ਤਿਰੂਵਨੰਤਪੁਰਮ (ਨ ਜ਼ ਸ)-ਕੇਰਲਾ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ‘ਵੰਦੇ ਮਾਤਰਮ’ ਦੇ ਪੂਰੇ ਸੰਸਕਰਣ ਨੂੰ ਗਾਉਣ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਸ ਪ੍ਰਥਾ ਨੂੰ ਸਰੋਤਿਆਂ ਲਈ ‘ਗੈਰ-ਜ਼ਰੂਰੀ ਅਤੇ ਬੋਝਲ’ ਕਰਾਰ ਦਿੱਤਾ ਹੈ। ਉਨ੍ਹਾ ਸਰਕਾਰੀ ਸਮਾਗਮਾਂ ਦੇ ਸ਼ੁਰੂ ਅਤੇ ਅੰਤ ਵਿੱਚ ਵੰਦੇ ਮਾਤਰਮ ਦੇ ਸਾਰੇ ਪੰਜ ਅੰਤਰਿਆਂ ਨੂੰ ਗਾਉਣ ਦੀ ਲੋੜ ‘ਤੇ ਸਵਾਲ ਚੁੱਕੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਹਰ ਕੋਈ ਵੰਦੇ ਮਾਤਰਮ ਦਾ ਸਤਿਕਾਰ ਕਰਦਾ ਹੈ, ਪਰ ਹਰ ਸਮਾਗਮ ਵਿੱਚ ਇਸ ਦੇ ਪੂਰੇ ਸੰਸਕਰਣ ਨੂੰ ਲਾਜ਼ਮੀ ਬਣਾਉਣਾ ਸਹੀ ਨਹੀਂ। ਉਨ੍ਹਾ ਕਿਹਾ, ‘ਵੰਦੇ ਮਾਤਰਮ ਰਾਸ਼ਟਰੀ ਗੀਤ ਹੈ ਅਤੇ ਜਦੋਂ ਇਹ ਗਾਇਆ ਜਾਂਦਾ ਹੈ ਤਾਂ ਅਸੀਂ ਸਤਿਕਾਰ ਵਜੋਂ ਖੜ੍ਹੇ ਹੁੰਦੇ ਹਾਂ। ਪਹਿਲਾ ਅੰਤਰਾ ਜਾਂ ਪਹਿਲੇ ਦੋ ਅੰਤਰੇ, ਅਜਿਹੀ ਚੀਜ਼ ਹਨ, ਜੋ ਜ਼ਿਆਦਾਤਰ ਲੋਕਾਂ ਨੂੰ ਜ਼ੁਬਾਨੀ ਯਾਦ ਹਨ।’
ਥਰੂਰ ਨੇ ਦੱਸਿਆ ਕਿ ਰਵਾਇਤੀ ਤੌਰ ‘ਤੇ ਇਹ ਗੀਤ ਸਮਾਗਮ ਦੀ ਸ਼ੁਰੂਆਤ ਵਿੱਚ ਇੱਕ ਵਾਰ ਗਾਇਆ ਜਾਂਦਾ ਸੀ, ਜਦੋਂ ਕਿ ਰਾਸ਼ਟਰੀ ਗਾਨ (ਜਨ ਗਣ ਮਨ) ਵੱਖਰੇ ਤੌਰ ‘ਤੇ, ਅਕਸਰ ਅੰਤ ਵਿੱਚ ਵਜਾਇਆ ਜਾਂਦਾ ਸੀ, ਪਰ ਹੁਣ ਉਹ ਚਾਹੁੰਦੇ ਹਨ ਕਿ ਹਰ ਸਮਾਗਮ ਦੇ ਸ਼ੁਰੂ ਵਿੱਚ ਅਤੇ ਫਿਰ ਅੰਤ ਵਿੱਚ ਸਾਰੇ ਪੰਜ ਅੰਤਰੇ ਗਾਏ ਜਾਣ, ਜੋ ਕਿ ਇੱਕ ਗੈਰ-ਜ਼ਰੂਰੀ ਬੋਝ ਹੈ। ਉਨ੍ਹਾ ਕਿਹਾ ਕਿ ਕੇਰਲਾ ਸਰਕਾਰ ਦਾ ਮੰਨਣਾ ਹੈ ਕਿ ਪੂਰਾ ਸੰਸਕਰਣ ਗਾਉਣਾ ਵਿਕਲਪਕ ਹੈ, ਜਦੋਂ ਕਿ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਦਾ ਵਿਚਾਰ ਵੱਖਰਾ ਜਾਪਦਾ ਹੈ। ਥਰੂਰ ਨੇ ਸਪੱਸ਼ਟ ਕੀਤਾ ਕਿ ਉਨ੍ਹਾ ਨੂੰ ਰਾਸ਼ਟਰੀ ਗੀਤ ‘ਤੇ ਕੋਈ ਇਤਰਾਜ਼ ਨਹੀਂ ਅਤੇ ਉਹ ਖੁਸ਼ੀ ਨਾਲ ਇਸ ਨੂੰ ਗਾ ਸਕਦੇ ਹਨ, ਪਰ ਕੇਂਦਰ ਸਰਕਾਰ ਵੱਲੋਂ ਹਰ ਵਾਰ ਸਾਰੇ ਪੰਜੇ ਅੰਤਰੇ ਸੁਣਨ ਲਈ ਮਜਬੂਰ ਕਰਨਾ ਗੈਰ-ਜ਼ਰੂਰੀ ਹੈ। ਦੂਜੇ ਪਾਸੇ ਭਾਜਪਾ ਨੇ ਥਰੂਰ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਮਿਤ ਮਾਲਵੀਆ ਨੇ ਕਿਹਾ ਕਿ ਵੰਦੇ ਮਾਤਰਮ ਨੂੰ ਪੂਰਾ ਗਾਉਣਾ ਵਿਕਲਪਕ ਨਹੀਂ ਅਤੇ ਇਸ ਨੂੰ ਸੂਬਿਆਂ ਦੇ ਫੈਸਲੇ ‘ਤੇ ਨਹੀਂ ਛੱਡਿਆ ਜਾ ਸਕਦਾ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 6 ਫਰਵਰੀ ਨੂੰ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਤੋਂ ਬਾਅਦ ਹੁਣ ਦੇਸ਼ ਭਰ ਦੇ ਸਕੂਲਾਂ ਅਤੇ ਸਰਕਾਰੀ ਸਮਾਗਮਾਂ ਵਿੱਚ ਵੰਦੇ ਮਾਤਰਮ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

