕੇ ਮੁਸਲਿਮ ਭਾਈਚਾਰੇ ‘ਤੇ ਲਾਈਆਂ ਪਾਬੰਦੀਆਂ ਤੋਂ ਮਿਲਦੀ ਹੈ। ਉਨ੍ਹਾ ਕਿਹਾ ਕਿ ਕੇਂਦਰ ਵੱਲੋਂ ਦੇਸ਼ ਦੇ ਸੰਘੀ (ਫੈਡਰਲ) ਢਾਂਚੇ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪੰਜਾਬ ਦੇ ਬੁਨਿਆਦੀ ਮਸਲੇ-ਜਿਵੇਂ ਪਾਣੀਆਂ ਦੀ ਰਾਖੀ, ਦੂਜੇ ਰਾਜਾਂ ਨੂੰ ਦਿੱਤੇ ਜਾ ਰਹੇ ਪਾਣੀ ਦੀ ਕੀਮਤ ਵਸੂਲਣਾ, ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਸੌਂਪਣਾ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਖ਼ਤਮ ਕੀਤਾ ਹਿੱਸਾ ਬਹਾਲ ਕਰਨਾ-ਮੋਦੀ ਸਰਕਾਰ ਤੁਰੰਤ ਹੱਲ ਕਰੇ।ਜ਼ਿਲ੍ਹਾ ਕਾਰਜਕਾਰੀ ਸਕੱਤਰ ਪ੍ਰੇਮ ਚਾਵਲਾ ਨੇ ਕਿਹਾ ਕਿ ਦੇਸ਼ ਦੇ ਕਿਰਤੀ ਵਰਗ ਵੱਲੋਂ ਲੰਮੇ ਸੰਘਰਸ਼ਾਂ ਰਾਹੀਂ ਹਾਸਲ ਕੀਤੀਆਂ ਪ੍ਰਾਪਤੀਆਂ ਨੂੰ ਕਾਰਪੋਰੇਟਾਂ ਦੇ ਇਸ਼ਾਰੇ ‘ਤੇ ਖ਼ਤਮ ਕੀਤਾ ਜਾ ਰਿਹਾ ਹੈ।ਕਨਵੈਨਸ਼ਨ ਵਿੱਚ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਧਾ ਕੇ 30,000 ਰੁਪਏ ਮਹੀਨਾ ਕਰੇ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਂਦਰੀ ਪੈਟਰਨ ‘ਤੇ 60 ਫੀਸਦੀ ਮਹਿੰਗਾਈ ਭੱਤਾ ਦਿੱਤਾ ਜਾਵੇ ਅਤੇ ਅਦਾਲਤ ਨੂੰ ਗੁੰਮਰਾਹ ਕਰਨਾ ਬੰਦ ਕੀਤਾ ਜਾਵੇ। ਕੇਂਦਰ ਸਰਕਾਰ ਤੋਂ ਪੁਰਾਣੀ ਮਨਰੇਗਾ ਸਕੀਮ ਬਹਾਲ ਕਰਨ, ਮਹਿੰਗਾਈ ਨੂੰ ਨੱਥ ਪਾਉਣ ਅਤੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।ਕਨਵੈਨਸ਼ਨ ਦੌਰਾਨ ਲੰਡੇ ਪਿੰਡ ਦੇ ਮਰਹੂਮ ਕਾਮਰੇਡ ਸਮਿੱਤਰ ਸਿੰਘ ਬਰਾੜ ਦੀ ਯਾਦ ਨੂੰ ਤਾਜ਼ਾ ਕਰਦਿਆਂ ਉਨ੍ਹਾ ਦੇ ਪਰਵਾਰਕ ਮੈਂਬਰਾਂ ਪੈਨਸ਼ਨਰ ਆਗੂ ਪ੍ਰਦੀਪ ਸਿੰਘ ਬਰਾੜ ਅਤੇ ਪ੍ਰਿੰਸੀਪਲ ਗੁਰਦੀਪ ਕੌਰ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਆਗੂਆਂ ਐਲਾਨ ਕੀਤਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 7 ਜੂਨ ਨੂੰ ਪਿੰਡ ਔਲਖ ਵਿਖੇ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਅਤੇ ਉਨ੍ਹਾ ਦੇ ਛੇ ਸਾਥੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ 35ਵਾਂ ਬਰਸੀ ਸਮਾਗਮ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ।