ਪਲਾਸਟਿਕ ਦੇ ਅਣਗਿਣਤ ਉਤਪਾਦ ਇਸ ਸਮੇਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ । ਅਸੀਂ ਥੋੜ੍ਹੇ-ਬਹੁਤੇ ਸਫ਼ਰ ਦੌਰਾਨ ਵੀ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਖ਼ਰੀਦ ਕੇ ਗੱਡੀ ਵਿੱਚ ਰੱਖ ਲੈਂਦੇ ਹਾਂ ਤੇ ਪੀਂਦੇ ਰਹਿੰਦੇ ਹਾਂ। ਅਸੀਂ ਇਹ ਜਾਣਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਇਹ ਪਾਣੀ ਸਾਡੇ ਲਈ ਕਿੰਨਾ ਹਾਨੀਕਾਰਕ ਹੈ। ਪਲਾਸਟਿਕ ਦੀਆਂ ਬੋਤਲਾਂ ਵਿੱਚ ਬੰਦ ਇਹ ਪਾਣੀ ਸਾਡੀ ਸਿਹਤ ਲਈ ਹੀ ਨਹੀਂ, ਵਾਤਾਵਰਨ ਤੇ ਜੀਵ-ਜੰਤੂਆਂ ਲਈ ਵੀ ਜਾਨਲੇਵਾ ਹੁੰਦਾ ਹੈ।
ਹਾਵਰਡ ਸਕੂਲ ਆਫ਼ ਪਬਲਿਕ ਹੈਲਥ ਦੇ ਇੱਕ ਅਧਿਐਨ ਮੁਤਾਬਕ ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਪਲਾਸਟਿਕ ਦੀਆਂ ਬੋਤਲਾਂ ਵਿਚਲੇ ਪਾਣੀ ਦੀ ਵਰਤੋਂ ਕੀਤੀ, ਉਨ੍ਹਾਂ ਵਿੱਚ ਪਲਾਸਟਿਕ ਬਣਾਉਣ ਸਮੇਂ ਵਰਤੇ ਜਾਂਦੇ ਰਸਾਇਣਕ ਬਿਸਫੇਨਾਲ ਏ (ਬੀ ਪੀ ਏ) ਦੀ ਮਾਤਰਾ ਕਾਫ਼ੀ ਜ਼ਿਆਦਾ ਪਾਈ ਗਈ ਸੀ। ਪਲਾਸਟਿਕ ਬੋਤਲਾਂ ਕਾਰਬਨ, ਆਕਸੀਜਨ ਤੇ ਕਲੋਰਾਈਡ ਤੋਂ ਬਣਿਆ ਇੱਕ ਪਦਾਰਥ ਹੈ। ਪਲਾਸਟਿਕ ਦੀਆਂ ਬੋਤਲਾਂ ਬਣਾਉਣ ਲਈ ਵਰਤਿਆ ਜਾਂਦਾ ਬੀ ਪੀ ਏ ਇੱਕ ਬਹੁਤ ਹੀ ਹਾਨੀਕਾਰਕ ਰਸਾਇਣ ਹੈ। ਪਾਣੀ ਦੀਆਂ ਬੋਤਲਾਂ ਨੂੰ ਲੰਮੇ ਸਮੇਂ ਤੱਕ ਰੱਖਣ ’ਤੇ ਗਰਮ ਹੋ ਜਾਣ ਉੱਤੇ ਇਸ ਦਾ ਪੱਧਰ ਵਧ ਜਾਂਦਾ ਹੈ।
ਪਲਾਸਟਿਕ ਦੀਆਂ ਬੋਤਲਾਂ ਵਿੱਚ ਬੰਦ ਪਾਣੀ ਦੀ ਲੰਮੇ ਸਮੇਂ ਤੱਕ ਵਰਤੋਂ ਕਾਰਨ ਸਰੀਰ ਦੇ ਹਾਰਮੋਨਾਂ ਵਿੱਚ ਗੜਬੜ ਪੈਦਾ ਹੋ ਜਾਂਦੀ ਹੈ। ਇਸ ਨਾਲ ਮਰਦਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘਟ ਜਾਂਦੀ ਹੈ ਤੇ ਉਹ ਨਾਮਰਦ ਵੀ ਹੋ ਸਕਦੇ ਹਨ। ਲੜਕੀਆਂ ਵਿੱਚ ਛੋਟੀ ਉਮਰ ਵਿੱਚ ਹੀ ਜਵਾਨੀ ਦੇ ਲੱਛਣ ਪ੍ਰਗਟ ਹੋਣੇ ਸ਼ੁਰੂ ਹੋ ਸਕਦੇ ਹਨ। ਬੋਤਲ ਵਾਲਾ ਪਾਣੀ ਪੀਣ ਨਾਲ ਜਿਗਰ ਦੇ ਰੋਗ ਤੇ ਔਰਤਾਂ ਵਿੱਚ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਨਾਲ ਸ਼ੂਗਰ ਤੇ ਦਿਲ ਦੇ ਰੋਗਾਂ ਦਾ ਵੀ ਖ਼ਤਰਾ ਵਧ ਜਾਂਦਾ ਹੈ।
