ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ‘ਚ ਦੇਣ ਦੇ ਇਰਾਦੇ ਦੇਸ਼ ਲਈ ਘਾਤਕ

0
5

ਤ੍ਰਿਸੂਰ (ਨਵਾਂ ਜ਼ਮਾਨਾ ਸਰਵਿਸ)
ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਸੈਂਟਰਲ ਅਹੁਦੇਦਾਰਾਂ ਦੀ ਮੀਟਿੰਗ ਵਰਕਿੰਗ ਪ੍ਰਧਾਨ ਸ਼ਮੀਮਉਲਾ ਖਾਨ ਦੀ ਪ੍ਰਧਾਨਗੀ ਹੇਠ ਕੇਰਲਮ ਦੇ ਸ਼ਹਿਰ ਤ੍ਰਿਸੂਰ ‘ਚ ਏ ਐੱਨ ਰਾਜਨ ਹਾਲ ਵਿੱਚ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਬਿਜਲੀ ਫੈਡਰੇਸ਼ਨ ਨਾਲ ਸੰਬੰਧਤ ਵਿਛੋੜਾ ਦੇ ਚੁੱਕੇ ਸਾਬਕਾ ਪ੍ਰਧਾਨ ਗੁਰਨਾਮ ਸਿੰਘ ਗਿੱਲ ਅਤੇ ਹੋਰ ਆਗੂਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ । ਮੀਟਿੰਗ ਦਾ ਏਜੰਡਾ ਫੈਡਰੇਸ਼ਨ ਦੇ ਜਨਰਲ ਸਕੱਤਰ ਮੋਹਨ ਸ਼ਰਮਾ ਨੇ ਪੇਸ਼ ਕਰਦੇ ਹੋਏ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਵੱਡੇ ਪੂੰਜੀਪਤੀਆਂ ਦੇ ਹਵਾਲੇ ਕਰਨ ਦੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਇਰਾਦਿਆਂ ਨੂੰ ਦੇਸ਼ ਦੇ ਲੋਕਾਂ ਲਈ ਘਾਤਕ ਦੱਸਿਆ। ਮੋਹਨ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੇ ਟੈਕਸਾਂ ਨਾਲ ਉਸਰੇ ਬਹੁਤ ਵੱਡੇ ਅਕਾਰ ਵਾਲੇ ਪਾਵਰ ਸੈਕਟਰ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਦੀ ਲੋਕ ਵਿਰੋਧੀ ਨੀਤੀ ਤਹਿਤ ਹੀ ਪੂਰੇ ਦੇਸ਼ ਵਿੱਚ ਸਮਾਰਟ ਮੀਟਰ ਲਗਾਉਣ ਦੇ ਕੰਮ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਵੱਖ- ਵੱਖ ਸੂਬਿਆਂ ਤੋਂ ਪਹੁੰਚੇ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਸਰਿੰਦਰਪਾਲ ਲਹੌਰੀਆ (ਪੰਜਾਬ) , ਗਣਪਤੀ (ਆਂਧਰਾ ਪ੍ਰਦੇਸ਼) , ਕੇਸ਼ਵ ਵਿਆਸ, ਪਵਨ ਕੁਮਾਰ (ਰਾਜਸਥਾਨ), ਅਮਿਤਕਾਰ (ਅਸਾਮ) , ਸਤਿਆਬਾਦੀ ਬਾਗ, ਰਾਮ ਕ੍ਰਿਸ਼ਨਾ (ਓਡੀਸ਼ਾ), ਪੀ ਵੀ ਨਾਇਡੂ, ਕ੍ਰਿਸ਼ਨਾ ਬਿਉਰ, ਮੰਜੂ ਵਰਮਾ (ਮਹਾਰਾਸ਼ਟਰ), ਮਹਿੰਦਰ ਰਾਏ, ਜਵਾਹਰ ਲਾਲ (ਯੂ ਪੀ) , ਕੁਰੀਆਕੋਸ , ਕਵਿਤਾ ਰਾਜਨ, ਗੋਪਕੁਮਾਰ (ਕੇਰਲਮ), ਸਾਈਬਾਬਾ, ਵਿੰਮਉਨਾਰੀ ਵੈਨਕਟੈਂਸਵਰਲੂ (ਤੇਲੰਗਾਨਾ) ਆਦਿ ਨੇ ਬਿਜਲੀ ਕਰਮਚਾਰੀਆਂ ਦੀਆਂ ਕਠਿਨ ਕੰਮ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਪੂਰੇ ਦੇਸ਼ ਵਿੱਚ ਇਕੋ ਤਰਜ਼ ‘ਤੇ ਹਰੇਕ ਕਰਮਚਾਰੀ ਦਾ ਇਕ ਕਰੋੜ ਰੁਪਏ ਦਾ ਦੁਰਘਟਨਾ ਬੀਮਾ ਸ਼ੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ। ਮੀਟਿੰਗ ਨੇ ਮਤਾ ਪਾਸ ਕਰਕੇ ਪਾਵਰ ਸੈਕਟਰ ਵਿੱਚ ਕਰਮਚਾਰੀਆਂ ਦੀ ਲਗਾਤਾਰ ਘਟ ਰਹੀ ਗਿਣਤੀ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਦੇਸ਼ ਦੇ ਪਾਵਰ ਸੈਕਟਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰੇ ਜਾਣ ਅਤੇ ਪਾਵਰ ਸੈਕਟਰ ਵਿੱਚ ਕੰਮ ਕਰ ਰਹੇ ਸਾਰੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਜ਼ੋਰਦਾਰ ਮੰਗ ਕੀਤੀ। ਮੀਟਿੰਗ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ 29 ਕਿਰਤ ਕਾਨੂੰਨ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਵਾਲੇ ਚਾਰ ਲੇਬਰ ਕੋਡ ਲਾਗੂ ਕਰਨ ਦੀ ਵੀ ਨਿੰਦਾ ਕੀਤੀ। ਮੀਟਿੰਗ ਨੇ ਵੱਖਰੇ ਮਤੇ ਰਾਹੀਂ ਬਿਜਲੀ ਸੋਧ ਬਿੱਲ 2025 ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ. ਮੀਟਿੰਗ ਨੇ ਯੂ ਪੀ ਦੀ ਯੋਗੀ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਦਬਾਉਣ ਲਈ ਹੜਤਾਲੀ ਕਰਮਚਾਰੀਆਂ ‘ਤੇ ਕੀਤੇ ਜਾ ਰਹੇ ਜਬਰ ਨੂੰ ਬੰਦ ਕਰਨ ਦੀ ਮੰਗ ਕੀਤੀ। ਮੀਟਿੰਗ ਨੇ ਕੇਰਲਾ ਇਲੈਕਟ੍ਰੀਸਿਟੀ ਵਰਕਰ ਫੈਡਰੇਸ਼ਨ ਦੇ ਅਹੁਦੇਦਾਰਾਂ ਵੱਲੋਂ ਪ੍ਰਧਾਨ ਐੱਮ ਪੀ ਗੋਪਕੁਮਾਰ ਅਤੇ ਜਨਰਲ ਸਕੱਤਰ ਏ ਐੱਮ ਸ੍ਰੀਰਾਸ ਦੀ ਅਗਵਾਈ ਹੇਠ ਮੀਟਿੰਗ ਦੀ ਕਾਮਯਾਬੀ ਬਾਰੇ ਕੀਤੇ ਸ਼ਾਨਦਾਰ ਪ੍ਰਬੰਧਾਂ ਲਈ ਧੰਨਵਾਦ ਕੀਤਾ।