ਸਰਕਾਰ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਫੌਰੀ ਮੰੰੰਨੇ : ਬਰਾੜ, ਧਾਲੀਵਾਲ

0
5

ਜਲੰਧਰ (ਨਵਾਂ ਜ਼ਮਾਨਾ ਸਰਵਿਸ)-ਮਜ਼ਦੂਰਾਂ, ਮੁਲਾਜ਼ਮਾਂ ਤੇ ਕਿਰਤੀਆਂ ਦੀ ਸਿਰਮੌਰ ਜਥੇਬੰਦੀ ਏਟਕ ਦੇ ਪੰਜਾਬ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ‘ਤੇ ਜ਼ੋਰ ਪਾਇਆ ਹੈ ਕਿ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਫੌਰੀ ਤੌਰ ‘ਤੇ ਨਿਪਟਾਰਾ ਕੀਤਾ ਜਾਵੇ। ਮੁਲਾਜ਼ਮ ਅਣਮਿਥੇ ਸਮੇਂ ਲਈ ਹੜਤਾਲ ‘ਤੇ ਹਨ ਅਤੇ ਆਮ ਲੋਕਾਂ ਦੀ ਖੱਜਲਖੁਆਰੀ ਹੋ ਰਹੀ ਹੈ। ਮੁਲਾਜ਼ਮਾਂ ਦੀ ਮੰਗ ਹੈ ਕਿ ਠੇਕੇਦਾਰੀ ਖਤਮ ਕਰਕੇ ਉਹਨਾਂ ਨੂੰ ਰੈਗੂਲਰ ਮੁਲਾਜ਼ਮ ਬਣਾਇਆ ਜਾਵੇ। ਆਗੂਆਂ ਕਿਹਾ ਕਿ ਬੜੀ ਹੈਰਾਨੀ ਹੈ ਕਿ ਸੇਵਾ ਕੇਂਦਰ ਦੇ ਕੁਝ ਮੁਲਾਜ਼ਮਾਂ ਨੂੰ 11-11 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ। ਜਿਹੜੇ ਮੁਲਾਜ਼ਮ ਘਰ-ਘਰ ਜਾ ਕੇ ਸੇਵਾਵਾਂ ਦਿੰਦੇ ਹਨ, ਉਨ੍ਹਾਂ ਨੂੰ ਵਕਤ ਸਿਰ ਟੀ ਏ ਨਹੀਂ ਮਿਲਦਾ। ਆਮ ਹੀ ਮੁਲਾਜ਼ਮਾਂ ਨੂੰ ਪ੍ਰਾਈਵੇਟ ਕੰਪਨੀਆਂ ਸਮੇਂ ਸਿਰ ਤਨਖਾਹ ਨਹੀਂ ਦਿੰਦੀਆਂ। ਸੇਵਾ ਕੇਂਦਰਾਂ ਦੇ ਮੁਲਾਜ਼ਮ ਕੋਈ ਵੱਡੇ ਸ਼ਾਹੂਕਾਰਾਂ ਦੇ ਪੁੱਤ ਨਹੀਂ ਹਨ, ਉਹ ਗਰੀਬ ਘਰਾਂ ਦੇ ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਹਨ। ਇਨ੍ਹਾਂ ਗਰੀਬਾਂ ਦੇ ਘਰ ਲੱਕ ਤੋੜਵੀਂ ਮਹਿੰਗਾਈ ਵਿੱਚ ਕਿਸ ਤਰ੍ਹਾਂ ਚਲਦੇ ਹੋਣਗੇ।ਆਗੂਆਂ ਕਿਹਾ ਕਿ ਬਹੁਤ ਹੀ ਚਿੰਤਾ ਵਾਲਾ ਮਸਲਾ ਹੈ ਕਿ ਮਹਿੰਗਾਈ ਦੇ ਦੌਰ ਵਿੱਚ ਸੇਵਾ ਕੇਂਦਰਾਂ ਦੇ ਮੁਲਾਜ਼ਮ 10-10 ਸਾਲ ਤੋਂ ਨਿਗੂਣੀ ਜਿਹੀ ਤਨਖਾਹ ‘ਤੇ ਕੰਮ ਕਰ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਤੋਂ ਕੰਪਨੀਆਂ ਵਾਧੂ ਕੰਮ ਵੀ ਕਰਾਉਂਦੀਆਂ ਹਨ। ਕੰਪਨੀਆਂ ਹੜਤਾਲ ਤੁੜਾਉਣ ਵਾਸਤੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰ ਰਹੀਆਂ ਹਨ। ਮੁਲਾਜ਼ਮਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਸੇਵਾ ਕੇਂਦਰ ਬੰਦ ਹੋਣ ਨਾਲ ਆਮ ਕੰਮਕਾਰ ਠੱਪ ਹੋਇਆ ਪਿਆ ਹੈ। ਲੋਕ ਘਰਾਂ ਤੋਂ ਸੇਵਾ ਕੇਂਦਰਾਂ ਵਿੱਚ ਪਹੁੰਚਦੇ ਹਨ, ਪਰ ਅੱਗੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੇਵਾ ਕੇਂਦਰ ਬੰਦ ਹੁੰਦੇ ਹਨ।ਆਗੂਆਂ ਨੇ ਸੇਵਾ ਕੇਂਦਰ ਮੁਲਾਜ਼ਮਾਂ ਦੇ ਹੱਕ ਵਿੱਚ ਏਟਕ ਨਾਲ ਸੰਬੰਧਤ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਜਥੇਬੰਦੀਆਂ ਦੇ ਮੁੱਖ ਆਗੂ ਤੇ ਵਰਕਰ ਝੰਡੇ ਲੈ ਕੇ ਸੇਵਾ ਕੇਂਦਰ ਮੁਲਾਜ਼ਮਾਂ ਦੇ ਜਲਸਿਆਂ, ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ, ਤਾਂ ਕਿ ਉਨ੍ਹਾਂ ਉੱਤੇ ਹੋ ਰਹੇ ਜ਼ੁਲਮ ਤੇ ਤਸ਼ੱਦਦ ਮੌਕੇ ਉਨ੍ਹਾਂ ਦੀ ਮਦਦ ਕਰ ਸਕੀਏ।