ਕਨਵੈਨਸ਼ਨ ਦੀ ਸਮਾਪਤੀ ਤੋਂ ਬਾਅਦ ਹੁਕਮਰਾਨਾਂ ਦੀਆਂ ਗਰੀਬ-ਵਿਰੋਧੀ ਨੀਤੀਆਂ ਅਤੇ ਮਹਿੰਗਾਈ ਖ਼ਿਲਾਫ਼ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਹੱਥਾਂ ਵਿੱਚ ਲਾਲ ਝੰਡੇ ਫੜੀ ਕਾਰਕੁਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਭਾਈ ਘਨਈਆ ਚੌਕ ਵਿਖੇ ਪਹੁੰਚ ਕੇ ਮਾਰਚ ਦੀ ਸਮਾਪਤੀ ਕੀਤੀ।ਕਨਵੈਨਸ਼ਨ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਨਰੇਗਾ ਯੂਨੀਅਨ ਦੇ ਵੀਰ ਸਿੰਘ ਕੰਮੇਆਣਾ, ਗੋਰਾ ਸਿੰਘ ਪਿਪਲੀ, ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ, ਕੁਲਵੰਤ ਸਿੰਘ ਚਾਨੀ, ਗੁਰਚਰਨ ਸਿੰਘ ਮਾਨ, ਆਊਟਸੋਰਸ ਮੁਲਾਜ਼ਮ ਆਗੂ ਬਲਕਾਰ ਸਿੰਘ ਸਹੋਤਾ ਅਤੇ ਨਰੇਗਾ ਆਗੂ ਲਵਪ੍ਰੀਤ ਕੌਰ ਪਿਪਲੀ ਨੇ ਵੀ ਸੰਬੋਧਨ ਕੀਤਾ।ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਜਗਤਾਰ ਸਿੰਘ ਭਾਣਾ, ਮੁਖਤਿਆਰ ਸਿੰਘ ਭਾਣਾ, ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਬੋਹੜ ਸਿੰਘ ਔਲ਼ਖ, ਰੇਸ਼ਮ ਸਿੰਘ ਜਟਾਣਾ, ਜਸਵੰਤ ਸਿੰਘ ਨਿੱਕਾ ਔਲਖ, ਸ਼ਿਵ ਕੁਮਾਰ ਸ਼ਰਮਾ, ਜਗਤਾਰ ਸਿੰਘ ਪੱਪੀ ਰਾਜੋ ਵਾਲਾ, ਹਰਵਿੰਦਰ ਸ਼ਰਮਾ, ਸੋਮ ਨਾਥ ਅਰੋੜਾ, ਨਾਹਰ ਸਿੰਘ ਗਿੱਲ, ਸੁਖਦੇਵ ਸਿੰਘ ਮੱਲ੍ਹੀ, ਸ਼ਵਿੰਦਰ ਪਾਲ ਸਿੰਘ ਸੰਧੂ, ਕਿਸਾਨ ਆਗੂ ਜਤਿੰਦਰ ਸਿੰਘ, ਮੇਜਰ ਸਿੰਘ ਜੌਹਲ, ਇਕਬਾਲ ਸਿੰਘ ਰਣ ਸਿੰਘ ਵਾਲਾ, ਅਮਰਜੀਤ ਸਿੰਘ ਕਲੇਰ, ਜਸਵਿੰਦਰ ਸਿੰਘ ਦੀਪ ਸਿੰਘ ਵਾਲਾ, ਸਤਨਾਮ ਸਿੰਘ ਸਿਰਸੜੀ ਸਮੇਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਨਰੇਗਾ ਤੇ ਖੇਤ ਮਜ਼ਦੂਰ ਹਾਜ਼ਰ ਸਨ।