ਵੇਦਅਮਿ੍ਰਤ ਦੀ ਸੰਸਥਾਪਕ ਡਾ. ਵੈਸ਼ਾਲੀ ਦਾ ਕਹਿਣਾ ਹੈ ਕਿ ਜਦੋਂ ਪਲਾਸਟਿਕ ਵਾਲੀ ਪਾਣੀ ਦੀ ਬੋਤਲ ਗਰਮੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਹ ਪਾਣੀ ਵਿੱਚ ਮਾਈਕਰੋ ਪਲਾਸਟਿਕ ਛੱਡ ਦਿੰਦੀ ਹੈ, ਜੋ ਪਾਣੀ ਪੀਣ ਤੋਂ ਬਾਅਦ ਸਾਡੇ ਸਰੀਰ ਵਿੱਚ ਚਲਾ ਜਾਂਦਾ ਹੈ। ਇਸ ਸੂਖਮ ਪਲਾਸਟਿਕ ਕਾਰਨ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਔਰਤਾਂ ਬਾਂਝਪਨ ਦੀਆਂ ਸ਼ਿਕਾਰ ਹੋ ਸਕਦੀਆਂ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਹਰ ਜਾਗਰੂਕ ਵਿਅਕਤੀ ਆਪਣੇ ਸਮਾਜ ਨੂੰ ਪਲਾਸਟਿਕ ਦੀਆਂ ਬੋਤਲਾਂ ਵਿਚਲੇ ਪਾਣੀ ਦੀ ਵਰਤੋਂ ਦੇ ਹਾਨੀਕਾਰਨ ਅਸਰਾਂ ਤੋਂ ਜਾਣੂੰ ਕਰਾਵੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪਾਣੀ ਨੂੰ ਰੱਖਣ ਲਈ ਪੁਰਾਣੇ ਢੰਗ-ਤਰੀਕੇ ਅਪਣਾਈਏ। ਮਿੱਟੀ, ਤਾਂਬੇ ਤੇ ਕੱਚ ਦੇ ਬਰਤਨਾਂ ਵਿੱਚ ਹੀ ਪਾਣੀ ਸਮੇਤ ਹਰ ਤਰਲ ਪਦਾਰਥ ਨੂੰ ਰੱਖੀਏ ਤੇ ਵਰਤੀਏ।
ਇਸ ਨਾਲ ਸਾਡਾ ਆਪਣਾ ਵੀ ਭਲਾ ਹੋਵੇਗਾ ਤੇ ਸਮੁੱਚੀ ਕਾਇਨਾਤ ਦਾ ਵੀ। ਭਾਰਤ ਇਸ ਸਮੇਂ ਸਾਲਾਨਾ 35 ਲੱਖ ਟਨ ਪਲਾਸਟਿਕ ਕਚਰਾ ਪੈਦਾ ਕਰਦਾ ਹੈ। ਪਿਛਲੇ ਪੰਜ ਸਾਲਾਂ ਵਿੱਚ ਪ੍ਰਤੀ ਵਿਅਕਤੀ ਪਲਾਸਟਿਕ ਕਚਰਾ ਉਤਪਾਦਨ ਦੁੱਗਣਾ ਹੋ ਗਿਆ ਹੈ। ਇਸ ਸਮੇਂ ਪਲਾਸਟਿਕ ਕਚਰਾ ਵਾਤਾਵਰਨ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕਾ ਹੈ। ਪਲਾਸਟਿਕ ਕਚਰਾ ਹਵਾ ਪ੍ਰਦੂਸ਼ਣ ਨੂੰ ਵੀ ਵਧਾਉਂਦਾ ਹੈ। ਪਲਾਸਟਿਕ ਦੀਆਂ ਬੋਤਲਾਂ ਪਾਣੀ ਪੀਣ ਤੋਂ ਬਾਅਦ ਤੁਸੀਂ ਇਧਰ-ਉਧਰ ਸੁੱਟ ਦਿੰਦੇ ਹੋ, ਇਹ ਨਦੀਆਂ ਨਾਲਿਆਂ ਰਾਹੀਂ ਅੱਗੇ ਦੀ ਅੱਗੇ ਸਮੁੰਦਰੀ ਪਾਣੀਆਂ ਤੱਕ ਪੁੱਜ ਰਹੀਆਂ ਹਨ। ਇਸ ਤਰ੍ਹਾਂ ਇਹ ਜਲ ਜੀਵਾਂ ਲਈ ਵੀ ਖ਼ਤਰਾ ਬਣ ਚੁੱਕੀਆਂ ਹਨ। ਦੁਨੀਆ ਭਰ ਵਿੱਚ ਇਸ ਸਮੇਂ ਹਰ ਮਿੰਟ 10 ਲੱਖ ਪਲਾਸਟਿਕ ਦੀਆਂ ਬੋਤਲਾਂ ਖ਼ਰੀਦੀਆਂ ਜਾਂਦੀਆਂ ਹਨ। ਯੂਰੋ ਮਾਨੀਟਰ ਇੰਟਰਨੈਸ਼ਨਲ ਦੇ ਅੰਕੜੇ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ 480 ਅਰਬ ਤੋਂ ਵੱਧ ਬੋਤਲਾਂ ਵਿਕੀਆਂ ਸਨ। ਇਹ ਸਭ ਕੁਝ ਜਾਣਦੇ ਹੋਏ ਵੀ ਕੀ ਤੁਸੀਂ ਪਾਣੀ ਪੀਣ ਲਈ ਪਲਾਸਟਿਕ ਦੀਆਂ ਬੋਤਲਾਂ ਖ਼ਰੀਦੋਗੇ ਜਾਂ ਫਿਰ ਇਸ ਦਾ ਬਦਲ ਅਪਣਾਓਗੇ।